ਹਲਕਾ ਬੰਗਾ 'ਚ ਅਕਾਲੀ-ਕਾਂਗਰਸ 'ਚ ਰਹੀ ਸਖ਼ਤ ਟੱਕਰ, ਜਾਣੋ ਪਿਛਲੀਆਂ 5 ਚੋਣਾਂ ਦਾ ਇਤਿਹਾਸ
Friday, Feb 18, 2022 - 02:30 PM (IST)
ਜਲੰਧਰ (ਵੈੱਬ ਡੈਸਕ) : ਬੰਗਾ ਦੇ ਵੋਟਰ ਲਗਾਤਾਰ ਕਿਸੇ ਇਕ ਪਾਰਟੀ ਦੇ ਹੱਕ ਵਿੱਚ ਨਹੀਂ ਭੁਗਤੇ।ਪਿਛਲੀਆਂ ਪੰਜ ਵਿਧਾਨ ਸਭਾ ਚੋਣਾਂ ਵਿੱਚ ਤਿੰਨ ਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਦੋ ਵਾਰ ਕਾਂਗਰਸ ਨੂੰ ਮੌਕਾ ਮਿਲਿਆ। 2017 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਚੋਣ ਜਿੱਤਣ ਵਿੱਚ ਅਸਫਲ ਰਹੀ।1997 ਤੋਂ ਲੈ ਕੇ 2007 ਤੱਕ ਚੋਣ ਕਮਿਸ਼ਨ ਦੀ ਸੂਚੀ ਵਿੱਚ ਬੰਗਾ ਹਲਕਾ ਨੰਬਰ 37 ਸੀ ਜੋ ਬਾਅਦ ਵਿੱਚ -46 ਕਰ ਦਿੱਤਾ ਗਿਆ।
1997
ਸਾਲ 1997 ’ਚ ਅਕਾਲੀ ਦਲ ਦੇ ਉਮੀਦਵਾਰ ਮੋਹਨ ਲਾਲ ਨੇ ਸਿਰਫ਼ 609 ਵੋਟਾਂ ਦੇ ਫ਼ਰਕ ਨਾਲ ਇਹ ਚੋਣ ਜਿੱਤੀ ਸੀ। ਉਨ੍ਹਾਂ ਨੇ ਬਸਪਾ ਆਗੂ ਸਤਨਾਮ ਸਿੰਘ ਕੈਂਥ ਨੂੰ ਹਰਾਇਆ ਸੀ। ਮੋਹਨ ਲਾਲ ਨੂੰ 27757 ਵੋਟਾਂ ਮਿਲੀਆਂ ਜਦਕਿ ਦੂਜੇ ਨੰਬਰ ’ਤੇ ਰਹੇ ਸਤਨਾਮ ਨੂੰ 27148 ਵੋਟਾਂ ਮਿਲੀਆਂ।ਕਾਂਗਰਸ ਚੌਥੇ ਨੰਬਰ ਤੇ ਰਹੀ ਸੀ ਜਿਸ ਦੇ ਉਮੀਦਵਾਰ ਪਾਖਰ ਸਿੰਘ ਨੂੰ 10080 ਵੋਟਾਂ ਪਈਆਂ ਸਨ।
2002
ਸਾਲ 2002 ’ਚ ਬੰਗਾ ਹਲਕਾ ਨੰਬਰ-37 ਸੀ। ਇਥੋਂ ਕਾਂਗਰਸੀ ਉਮੀਦਵਾਰ ਤਰਲੋਚਨ ਸਿੰਘ ਬਸਪਾ ਦੇ ਉਮੀਦਵਾਰ ਮੋਹਨ ਲਾਲ ਨੂੰ ਚਿੱਤ ਕੀਤਾ ਸੀ। ਤਰਲੋਚਨ ਨੇ ਬਸਪਾ ਉਮੀਦਵਾਰ ਮੋਹਨ ਲਾਲ ਨੂੰ 3655 ਵੋਟਾਂ ਨਾਲ ਹਰਾਇਆ। ਤਰਲੋਚਨ ਨੂੰ 27574 ਵੋਟਾਂ ਪਈਆਂ ਜਦਕਿ ਬਸਪਾ ਉਮੀਦਵਾਰ ਮੋਹਨ ਲਾਲ ਨੂੰ 23919 ਵੋਟਾਂ ਪਈਆਂ।
2007
2007 ਦੀਆਂ ਚੋਣਾਂ ਮੁੜ ਅਕਾਲੀ ਦਲ ਜਿੱਤਣ ਵਿੱਚ ਸਫ਼ਲ ਰਿਹਾ। ਅਕਾਲੀ ਦਲ ਦੇ ਉਮੀਦਵਾਰ ਮੋਹਨ ਲਾਲ ਨੂੰ 36581 ਵੋਟਾਂ ਪਈਆਂ ਜਦਕਿ ਕਾਂਗਰਸੀ ਉਮੀਦਵਾਰ ਤਰਲੋਚਨ ਸਿੰਘ ਨੂੰ 33856 ਵੋਟਾਂ ਮਿਲੀਆਂ। ਦੋਹਾਂ ’ਚ 2725 ਦਾ ਮਾਰਜਨ ਸੀ।
2012
2012 ਤੋਂ ਬੰਗਾ ਹਲਕਾ ਵਿਧਾਨ ਸਭਾ ਹਲਕਾ ਨੰਬਰ-46 ਜਾਣਿਆ ਜਾਣ ਲੱਗਾ ਹੈ। ਇਥੋਂ ਕਾਂਗਰਸ ਦੇ ਤਰਲੋਚਨ ਸਿੰਘ ਨੇ ਅਕਾਲੀ ਉਮੀਦਵਾਰ ਮੋਹਨ ਸਿੰਘ ਨੂੰ 3215 ਵੋਟਾਂ ਦੇ ਫ਼ਰਕ ਨਾਲ ਹਰਾਇਆ। ਤਰਲੋਚਨ ਨੂੰ 42023 ਵੋਟਾਂ ਮਿਲੀਆਂ ਜਦਕਿ ਮੋਹਨ ਸਿੰਘ ਨੂੰ 38808 ਵੋਟਾਂ ਮਿਲੀਆਂ।
2017
2017 ’ਚ ਇਸ ਸੀਟ ਤੋਂ ਮੁੜ ਅਕਾਲੀ ਦਲ ਨੇ ਬਾਜ਼ੀ ਮਾਰੀ। ਅਕਾਲੀ ਉਮੀਦਵਾਰ ਸੁਖਵਿੰਦਰ ਕੁਮਾਰ ਜੇਤੂ ਰਹੇ ਜਦਕਿ ਆਮ ਆਦਮੀ ਪਾਰਟੀ ਦੂਜੇ ਨੰਬਰ ’ਤੇ ਰਹੀ ਅਤੇ ਕਾਂਗਰਸੀ ਉਮੀਦਵਾਰ ਸਤਨਾਮ ਸਿੰਘ ਕੈਂਥ ਤੀਜੇ ਨੰਬਰ ’ਤੇ ਰਹੇ। ਸੁਖਵਿੰਦਰ ਸਿੰਘ ਨੇ ‘ਆਪ’ ਦੀ ਉਮੀਦਵਾਰ ਹਰਜੋਤ ਨੂੰ 1893 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਸੁਖਵਿੰਦਰ ਸਿੰਘ ਨੂੰ 45256 ਵੋਟਾਂ ਮਿਲੀਆਂ ਜਦਕਿ ‘ਆਪ’ ਦੀ ਉਮੀਦਵਾਰ ਹਰਜੋਤ ਨੂੰ 43363 ਵੋਟਾਂ ਮਿਲੀਆਂ। ਸਤਨਾਮ ਸਿੰਘ ਕੈਂਥ ਨੂੰ ਸਿਰਫ਼ 13408 ਹੀ ਵੋਟਾਂ ਮਿਲ ਸਕੀਆਂ ਸਨ।
2022 ਦੀਆਂ ਚੋਣਾਂ ’ਚ ਕਾਂਗਰਸ ਵੱਲੋਂ ਇਸ ਹਲਕੇ ਤੋਂ ਮੁੜ ਤਰਲੋਚਨ ਸਿੰਘ ਸੂੰਢ ਨੂੰ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ। ਅਕਾਲੀ ਦਲ ਵੱਲੋਂ ਡਾ. ਸੁਖਵਿੰਦਰ ਸਿੰਘ ਸੁੱਖੀ, ‘ਆਪ’ ਦੇ ਉਮੀਦਵਾਰ ਕੁਲਜੀਤ ਸਰਹਾਲ, ਭਾਜਪਾ ’ਚ ਸ਼ਾਮਲ ਹੋਏ ਮੋਹਨ ਲਾਲ ਬੰਗਾ ਅਤੇ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਰਾਜ ਕੁਮਾਰ ਮਾਹਨਲ ਖੁਰਦ ਚੋਣ ਮੈਦਾਨ ਵਿੱਚ ਹਨ।
ਬੰਗਾ ਹਲਕੇ 'ਚ ਕੁੱਲ 165283 ਵੋਟਰ ਹਨ, ਜਿਨ੍ਹਾਂ ’ਚ 80047 ਪੁਰਸ਼ ਅਤੇ 85230 ਔਰਤਾਂ ਵੋਟਰ ਹਨ। ਇਸ ਤੋਂ ਇਲਾਵਾ 6 ਥਰਡ ਜੈਂਡਰ ਵੋਟਰ ਵੀ ਹਨ।