ਪੰਜਾਬ ਵਾਸੀਆਂ ਲਈ ਚੰਗੀ ਖ਼ਬਰ, ਜਾਣੋ ਕਦੋਂ ਸ਼ੁਰੂ ਹੋਵੇਗੀ ਕਣਕ/ਆਟੇ ਦੀ ਹੋਮ ਡਲਿਵਰੀ
Monday, Jan 29, 2024 - 06:58 PM (IST)
ਚੰਡੀਗੜ੍ਹ : ਪੰਜਾਬ ਵਿਚ ਅਗਲੇ ਮਹੀਨੇ ਕਣਕ/ਆਟੇ ਦੀ ਹੋਮ ਡਲਿਵਰੀ ਸ਼ੁਰੂ ਹੋ ਸਕਦੀ ਹੈ। ਇਸ ਨੂੰ ਸਰਕਾਰ ਬਸੰਤ ਪੰਚਮੀ ਤੋਂ ਸ਼ੁਰੂ ਕਰਨ ਦੀ ਵਿਉਂਤ ਬਣਾ ਰਹੀ ਹੈ। ਸੂਤਰਾਂ ਮੁਤਾਬਕ ਮੁੱਢਲੇ ਪੜਾਅ ’ਚ ਹੋਮ ਡਲਿਵਰੀ ਨੂੰ ਸੀਮਤ ਰੱਖਿਆ ਜਾਵੇਗਾ ਅਤੇ ਦੂਸਰੇ ਪੜਾਅ ਵਿਚ ਵਿਸਥਾਰ ਦਿੱਤਾ ਜਾਵੇਗਾ। ਮੌਜੂਦਾ ਸਰਕਾਰ ਦੇ ਮਾਰਚ ਵਿਚ ਦੋ ਸਾਲ ਪੂਰੇ ਹੋ ਰਹੇ ਹਨ ਅਤੇ ਅੱਧ ਫਰਵਰੀ ਤੋਂ ਸਰਕਾਰ ਹੋਮ ਡਲਿਵਰੀ ਸ਼ੁਰੂ ਕਰ ਸਕਦੀ ਹੈ। ਫਰਵਰੀ ਵਿਚ 6.50 ਲੱਖ ਰਾਸ਼ਨ ਕਾਰਡ ਹੋਲਡਰਾਂ ਨੂੰ ਕਣਕ ਜਾਂ ਆਟੇ ਦੀ ਹੋਮ ਡਲਿਵਰੀ ਸ਼ੁਰੂ ਕੀਤੀ ਜਾ ਸਕਦੀ ਹੈ ਜਿਸ ਨਾਲ ਕਰੀਬ 30 ਲੱਖ ਲਾਭਪਾਤਰੀਆਂ ਨੂੰ ਲਾਭ ਮਿਲੇਗਾ। ਪੰਜਾਬ ਸਰਕਾਰ ਨੇ ਪਹਿਲੀ ਕੈਬਨਿਟ ਵਿਚ ਹੀ ਹੋਮ ਡਲਿਵਰੀ ਦਾ ਫ਼ੈਸਲਾ ਕਰ ਲਿਆ ਸੀ ਪਰ ਹਾਈ ਕੋਰਟ ’ਚ ਇਸ ਸਕੀਮ ਨੂੰ ਚੁਣੌਤੀ ਮਿਲ ਗਈ ਸੀ। ਹੋਮ ਡਲਿਵਰੀ ਦਾ ਕੰਮ ਲਗਾਤਾਰ ਲਟਕਦਾ ਆ ਰਿਹਾ ਹੈ। ਪੰਜਾਬ ਵਿਚ ਇਸ ਸਮੇਂ 1.54 ਕਰੋੜ ਲਾਭਪਾਤਰੀ ਹਨ ਜਿਨ੍ਹਾਂ ਨੂੰ ਕਣਕ ਜਾਂ ਆਟਾ ਦਿੱਤਾ ਜਾਣਾ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਮੌਸਮ ਨੂੰ ਲੈ ਕੇ ਹੋਈ ਨਵੀਂ ਭਵਿੱਖਬਾਣੀ, ਜਾਰੀ ਹੋਇਆ ਮੀਂਹ ਦਾ ਅਲਰਟ
ਪੰਜਾਬ ਸਰਕਾਰ ਦੇ ਉੱਚ ਪੱਧਰੀ ਸੂਤਰ ਦੱਸਦੇ ਹਨ ਕਿ ‘ਹੋਮ ਡਲਿਵਰੀ ਸਕੀਮ’ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਵੱਲੋਂ ਫਰਵਰੀ ਦੇ ਅੱਧ ਵਿਚ ਕੀਤੀ ਜਾਣ ਵਾਲੀ ਰੈਲੀ ਵਿਚ ਕੀਤੀ ਜਾਵੇਗੀ ਅਤੇ ਇਸ ਯੋਜਨਾ ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਕਰਨਗੇ। ਪਹਿਲਾਂ ਇਸ ਦੀ ਸ਼ੁਰੂਆਤ 27 ਜਨਵਰੀ ਨੂੰ ਕਰਨ ਦੀ ਯੋਜਨਾ ਸੀ ਪਰ ਠੰਡ ਦੇ ਮੌਸਮ ਕਰ ਕੇ ਇਸ ਨੂੰ ਫਰਵਰੀ ’ਚ ਕਰ ਦਿੱਤਾ ਗਿਆ ਹੈ। ‘ਆਪ’ ਦੇ ਸੀਨੀਅਰ ਆਗੂ ਇਸ ਸਕੀਮ ਦੀ ਸ਼ੁਰੂਆਤ ਲਈ ਫਤਿਹਗੜ੍ਹ ਸਾਹਿਬ, ਫ਼ਰੀਦਕੋਟ ਜਾਂ ਫਿਰੋਜ਼ਪੁਰ ਸੰਸਦੀ ਹਲਕਿਆਂ ’ਚੋਂ ਸਥਾਨ ਦੀ ਚੋਣ ਕਰ ਰਹੇ ਹਨ। ਵੇਰਵਿਆਂ ਅਨੁਸਾਰ ਸਾਲ ਦੀ ਆਖਰੀ ਤਿਮਾਹੀ (ਜਨਵਰੀ ਤੋਂ ਮਾਰਚ 2024) ਦੀ ਕਣਕ ਹਾਲੇ ਤੱਕ ਵੰਡੀ ਨਹੀਂ ਗਈ ਹੈ। ਇਹ ਸਕੀਮ ਲਾਗੂ ਹੋਣ ਮਗਰੋਂ ਕਣਕ ਜਾਂ ਆਟਾ ਤਿਮਾਹੀ ਆਧਾਰ ’ਤੇ ਨਹੀਂ ਸਗੋਂ ਮਹੀਨਾਵਾਰ ਆਧਾਰ ’ਤੇ ਵੰਡਿਆ ਜਾਵੇਗਾ। ਸੂਬਾ ਸਰਕਾਰ ਨੇ ਇਸ ਸਕੀਮ ਲਈ 670 ਕਰੋੜ ਰੁਪਏ ਸਾਲਾਨਾ ਰੱਖੇ ਹਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਭਾਜਪਾ ਦੇ ਸੀਨੀਅਰ ਆਗੂ ਅਰਵਿੰਦ ਖੰਨਾ ਈ. ਡੀ. ਦੀ ਰਡਾਰ ’ਤੇ
ਖੁਰਾਕ ਅਤੇ ਸਪਲਾਈ ਵਿਭਾਗ ਦੇ ਅਧਿਕਾਰੀ ਦੱਸਦੇ ਹਨ ਹੈ ਕਿ ਸਰਕਾਰ ਵੱਲੋਂ ਸ਼ੁਰੂ ਵਿਚ ਸਰਕਾਰੀ ਡਿਪੂਆਂ ਰਾਹੀਂ ਹੀ ਇਹ ਸਕੀਮ ਚਲਾਈ ਜਾਵੇਗੀ। ਇਸੇ ਤਰ੍ਹਾਂ ਨੋਡਲ ਏਜੰਸੀ ਮਾਰਕਫੈੱਡ ਨੇ ਇਸ ਸਕੀਮ ਨੂੰ ਚਲਾਉਣ ਲਈ 800 ਮਾਡਲ ਵਾਜਬ ਕੀਮਤ ਦੀਆਂ ਦੁਕਾਨਾਂ ਬਣਾਈਆਂ ਹਨ। ਇਨ੍ਹਾਂ ਦੁਕਾਨਾਂ ਨੂੰ ਚਲਾਉਣ ਅਤੇ ਆਟਾ/ਕਣਕ ਵੰਡਣ ਲਈ ਚਾਰ ਵਿਕਰੇਤਾ ਵੀ ਚੁਣੇ ਗਏ ਹਨ। ਅਧਿਕਾਰੀਆਂ ਮੁਤਾਬਕ ਇਹ ਸਕੀਮ ਮਹੂਰਤ ਲਈ ਪੂਰੀ ਤਰ੍ਹਾਂ ਤਿਆਰ ਹੈ। ਦੱਸਣਯੋਗ ਹੈ ਕਿ ਲਾਭਪਾਤਰੀਆਂ ਨੂੰ 5 ਕਿੱਲੋ ਕਣਕ ਜਾਂ ਕਣਕ ਦਾ ਆਟਾ, ਉਨ੍ਹਾਂ ਦੇ ਦਰਵਾਜ਼ੇ ’ਤੇ ਮੁਫਤ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਕਰੀਬੀਆਂ ਨੂੰ ਪਾਰਟੀ ’ਚੋਂ ਕੱਢੇ ਜਾਣ ਤੋਂ ਬਾਅਦ ਨਵਜੋਤ ਸਿੱਧੂ ਦਾ ਸ਼ਾਇਰਾਨਾ ਅੰਦਾਜ਼ ’ਚ ਜਵਾਬ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8