ਅਚਾਨਕ ਗਾਇਬ ਹੋਏ ਕੁਲਬੀਰ ਸਿੰਘ ਜ਼ੀਰਾ
Thursday, Jan 17, 2019 - 05:36 PM (IST)

ਜਲੰਧਰ— ਕਾਂਗਰਸ ਪਾਰਟੀ 'ਚੋਂ ਮੁਅੱਤਲ ਕੀਤੇ ਗਏ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੀਰਵਾਰ ਅਚਾਨਕ ਗਾਇਬ ਹੋ ਗਏ ਹਨ। ਉਨ੍ਹਾਂ ਦੇ ਚੰਡੀਗੜ੍ਹ ਸਥਿਤ ਘਰ ਦੇ ਬਾਹਰ ਉਨ੍ਹਾਂ ਨੂੰ ਮਿਲਣ ਵਾਲੇ ਲੋਕਾਂ ਦੀ ਕਤਾਰ ਲੱਗੀ ਹੋਈ ਹੈ ਪਰ ਜੀਰਾ ਘਰ 'ਚ ਨਹੀਂ ਹਨ। ਉਨ੍ਹਾਂ ਦੇ ਸਾਰੇ ਫੋਨ ਬੰਦ ਜਾ ਰਹੇ ਹਨ ਅਤੇ ਇਕ ਫੋਨ ਉਨ੍ਹਾਂ ਦੇ ਪੀ. ਏ. ਵੱਲੋਂ ਚੁੱਕਿਆ ਜਾ ਰਿਹਾ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਉਹ ਚੰਡੀਗੜ੍ਹ 'ਚ ਨਹੀਂ ਹਨ। 'ਜਗ ਬਾਣੀ' ਨੂੰ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਜ਼ੀਰਾ ਦਿੱਲੀ 'ਚ ਹਨ ਅਤੇ ਉਹ ਕਾਂਗਰਸ ਹਾਈ ਕਮਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਜਾ ਰਹੇ ਹਨ। ਇਹ ਮੁਲਾਕਾਤ ਹਾਈ ਕਮਾਨ ਦੀ ਪਹਿਲ 'ਤੇ ਹੋ ਰਹੀ ਹੈ ਜਾਂ ਜ਼ੀਰਾ ਖੁਦ ਮਿਲਣ ਗਏ ਹਨ, ਇਸ ਨੂੰ ਲੈ ਕੇ ਸਥਿਤੀ ਸਾਫ ਨਹੀਂ ਹੋਈ ਹੈ ਪਰ ਕਾਂਗਰਸ ਹਾਈ ਕਮਾਨ ਨੇ ਜ਼ੀਰਾ ਦੀ ਬਰਖਾਸਤਗੀ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਉਨ੍ਹਾਂ ਦੀ ਗੱਲ ਸੁਣੇ ਜਾਣ ਦੀ ਚਰਚਾ ਵੀ ਹੈ। ਦੱਸਿਆ ਜਾ ਰਿਹਾ ਹੈ ਕੁਲਬੀਰ ਜ਼ੀਰਾ ਵੀਰਵਾਰ ਦੇਰ ਸ਼ਾਮ ਤੱਕ ਵਾਪਸ ਪਰਤ ਸਕਦੇ ਹਨ ਅਤੇ ਜੇਕਰ ਅੱਜ ਹਾਈ ਕਮਾਨ ਨਾਲ ਮੁਲਾਕਾਤ ਸੰਭਵ ਨਾ ਹੋਈ ਤਾਂ ਜ਼ੀਰਾ ਦੀ ਵਾਪਸੀ ਕੱਲ੍ਹ ਤੱਕ ਟਲ ਵੀ ਸਕਦੀ ਹੈ। ਇਸ ਦਰਮਿਆਨ ਜ਼ੀਰਾ ਦੇ ਦਫਤਰ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹ ਅੰਮ੍ਰਿਤਸਰ ਵਿਖੇ ਕਿਸੇ ਭੋਗ 'ਤੇ ਗਏ ਹਨ ਪਰ ਕਿਸੇ ਦੇ ਭੋਗ 'ਤੇ ਗਏ ਹਨ, ਇਹ ਸਥਿਤੀ ਸਾਫ ਨਹੀਂ ਹੋ ਸਕੀ।