ਪਿਛਲੇ ਤਿੰਨ ਸਾਲਾਂ ਤੋਂ ਬੰਦ ਹੈ ਕੋਟਲੀ ਹਰਚੰਦਾਂ ਦੀ ਵਾਟਰ ਸਪਲਾਈ
Thursday, Jul 26, 2018 - 12:13 AM (IST)

ਕਾਹਨੂੰਵਾਨ/ਗੁਰਦਾਸਪੁਰ, (ਵਿਨੋਦ)- ਸੂਬਾ ਅਤੇ ਕੇਂਦਰ ਸਰਕਾਰਾਂ ਪੰਚਾਇਤੀਕਰਨ ਰਾਜ ਨੂੰ ਮਜ਼ਬੂਤ ਕਰਨ ਦੇ ਨਾਂ ਹੇਠ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨ ਵਾਲੇ ਸਰਕਾਰੀ ਮਹਿਕਮਿਆਂ ਨੂੰ ਤੋਡ਼ ਕੇ ਲੋਕ ਕਲਿਆਣ ਦੀ ਜ਼ਿੰਮੇਵਾਰੀ ਤੋਂ ਪਾਸਾ ਵੱਟ ਰਹੀਆਂ ਹਨ।
ਇਹ ਵਿਚਾਰ ਨੇਡ਼ਲੇ ਪਿੰਡ ਕੋਟਲੀ ਹਰਚੰਦਾਂ ਦੀ ਗ੍ਰਾਮ ਪੰਚਾਇਤ ਅਤੇ ਆਮ ਲੋਕਾਂ ਨੇ ਪੱਤਰਕਾਰਾਂ ਨੂੰ ਮਿਲ ਕੇ ਪ੍ਰਗਟ ਕੀਤੇ। ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ ਵਾਟਰ ਸਪਲਾਈ ਨੂੰ ਪਿਛਲੇ ਕਈ ਸਾਲਾਂ ਤੋਂ ਪੰਚਾਇਤ ਦੇ ਹਵਾਲੇ ਕਰ ਦਿੱਤਾ ਗਿਆ ਸੀ ਅਤੇ ਪਿਛਲੇ ਤਿੰਨ ਸਾਲਾਂ ਤੋਂ ਇਹ ਵਾਟਰ ਸਪਲਾਈ ਚਿੱਟਾ ਹਾਥੀ ਬਣ ਕੇ ਰਹਿ ਗਈ ਹੈ ਅਤੇ ਪਿੰਡ ਵਾਸੀ ਪੀਣ ਵਾਲੇ ਸਾਫ਼ ਪਾਣੀ ਤੋਂ ਵਿਰਵੇ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਪਿੰਡ ਬੇਟ ਇਲਾਕੇ ਵਿਚ ਹੋਣ ਕਾਰਨ ਧਰਤੀ ਹੇਠਲਾ ਪਾਣੀ ਬਹੁਤ ਪ੍ਰਦੂਸ਼ਿਤ ਹੋ ਚੁੱਕਾ ਹੈ ਅਤੇ ਇਹ ਕਿਸੇ ਵੀ ਤਰ੍ਹਾਂ ਸਾਫ਼ ਕਰ ਕੇ ਉਨ੍ਹਾਂ ਦੇ ਪੀਣ ਯੋਗ ਨਹੀਂ ਰਿਹਾ। ਇਸ ਲਈ ਵਾਟਰ ਸਪਲਾਈ ਦਾ ਡੂੰਘਾ ਅਤੇ ਸਾਫ਼ ਪਾਣੀ ਪ੍ਰਾਪਤ ਕਰਨ ਤੋਂ ਸਿਵਾਏ ਉਨ੍ਹਾਂ ਕੋਲ ਕੋਈ ਹੋਰ ਹੱਲ ਨਹੀਂ ਹੈ ਪਰ ਸਰਕਾਰ ਵੱਲੋਂ ਉਨ੍ਹਾਂ ਦੇ ਪਿੰਡ ਦੀ ਵਾਟਰ ਸਪਲਾਈ ਸਕੀਮ ਨੂੰ ਪੰਚਾਇਤ ਅਧੀਨ ਕਰ ਦੇਣ ਤੋਂ ਬਾਅਦ ਇਸ ਸਕੀਮ ਨੂੰ ਚਾਲੂ ਰੱਖਣਾ ਅਸੰਭਵ ਹੋ ਗਿਆ ਸੀ, ਇਸ ਕਾਰਨ ਇਹ ਸਕੀਮ ਪਿਛਲੇ ਤਿੰਨ ਸਾਲਾਂ ਤੋਂ ਬੰਦ ਪਈ ਹੈ, ਜਿਸ ਕਾਰਨ ਪਿੰਡ ਵਾਸੀਆਂ ਨੂੰ ਦੂਸ਼ਿਤ ਪਾਣੀ ਦੀ ਵਰਤੋਂ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਪਿੰਡ ਦੀ ਵਾਟਰ ਸਪਲਾਈ ਨੂੰ ਸਰਕਾਰ ਫਿਰ ਤੋਂ ਆਪਣੇ ਅਧਿਕਾਰ ਵਿਚ ਲੈ ਕੇ ਚਾਲੂ ਕਰਵਾਏ, ਤਾਂ ਜੋ ਉਨ੍ਹਾਂ ਨੂੰ ਸਾਫ਼ ਪਾਣੀ ਮਿਲਣ ਦਾ ਮੁੱਢਲਾ ਅਧਿਕਾਰ ਪ੍ਰਾਪਤ ਹੋ ਸਕੇ। ਇਸ ਮੌਕੇ ਰੋਸ ਕਰਨ ਵਾਲਿਆਂ ਵਿਚ ਸਰਪੰਚ ਓਮ ਪ੍ਰਕਾਸ਼ ਤੇ ਪੰਚ ਰਾਮ ਲਾਲ, ਪੰਚ ਪ੍ਰੇਮ ਸਿੰਘ, ਪੰਚ ਬੀਰਾ ਮਸੀਹ ਅਤੇ ਪਿੰਡ ਵਾਸੀ ਸੁਲੱਖਣ ਸਿੰਘ, ਰਣਜੀਤ ਸਿੰਘ, ਹਰਦੇਵ ਸਿੰਘ, ਰਜਿੰਦਰ ਸਿੰਘ, ਰੋਹਿਤ ਕੁਮਾਰ ਆਦਿ ਹਾਜ਼ਰ ਸਨ।