ਕੁੰਵਰ ਵਿਜੇ ਪ੍ਰਤਾਪ ਨੇ ਅਦਾਲਤ ਨੂੰ ਦਿੱਤੀ ਅਰਜ਼ੀ, ਬਾਦਲਾਂ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਫੈਲ ਰਹੀ ਇਹ ਗੱਲ

6/27/2020 12:41:52 AM

ਜਲੰਧਰ: ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਮਾਮਲਿਆਂ ਦੀ ਜਾਂਚ ਲਈ ਬਣਾਈ ਗਈ ਐਸ. ਆਈ. ਟੀ. ਦੇ ਇਕ ਪ੍ਰਮੁੱਖ ਮੈਂਬਰ ਆਈ. ਪੀ. ਐਸ. ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਵਲੋਂ ਜ਼ਿਲਾ ਅਤੇ ਸੈਸ਼ਨਜ਼ ਜੱਜ, ਫਰੀਦਕੋਟ ਦੀ ਅਦਾਲਤ ’ਚ ਇਕ ਅਰਜੀ ਦਾਇਰ ਕੀਤੀ ਗਈ ਹੈ। ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਇਸ ਅਰਜੀ ’ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦੋਸ਼ੀ ਲਿਖੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਹਾਲਾਂਕਿ ਐਸ. ਆਈ. ਟੀ. ਨੇ ਠੋੋਸ ਰੂਪ ’ਚ ਕਿਸੇ ਕੇਸ ’ਚ ਦੋਵੇਂ ਬਾਦਲਾਂ ਨੂੰ ਦੋਸ਼ੀ ਵਜੋਂ ਨਾਮਜ਼ਦ ਨਹੀਂ ਕੀਤਾ (ਜਿਵੇਂ ਕਿ ਸੋਸ਼ਲ ਮੀਡੀਆ ’ਤੇ ਦੱਸਿਆ ਜਾ ਰਿਹਾ ਹੈ) ਬਲਕਿ ਫਰੀਦਕੋਟ ਸੈਸ਼ਨ ਅਦਾਲਤ ’ਚ ਇਕ ਅਰਜ਼ੀ ’ਚ ਇਸ ਦਾ ਚਲਾਵਾਂ ਜ਼ਿਕਰ ਕੀਤਾ ਗਿਆ ਹੈ। 
ਦਾਇਰ ਅਰਜ਼ੀ ਦਾ ਮੰਤਵ ਤਾਂ ਕੋਈ ਹੋਰ ਹੈ ਪਰ ਇਸ ’ਚ ਇਹ ਜ਼ਿਕਰ ਕੀਤਾ ਗਿਆ ਹੈ ਕਿ ਦੋਵੇਂ ਬਾਦਲ ਇਨ੍ਹਾਂ ਦੋਹਾਂ ਮਾਮਲਿਆਂ ਨਾਲ ਸਬੰਧਤ ਕੁੱਝ ਕੇਸਾਂ ’ਚ ਦੋਸ਼ੀ ਹਨ ਪਰ ਸਰਕਾਰੀ ਤੌਰ ’ਤੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਪਤਾ ਲੱਗਾ ਹੈ ਕਿ ਇਹ ਸ਼ਬਦਾਵਲੀ ਇਸ ਤਰ੍ਹਾਂ ਲਿਖੀ ਹੋਈ ਹੈ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਐਰੇਡ ਐਜ਼ ਐਕਊਜ਼ਡ ਇਨ ਸਮ ਕੇਸਜ਼.। ਹਾਲਾਂਕਿ ਉਨ੍ਹਾਂ ਨੂੰ ਦੋਸ਼ੀ ਕਿਉਂ ਬਣਾਇਆ ਗਿਆ, ਕਿਹੜੀ ਧਾਰਾ ਉਨ੍ਹਾਂ ’ਤੇ ਲਾਈ ਹੈ ਆਦਿ ਦਾ ਕੋਈ ਜ਼ਿਕਰ ਇਸ ਅਰਜ਼ੀ ’ਚ ਨਹੀਂ ਕੀਤਾ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਇਹ ਅਰਜ਼ੀ ਜ਼ਿਲ੍ਹਾ ਅਟਾਰਨੀ (ਪ੍ਰੋਸੀਕਿਊਸ਼ਨ) ਰਾਹੀਂ ਦਾਇਰ ਕੀਤੀ ਗਈ ਦੱਸੀ ਜਾਂਦੀ ਹੈ।


Deepak Kumar

Content Editor Deepak Kumar