ਮੰਤਰੀ ਧਾਲੀਵਾਲ ਦਾ ਵੱਡਾ ਬਿਆਨ, ਕਿਹਾ-ਬਲਬੀਰ ਸਿੱਧੂ ਨਾਲ ਸੰਬੰਧਤ ਗਊਸ਼ਾਲਾ ਦੀ ਜ਼ਮੀਨ ਜਲਦੀ ਲਵਾਂਗੇ ਵਾਪਸ

Sunday, Jul 10, 2022 - 11:43 AM (IST)

ਮੰਤਰੀ ਧਾਲੀਵਾਲ ਦਾ ਵੱਡਾ ਬਿਆਨ, ਕਿਹਾ-ਬਲਬੀਰ ਸਿੱਧੂ ਨਾਲ ਸੰਬੰਧਤ ਗਊਸ਼ਾਲਾ ਦੀ ਜ਼ਮੀਨ ਜਲਦੀ ਲਵਾਂਗੇ ਵਾਪਸ

ਜਲੰਧਰ (ਧਵਨ)- ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਸੰਬੰਧਤ ਗਊਸ਼ਾਲਾ ਦੀ ਜ਼ਮੀਨ ਦੀ ਲੀਜ਼ ਰੱਦ ਕਰ ਦਿੱਤੀ ਗਈ ਹੈ। ਅਗਲੇ ਕੁਝ ਦਿਨਾਂ ਵਿੱਚ ਪੰਚਾਇਤੀ ਜ਼ਮੀਨ ਦੀ ਵਾਪਸੀ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਸਬੰਧੀ ਸਰਕਾਰ ਨੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਜ਼ਮੀਨ ਵਾਪਸ ਲੈਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ। ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਸੰਸਥਾ ਵੱਲੋਂ ਗਊਸ਼ਾਲਾ ਦੇ ਨਾਂ ’ਤੇ ਜ਼ਮੀਨ ਲੀਜ਼ ’ਤੇ ਲਈ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਲੀਜ਼ ਦੀ ਸਿਰਫ਼ ਇਕ ਸਾਲ ਦੀ ਰਕਮ ਹੀ ਜਮ੍ਹਾਂ ਕਰਵਾਈ ਗਈ। ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਸੰਸਥਾ ਤੋਂ ਬਕਾਇਆ ਲੀਜ਼ ਦੀ ਰਕਮ ਵਸੂਲਣ ਲਈ ਕਿਹਾ ਹੈ। ਪੰਜਾਬ ਵਿੱਚ ਪੰਚਾਇਤੀ ਜ਼ਮੀਨਾਂ ਨੂੰ ਲੈਣ ਦਾ ਕੰਮ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਅਤੇ ਅਗਸਤ ਮਹੀਨੇ ਵਿੱਚ ਸਰਕਾਰ ਆਪਣੀ ਕਾਰਵਾਈ ਤੇਜ਼ ਕਰੇਗੀ, ਜਿਸ ਤਹਿਤ ਪ੍ਰਭਾਵਸ਼ਾਲੀ ਲੋਕਾਂ ਤੋਂ ਲੀਜ਼ ’ਤੇ ਲਈਆਂ ਗਈਆਂ ਜ਼ਮੀਨਾਂ ਵਾਪਸ ਲਈਆਂ ਜਾਣਗੀਆਂ।

ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਜਿਨ੍ਹਾਂ ਲੋਕਾਂ ਨੂੰ ਦਿੱਤੀਆਂ ਗਈਆਂ ਸਨ, ਨੂੰ ਵਾਪਸ ਲੈਣ ਦੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ। ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਜੁੜੀ ਸੰਸਥਾ ‘ਬਾਲ ਗੋਪਾਲ ਗਊ ਬਸੇਰਾ ਵੈਲਫੇਅਰ ਸੁਸਾਇਟੀ’ ਦੀ ਲੀਜ਼ ਵੀ ਰੱਦ ਕਰ ਦਿੱਤੀ ਗਈ ਹੈ। ਇਸ ਗੈਰ-ਸਰਕਾਰੀ ਸੰਸਥਾ ਦਾ ਪਤਾ ਸਾਬਕਾ ਮੰਤਰੀ ਦੀ ਰਿਹਾਇਸ਼ ਦੱਸਿਆ ਗਿਆ ਹੈ।
ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਸ਼ਾਮਲਾਟ ਜ਼ਮੀਨ ’ਤੇ ਵਪਾਰਕ ਸਰਗਰਮੀਆਂ ਦੀ ਚਰਚਾ ਹੋਣ ਕਾਰਨ ਇਸ ਸੰਸਥਾ ’ਤੇ ਵੀ ਸਵਾਲ ਖੜ੍ਹੇ ਹੋ ਗਏ ਸਨ। ਇਸ ਸੰਸਥਾ ਨੇ ਪੰਜਾਬ ਸਰਕਾਰ ਦੀ 33 ਸਾਲ ਦੀ ਲੀਜ਼ ਨੀਤੀ ਤਹਿਤ ਗ੍ਰਾਮ ਪੰਚਾਇਤ ਬਲੌਂਗੀ ਤੋਂ 10 ਏਕੜ 4 ਕਨਾਲ ਸ਼ਾਮਲਾਟ ਜ਼ਮੀਨ ਐਕੁਆਇਰ ਕੀਤੀ ਸੀ। ਪੇਂਡੂ ਅਤੇ ਪੰਚਾਇਤ ਵਿਕਾਸ ਵਿਭਾਗ ਅਤੇ ਸੰਸਥਾ ਵਿਚਕਾਰ 7 ਅਕਤੂਬਰ 2020 ਨੂੰ ਹੋਏ ਸਮਝੌਤੇ ਤਹਿਤ ਇਹ ਲੀਜ਼ 25,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਦਿੱਤੀ ਗਈ ਸੀ। ਸੰਸਥਾ ਵੱਲੋਂ ਇਕ ਸਾਲ ਲਈ 2,62,500 ਰੁਪਏ ਦੀ ਲੀਜ਼ ਰਾਸ਼ੀ ਗ੍ਰਾਮ ਪੰਚਾਇਤ ਬਲੌਂਗੀ ਦੇ ਖਾਤੇ ਵਿੱਚ ਜਮ੍ਹਾਂ ਕਰਵਾਈ ਗਈ ਸੀ।

ਇਹ ਵੀ ਪੜ੍ਹੋ: CM ਮਾਨ ਦੀ ਕੇਂਦਰ ਸਰਕਾਰ ਤੋਂ ਕੀਤੀ ਮੰਗ 'ਤੇ ਰਾਜਾ ਵੜਿੰਗ ਨੇ ਲਈ ਚੁਟਕੀ, ਟਵੀਟ ਕਰਕੇ ਆਖੀ ਵੱਡੀ ਗੱਲ

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀ ਵਧੀਕ ਮੁੱਖ ਸਕੱਤਰ ਸੀਮਾ ਜੈਨ ਵੱਲੋਂ 6 ਜੁਲਾਈ ਨੂੰ ਜਾਰੀ ਹੁਕਮਾਂ ਅਨੁਸਾਰ ਇਸ ਤੋਂ ਬਾਅਦ ਸੰਸਥਾ ਨੇ ਕੋਈ ਵੀ ਲੀਜ਼ ਰਕਮ ਜਮ੍ਹਾਂ ਨਹੀਂ ਕਰਵਾਈ। ਲੀਜ਼ ਨੀਤੀ ਤਹਿਤ ਸਰਕਾਰ ਸਰਕਾਰੀ ਸ਼ਰਤਾਂ ਦੀ ਉਲੰਘਣਾ ਹੋਣ ਕਾਰਨ ਬਿਨਾਂ ਨੋਟਿਸ ਦਿੱਤੇ ਲੀਜ਼ ਰੱਦ ਕਰ ਸਕਦੀ ਹੈ। ਇਸ ਲੀਜ਼ ਨੂੰ ਰੱਦ ਕਰਨ ਦੇ ਹੁਕਮ ਜਾਰੀ ਕਰਦਿਆਂ ਵਿਭਾਗ ਨੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਮੁਹਾਲੀ ਨੂੰ ਬਕਾਇਆ ਰਾਸ਼ੀ ਦੀ ਵਸੂਲੀ ਕਰ ਕੇ ਗ੍ਰਾਮ ਪੰਚਾਇਤ ਦੇ ਖਾਤੇ ਵਿੱਚ ਜਮ੍ਹਾਂ ਕਰਵਾਉਣ ਅਤੇ ਇਸ ਸਬੰਧੀ ਢਿੱਲ ਵਰਤਣ ਵਾਲੇ ਅਧਿਕਾਰੀਆਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।

ਸਰਕਾਰ ਨੇ ਬਿਨਾਂ ਨੋਟਿਸ ਦਿੱਤੇ ਕਾਰਵਾਈ ਕੀਤੀ: ਬਲਬੀਰ ਸਿੱਧੂ
ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਉਪਰੋਕਤ ਕਾਰਵਾਈ ਲੀਜ਼ ਦੀ ਰਕਮ ਜਮ੍ਹਾਂ ਕਰਵਾਉਣ ਦੀ ਮਿਤੀ ਤੋਂ ਸਿਰਫ 6 ਦਿਨ ਉਪਰ ਨਿਕਲ ਜਾਣ ’ਤੇ ਹੀ ਕੀਤੀ ਗਈ ਹੈ । ਉਹ ਲੀਜ਼ ਦੀ ਰਕਮ ਵਿਆਜ ਸਮੇਤ ਜਮ੍ਹਾਂ ਕਰਵਾ ਸਕਦੇ ਹਨ ਪਰ ਸਰਕਾਰ ਨੇ ਬਿਨਾਂ ਕੋਈ ਨੋਟਿਸ ਦਿੱਤੇ ਇਹ ਕਾਰਵਾਈ ਕੀਤੀ ਹੈ। ਅਸੀਂ ਸਰਕਾਰ ਵੱਲੋਂ ਗਊਸ਼ਾਲਾ ਦੀ ਲੀਜ਼ ਖਤਮ ਕਰਨ ਦੇ ਮਾਮਲੇ ਨੂੰ ਅਦਾਲਤ ਵਿੱਚ ਚੁਣੌਤੀ ਦੇਵਾਂਗੇ ਅਤੇ ਅਦਾਲਤ ਤੋਂ ਰਾਹਤ ਲੈਣ ਦੀ ਪੂਰੀ ਕੋਸ਼ਿਸ਼ ਕਰਾਂਗੇ।

PunjabKesari

‘ਆਪ’ ਤੇ ਸਾਬਕਾ ਮੰਤਰੀਆਂ ਵਿਚਾਲੇ ਟਕਰਾਅ ਤੇਜ਼
ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸਾਬਕਾ ਮੰਤਰੀਆਂ ਵਿਚਾਲੇ ਟਕਰਾਅ ਤੇਜ਼ ਹੋ ਗਿਆ ਹੈ। ਹੁਣ ਤੱਕ ਭਗਵੰਤ ਮਾਨ ਸਰਕਾਰ ਨੇ ਇੱਕ ਸਾਬਕਾ ਕਾਂਗਰਸੀ ਮੰਤਰੀ ਡਾ. ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਨ ਸਰਕਾਰ ਨੇ ਆਪਣੇ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਨੂੰ ਵੀ ਗ੍ਰਿਫਤਾਰ ਕੀਤਾ ਹੈ ਪਰ ਹੁਣ ਉਹ ਜ਼ਮਾਨਤ ’ਤੇ ਬਾਹਰ ਹਨ। ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਕਈ ਸਾਬਕਾ ਮੰਤਰੀਆਂ ਖਿਲਾਫ ਵੀ ਜਲਦ ਹੀ ਕਾਰਵਾਈ ਸ਼ੁਰੂ ਹੋਣ ਵਾਲੀ ਹੈ।

ਇਹ ਵੀ ਪੜ੍ਹੋ: ਚੰਡੀਗੜ੍ਹ ਸਕੂਲ ਹਾਦਸੇ ’ਚ ਮਾਰੀ ਗਈ ਹਿਰਾਕਸ਼ੀ ਦਾ ਹੋਇਆ ਸਸਕਾਰ, ਰੋ-ਰੋ ਬੇਹਾਲ ਹੋਏ ਮਾਪੇ

ਕਾਂਗਰਸ ਦੇ ਦਰਮਿਆਨੇ ਪੱਧਰ ਦੇ ਸਾਬਕਾ ਚੇਅਰਮੈਨ ਵੀ ਨਿਸ਼ਾਨੇ ’ਤੇ
ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਾਂਗਰਸ ਦੇ ਦਰਮਿਆਨੇ ਪੱਧਰ ਦੇ ਕਈ ਸਾਬਕਾ ਚੇਅਰਮੈਨ ਭਗਵੰਤ ਮਾਨ ਸਰਕਾਰ ਦੇ ਨਿਸ਼ਾਨੇ ’ਤੇ ਹਨ। ਵਿਜੀਲੈਂਸ ਆਉਣ ਵਾਲੇ ਦਿਨਾਂ ’ਚ ਕਾਂਗਰਸ ਦੇ ਕਈ ਸਾਬਕਾ ਚੇਅਰਪਰਮੈਨਾਂ ’ਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਦਬਾਅ ਪਾ ਸਕਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਇਸ ਸਬੰਧੀ ਕਈ ਵਾਰ ਸੰਕੇਤ ਦੇ ਚੁੱਕੇ ਹਨ ਕਿ ਪੰਜਾਬ ਨੂੰ ਲੁੱਟਣ ਵਾਲੇ ਕਿਸੇ ਵੀ ਆਗੂ ਨੂੰ ਬਖਸ਼ਿਆ ਨਹੀਂ ਜਾਵੇਗਾ। ਪੰਜਾਬ ਦੇ ਇਨ੍ਹਾਂ ਆਗੂਆਂ ਤੋਂ ਭ੍ਰਿਸ਼ਟਾਚਾਰ ਦਾ ਪੈਸਾ ਵੀ ਬਰਾਮਦ ਕੀਤਾ ਜਾਵੇਗਾ ਅਤੇ ਇਨ੍ਹਾਂ ਵੱਲੋਂ ਬਣਾਈਆਂ ਜਾਇਦਾਦਾਂ ਵੀ ਸਰਕਾਰ ਜ਼ਬਤ ਕਰ ਲਵੇਗੀ।

ਇਹ ਵੀ ਪੜ੍ਹੋ: ਧੀ ਨਾਲ ਜਬਰ-ਜ਼ਿਨਾਹ ਕਰ ਗਰਭਵਤੀ ਕਰਨ ਵਾਲੇ ਦੋਸ਼ੀ ਪਿਓ ਤੇ ਭਰਾ ਨੂੰ ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News