ਕੁਲਦੀਪ ਧਾਲੀਵਾਲ ਵੱਲੋਂ ਸੂਬੇ ਦੀਆਂ 13 ਰਾਸ਼ਟਰੀ ਪੁਰਸਕਾਰ ਜੇਤੂ ਪੰਚਾਇਤੀ ਰਾਜ ਸੰਸਥਾਵਾਂ ਦਾ ਸਨਮਾਨ
Monday, Apr 25, 2022 - 05:48 PM (IST)
ਚੰਡੀਗੜ੍ਹ : ਕੇਂਦਰੀ ਦਿਹਾਤੀ ਵਿਕਾਸ ਮੰਤਰਾਲੇ ਨੇ ਸਾਲ 2020-21 ਲਈ ਦੀਨਦਿਆਲ ਉਪਾਧਿਆਏ ਪੰਚਾਇਤ ਸਸ਼ਕਤੀਕਰਨ ਐਵਾਰਡ ਅਤੇ ਨਾਨਾ ਜੀ ਦੇਸ਼ਮੁਖ ਪੁਰਸਕਾਰ ਦਿੱਤੇ ਹਨ। ਇਹ ਐਵਾਰਡ ਪੰਚਾਇਤੀ ਰਾਜ ਸੰਸਥਾਵਾਂ ਨੂੰ ਹਰ ਸਾਲ ਚੰਗੀ ਕਾਰਗੁਜ਼ਾਰੀ ਲਈ ਦਿੱਤੇ ਜਾਂਦੇ ਹਨ। ਪੰਜਾਬ ਦੀਆਂ ਪੰਚਾਇਤੀ ਰਾਜ ਸੰਸਥਾਵਾਂ ਨੇ ਇਸ ਸਾਲ 13 ਐਵਾਰਡ ਹਾਸਲ ਕਰਕੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। ਪੰਜਾਬ ਦੇ ਪੇਂਡੂ ਵਿਕਾਸ ਮੰਤਰੀ ਕੁਲਦੀਪ ਧਾਲੀਵਾਲ ਨੇ ਅੱਜ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਕਰਵਾਏ ਸਮਾਗਮ ਦੌਰਾਨ ਸੂਬੇ ਦੀਆਂ ਸਾਰੀਆਂ 13 ਅਵਾਰਡ ਜੇਤੂ ਪੰਚਾਇਤੀ ਰਾਜ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਸਨਮਾਨਿਤ ਕੀਤਾ। ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਨੇ ਸਾਰੇ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੰਦਿਆਂ ਪੰਚਾਇਤਾਂ ਨੂੰ ਸਰਕਾਰੀ ਗਰਾਂਟਾਂ ਦੀ ਬਿਨਾਂ ਕਿਸੇ ਭੇਦਭਾਵ ਦੇ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਵਰਤੋਂ ਕਰਨ ਦਾ ਸਪੱਸ਼ਟ ਸੰਦੇਸ਼ ਦਿੱਤਾ। ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਪੰਚਾਇਤਾਂ ਨੂੰ ਉਨ੍ਹਾਂ ਦੇ ਚੰਗੇ ਕੰਮ ਲਈ ਪੂਰਾ ਸਹਿਯੋਗ ਦੇਵੇਗੀ ਅਤੇ ਉਨ੍ਹਾਂ ਦਾ ਸਨਮਾਨ ਕਰੇਗੀ।
ਇਸ ਤੋਂ ਪਹਿਲਾਂ ਪੰਜਾਬ ਦੇ ਪੇਂਡੂ ਵਿਕਾਸ ਮੰਤਰੀ ਨੇ 1 ਜੂਨ, 2022 ਤੋਂ ਐਵਾਰਡ ਜੇਤੂ ਪਿੰਡਾਂ ਤੋਂ ਗ੍ਰਾਮ ਸਭਾ ਇਜਲਾਸ ਸ਼ੁਰੂ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਸੂਬੇ ਦੇ ਸਾਰੇ ਪਿੰਡਾਂ ਵਿਚ ਗ੍ਰਾਮ ਸਭਾਵਾਂ ਕਰਵਾਈਆਂ ਜਾਣਗੀਆਂ ਜਿਸ ਲਈ ਵਿਭਾਗ ਵੱਲੋਂ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਪੇਂਡੂ ਵਿਕਾਸ ਮੰਤਰੀ ਨੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਆਪਣੇ ਪਿੰਡਾਂ ਦੇ ਵਿਕਾਸ ਲਈ ਪੰਚਾਇਤੀ ਰਾਜ ਸੰਸਥਾਵਾਂ ਦੀਆਂ ਚੋਣਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਵੀ ਦਿੱਤਾ। ਉਨ੍ਹਾਂ ਐਵਾਰਡ ਜੇਤੂ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਹੋਰਨਾਂ ਪੰਚਾਇਤਾਂ ਲਈ ਰੋਲ ਮਾਡਲ ਬਣਨ ਅਤੇ ਹੋਰਨਾਂ ਨੂੰ ਵੀ ਉਨ੍ਹਾਂ ਦੇ ਰਾਹ 'ਤੇ ਚੱਲਣ ਲਈ ਪ੍ਰੇਰਿਤ ਕਰਨ।
ਪੁਰਸਕਾਰ ਜਿੱਤਣ ਵਾਲੀਆਂ ਸੰਸਥਾਵਾਂ ਵਿੱਚ 7 ਗ੍ਰਾਮ ਪੰਚਾਇਤਾਂ- 2 ਬਲਾਕ ਸਮਿਤੀਆਂ-1 ਜ਼ਿਲ੍ਹਾ ਪ੍ਰੀਸ਼ਦ ਨੂੰ ਦੀਨਦਿਆਲ ਉਪਾਧਿਆਏ ਪੰਚਾਇਤ ਸਸ਼ਕਤੀਕਰਨ ਪੁਰਸਕਾਰ, 1 ਗ੍ਰਾਮ ਸਭਾ ਨੂੰ ਨਾਨਾ ਜੀ ਦੇਸ਼ਮੁਖ ਰਾਸ਼ਟਰੀ ਗੌਰਵ ਪੁਰਸਕਾਰ, 1 ਗ੍ਰਾਮ ਪੰਚਾਇਤ ਵਿਕਾਸ ਯੋਜਨਾ ਪੁਰਸਕਾਰ, 1 ਬਾਲ ਮਿੱਤਰਗ੍ਰਾਮ ਪੰਚਾਇਤ ਪੁਰਸਕਾਰ ਸ਼ਾਮਲ ਹਨ। ਜੇਤੂ ਜ਼ਿਲ੍ਹਾ ਪ੍ਰੀਸ਼ਦ ਨੂੰ 50 ਲੱਖ ਰੁਪਏ, ਪੰਚਾਇਤ ਸਮਿਤੀਆਂ ਨੂੰ 25 ਲੱਖ ਰੁਪਏ, ਗ੍ਰਾਮ ਸਭਾ ਨੂੰ 10 ਲੱਖ ਰੁਪਏ, ਗ੍ਰਾਮ ਪੰਚਾਇਤਾਂ ਨੂੰ 5 ਲੱਖ ਰੁਪਏ ਤੋਂ ਇਲਾਵਾ ਹੋਰਨਾਂ ਕੰਮਾਂ ਲਈ 3 ਲੱਖ ਰੁਪਏ ਵਾਧੂ ਦਿੱਤੇ ਜਾਂਦੇ ਹਨ।
ਇਨਾਮ ਜਿੱਤਣ ਵਾਲੀਆਂ ਸੰਸਥਾਵਾਂ ਵਿੱਚ ਜ਼ਿਲ੍ਹਾ ਪ੍ਰੀਸ਼ਦ ਪਟਿਆਲਾ, ਬਲਾਕ ਸਮਿਤੀਆਂ ਮਾਛੀਵਾੜਾ, ਜ਼ਿਲ੍ਹਾ ਲੁਧਿਆਣਾ, ਬਲਾਕ ਸਮੰਤੀ ਕਪੂਰਥਲਾ ਜ਼ਿਲ੍ਹਾ ਕਪੂਰਥਲਾ, ਗ੍ਰਾਮ ਪੰਚਾਇਤਾਂ ਰਾਏਖਾਨਾ ਬਠਿੰਡਾ, ਰੋਹਲੇ ਲੁਧਿਆਣਾ, ਨਗਲ ਗੜ੍ਹੀਆਂ-ਐੱਸ.ਏ.ਐੱਸ. ਨਗਰ, ਭੁਟਾਲ ਕਲਾਂ-ਸੰਗਰੂਰ, ਨੂਰਪੁਰ ਜੱਟਾਂ-ਕਪੂਰਥਲਾ, ਤਲਵੰਡੀ ਸੰਘੇੜਾ-ਜਲੰਧਰ, ਦਬੁਰਜੀ-ਹੁਸ਼ਿਆਰਪੁਰ ਸ਼ਾਮਲ ਹਨ। ਇਸ ਤੋਂ ਇਲਾਵਾ ਪਿੰਡ ਚਹਿਲਾਂ ਜ਼ਿਲ੍ਹਾ ਲੁਧਿਆਣਾ ਨੂੰ ਨਾਨਾ ਜੀ ਦੇਸ਼ਮੁਖ ਰਾਸ਼ਟਰੀ ਗੌਰਵ ਸਭਾ ਪੁਰਸਕਾਰ, ਪਿੰਡ ਮਾਣਕ ਖਾਨਾ ਜ਼ਿਲ੍ਹਾ ਬਠਿੰਡਾ ਨੂੰ ਪੰਚਾਇਤ ਵਿਕਾਸ ਯੋਜਨਾ ਪੁਰਸਕਾਰ ਅਤੇ ਮਨਸੂਰਵਾਲ ਬੇਟ ਜ਼ਿਲ੍ਹਾ ਕਪੂਰਥਲਾ ਨੂੰ ਬਾਲ ਮਿੱਤਰਗ੍ਰਾਮ ਪੰਚਾਇਤ ਪੁਰਸਕਾਰ ਮਿਲਿਆ।