ਕਿਸਾਨ ਸੰਗਠਨ ਵੀ ਕੈਪਟਨ ਸਰਕਾਰ ਦੇ ਕਰਜ਼ਾ ਮੁਆਫੀ ਐਲਾਨ ਤੋਂ ਨਾਖੁਸ਼

Wednesday, Jun 21, 2017 - 06:40 AM (IST)

ਚੰਡੀਗੜ੍ਹ  (ਭੁੱਲਰ) - ਕੈਪਟਨ ਸਰਕਾਰ ਦੇ ਬਜਟ 'ਚ ਕਿਸਾਨਾਂ ਦੇ ਕਰਜ਼ਾ ਮੁਆਫੀ ਦੇ ਐਲਾਨ ਦੀਆਂ ਵਿਵਸਥਾਵਾਂ ਨੂੰ ਜਿੱਥੇ ਵਿਰੋਧੀ ਪਾਰਟੀਆਂ ਆਮ ਆਦਮੀ ਪਾਰਟੀ ਤੇ ਅਕਾਲੀ-ਭਾਜਪਾ ਨੇ ਨਾ-ਮਨਜ਼ੂਰ ਕੀਤਾ ਹੈ, ਉਥੇ ਹੀ ਭੁਪਿੰਦਰ ਸਿੰਘ ਮਾਨ ਦੀ ਅਗਵਾਈ ਵਾਲੀ ਭਾਕਿਯੂ ਨੂੰ ਛੱਡ ਕੇ ਹੋਰ ਸਾਰੇ ਪ੍ਰਮੁੱਖ ਕਿਸਾਨ ਸੰਗਠਨਾਂ ਦੇ ਵੀ ਇਹ ਐਲਾਨ ਗਲੇ ਨਹੀਂ ਉਤਰ ਰਿਹਾ ਹੈ ਅਤੇ ਉਹ ਇਸ ਐਲਾਨ ਤੋਂ ਨਾਖੁਸ਼ ਹਨ। ਕਿਸਾਨ ਸੰਗਠਨਾਂ ਨੇ ਕਰਜ਼ਾ ਮੁਆਫੀ ਦੇ ਐਲਾਨ ਨੂੰ ਕਿਸਾਨਾਂ ਨਾਲ ਧੋਖਾ ਦੱਸਦੇ ਹੋਏ ਮੁਕੰਮਲ ਕਰਜ਼ਾ ਮੁਆਫੀ ਲਈ ਅੰਦੋਲਨ ਸ਼ੁਰੂ ਕਰਨ ਦੀ ਚਿਤਾਵਨੀ ਸਰਕਾਰ ਨੂੰ ਦੇ ਦਿੱਤੀ ਹੈ।
ਕਿਸਾਨ ਸੰਗਠਨਾਂ ਦੇ ਸਾਰੇ ਨੇਤਾਵਾਂ ਦਾ ਕਹਿਣਾ ਹੈ ਕਿ ਕੀਤੇ ਗਏ ਚੋਣ ਵਾਅਦਿਆਂ ਮੁਤਾਬਿਕ ਸਾਰੇ ਕਿਸਾਨਾਂ ਦੇ ਕਰਜ਼ੇ ਨੂੰ ਪੂਰੀ ਤਰ੍ਹਾਂ ਮੁਆਫ ਕੀਤਾ ਜਾਵੇ। ਇਸ 'ਚ ਆੜ੍ਹਤੀਆਂ ਵਲੋਂ ਦਿੱਤਾ ਗਿਆ ਕਰਜ਼ਾ ਵੀ ਸ਼ਾਮਲ ਹੋਣਾ ਚਾਹੀਦਾ।
ਕਿਸਾਨੀ ਨੂੰ ਜਾਨਲੇਵਾ ਬੁਖਾਰ,  ਸਰਕਾਰ ਕਰ ਰਹੀ ਹੈ ਠੰਡੀਆਂ ਪੱਟੀਆਂ
ਬਜਟ ਵਿਚ ਕਿਸਾਨਾਂ ਦੀ ਕਰਜ਼ਾ ਮੁਆਫੀ ਲਈ ਰੱਖੇ ਗਏ 1500 ਕਰੋੜ ਰੁਪਏ ਦੇ ਪ੍ਰਬੰਧ 'ਤੇ ਸਿਆਸੀ ਬਿਆਨਬਾਜ਼ੀ ਦਰਮਿਆਨ ਮਾਹਿਰਾਂ ਨੂੰ ਵੀ ਸਰਕਾਰ ਦੀ ਇਸ ਪਹਿਲ ਵਿਚ ਗੰਭੀਰਤਾ ਨਜ਼ਰ ਨਹੀਂ ਆਈ ਹੈ। ਪੰਜਾਬ ਵਿਚ ਕਿਸਾਨਾਂ ਦੇ ਕਰਜ਼ੇ 'ਤੇ ਪੜਚੋਲ ਕਰਨ ਵਾਲੀ ਟੀਮ ਦੇ ਮੁਖੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਕਨਾਮਿਕਸ ਵਿਭਾਗ ਦੇ ਪ੍ਰੋ. ਡਾ. ਗਿਆਨ ਸਿੰਘ ਨੂੰ ਸਰਕਾਰ ਦਾ ਇਹ ਕਦਮ ਕਰਜ਼ੇ ਨੂੰ ਘੱਟ ਕਰਨ ਦੀ ਦਿਸ਼ਾ ਵਿਚ ਨਹੀਂ ਲੱਗ ਰਿਹਾ।
ਪੰਜਾਬੀ ਯੂਨੀਵਰਸਿਟੀ ਵਲੋਂ ਇੰਡੀਅਨ ਕੌਂਸਲ ਆਫ ਸਾਇੰਸ ਰਿਸਰਚ ਦੇ ਹਵਾਲੇ ਨਾਲ ਇਹ ਸਰਵੇਖਣ ਕੀਤਾ ਗਿਆ ਸੀ। ਸਰਵੇਖਣ ਕਰਨ ਵਾਲੀ ਟੀਮ ਵਿਚ ਇਕ ਇਕਨਾਮਿਕਸ ਵਿਭਾਗ ਦੀ ਪ੍ਰੋ. ਡਾ. ਰੁਪਿੰਦਰ ਕੌਰ, ਡਾ. ਸੁਖਵਿੰਦਰ ਕੌਰ, ਡਾ. ਅਨੁਪਮਾ ਅਤੇ ਭੂਗੋਲਿਕ ਵਿਭਾਗ ਦੀ ਪ੍ਰੋ. ਡਾ. ਗੁਰਿੰਦਰ ਕੌਰ ਸ਼ਾਮਲ ਸਨ।
ਜੇ ਕਿਸੇ ਨੂੰ ਗੰਭੀਰ ਜਾਨਲੇਵਾ ਬੁਖਾਰ ਹੁੰਦਾ ਹੈ ਤਾਂ ਉਸ ਦੇ ਖੂਨ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਬੀਮਾਰੀ ਦਾ ਕਾਰਨ ਲੱਭਿਆ ਜਾਂਦਾ ਹੈ। ਥੋੜ੍ਹੇ ਬੁਖਾਰ ਵਿਚ ਵੀ ਅਸੀਂ ਡਾਕਟਰ ਕੋਲ ਜਾਣ ਤੋਂ ਪਹਿਲਾਂ ਤੁਰੰਤ ਰਾਹਤ ਲਈ ਕਰੋਸਿਨ ਦੀ ਗੋਲੀ ਘਰ ਵਿਚ ਹੀ ਖਾ ਲੈਂਦੇ ਹਾਂ ਤਾਂ ਸਰਕਾਰ ਕਿਸਾਨੀ ਨੂੰ ਚੜ੍ਹੇ ਜਾਨਲੇਵਾ ਬੁਖਾਰ ਲਈ ਘਰ ਵਿਚ ਮੱਥੇ 'ਤੇ ਠੰਡੀਆਂ ਪੱਟੀਆਂ ਕਰਨ ਦਾ ਕੰਮ ਕਰ ਰਹੀ ਹੈ। ਇਹ ਯਤਨ ਊਠ ਦੇ ਮੂੰਹ ਵਿਚ ਜੀਰੇ ਵਰਗਾ ਵੀ ਨਹੀਂ ਹੈ। ਪੰਜਾਬ ਵਿਚ ਕਿਸਾਨਾਂ ਦੇ ਸਿਰ 'ਤੇ 69355 ਕਰੋੜ ਰੁਪਏ ਦਾ ਕਰਜ਼ਾ ਸੀ, ਜੋ ਹੁਣ ਵਧ ਕੇ 80 ਹਜ਼ਾਰ ਕਰੋੜ ਰੁਪਏ ਤੋਂ ਵੀ ਪਾਰ ਜਾ ਚੁੱਕਾ ਹੈ। ਹੁਣ ਤੁਸੀਂ 80 ਹਜ਼ਾਰ ਕਰੋੜ ਰੁਪਏ 'ਤੇ 10 ਫੀਸਦੀ ਦੀ ਦਰ ਨਾਲ ਜੇ ਵਿਆਜ ਦੀ ਰਕਮ ਨੂੰ ਦੇਖੋ ਤਾਂ ਇਹ ਰਕਮ ਹੀ 8 ਹਜ਼ਾਰ ਕਰੋੜ ਰੁਪਏ ਬਣਦੀ ਹੈ। ਅਜਿਹੀ ਹਾਲਤ ਵਿਚ 1500 ਕਰੋੜ ਰੁਪਏ ਨਾਲ ਸੂਬੇ ਦੇ ਕਿੰਨੇ ਕਿਸਾਨਾਂ ਦਾ ਹੋਰ ਕਿੰਨਾ ਕਰਜ਼ਾ ਮੁਆਫ ਹੋ ਸਕਦਾ ਹੈ, ਇਸ ਗੱਲ ਨੂੰ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ।
—ਡਾ. ਗਿਆਨ ਸਿੰਘ, ਪ੍ਰੋ. ਪੰਜਾਬੀ ਯੂਨੀਵਰਸਿਟੀ


Related News