ਸਾਧਾਰਨ ਕਿਸਾਨ ਨੇ ਬਾਦਲ ਪਰਿਵਾਰ ਨੂੰ ਚਖਾਇਆ ਹਾਰ ਦਾ ਸਵਾਦ (ਵੀਡੀਓ)

Monday, Dec 31, 2018 - 03:13 PM (IST)

ਸ੍ਰੀ ਮੁਕਤਸਰ ਸਾਹਿਬ (ਬਿਊਰੋ) - ਬਾਦਲ ਪਿੰਡ 'ਚ ਬਾਦਲ ਪਰਿਵਾਰ ਵਲੋਂ ਖੜੇ ਕੀਤੇ ਉਮੀਦਵਾਰ ਨੂੰ ਹਰਾਉਣਾ ਕੋਈ ਸੌਖਾ ਕੰਮ ਨਹੀਂ ਪਰ ਇਸ ਵਾਰ ਦੀਆਂ ਸਰਪੰਚੀ ਚੋਣਾਂ 'ਚ ਇਹ ਕਾਰਨਾਮਾ ਜ਼ਰੂਰ ਹੋਇਆ ਹੈ। ਬਾਦਲ ਪਰਿਵਾਰ ਨੂੰ ਹਾਰ ਦਾ ਸਵਾਦ ਚਖਾਉਣ ਵਾਲਾ ਸ਼ਖਸ ਕੋਈ ਤਾਕਤਵਰ ਜਾਂ ਰਸੂਖਦਾਰ ਨਹੀਂ ਸਗੋਂ ਸਾਢੇ ਤਿੰਨ ਏਕੜ ਜ਼ਮੀਨ ਦਾ ਮਾਲਕ ਅਤੇ ਇਕ ਆਮ ਕਿਸਾਨ ਜ਼ਬਰਜੰਗ ਸਿੰਘ ਹੈ। ਦੱਸ ਦੇਈਏ ਕਿ ਉਮੀਦਵਾਰ ਉਦੈਵੀਰ, ਮਰਹੂਮ ਨੰਬਰਦਾਰ ਮਹਿੰਦਰ ਸਿੰਘ ਢਿੱਲੋਂ ਦਾ ਪੋਤਰਾ, ਵੱਡਾ ਸਰਮਾਏਦਾਰ ਅਤੇ ਉਸ ਨੇ ਦਿੱਲੀ ਤੋਂ ਬੀ.ਕਾਮ. ਪਾਸ ਕੀਤੀ ਹੋਈ ਹੈ ਜਦਕਿ ਮੁੱਖਾ 12ਵੀਂ ਪਾਸ ਅਤੇ ਤਿੰਨ ਧੀਆਂ ਦਾ ਪਿਤਾ ਹੈ। ਜ਼ਬਰਜੰਗ ਸਿੰਘ ਨੂੰ ਕਾਂਗਰਸੀ ਲੀਡਰ ਮਹੇਸ਼ਇੰਦਰ ਸਿੰਘ ਬਾਦਲ ਤੇ ਸਾਬਕਾ ਮੰਤਰੀ ਹਰਦੀਪਇੰਦਰ ਸਿੰਘ ਦੀ ਹਮਾਇਤ ਹਾਸਲ ਹੈ। ਉਸ ਦੀ ਇਸ ਜਿੱਤ ਦਾ ਵੱਡਾ ਕਾਰਨ ਉਸ ਦਾ ਪਿੰਡ ਦੇ ਲੋਕਾਂ ਨਾਲ ਮਿਲਣਸਾਰ ਹੋਣਾ ਹੈ ਜਦਕਿ ਉਦੈਵੀਰ ਦੀ ਹਾਰ ਦਾ ਵੱਡਾ ਕਾਰਨ ਉਸ ਦਾ ਜ਼ਿਆਦਾਤਰ ਪਿੰਡ ਤੋਂ ਬਾਹਰ ਰਹਿਣਾ ਦੱਸਿਆ ਜਾ ਰਿਹਾ ਹੈ।

ਬਾਦਲ ਪਿੰਡ ਦੀ ਨਵੀਂ ਪੰਚਾਇਤ 
ਪਿੰਡ ਬਾਦਲ 'ਚ ਕੁੱਲ 2,919 ਵੋਟਰ ਹਨ। ਪਿੰਡ ਦੇ 9 ਵਾਰਡਾਂ 'ਚੋਂ 4 ਕਾਂਗਰਸੀ ਪੰਚ, 3 ਅਕਾਲੀ ਦਲ ਦੇ ਪੰਚ ਜੇਤੂ ਰਹੇ ਹਨ ਜਦਕਿ ਦੋ ਵਾਰਡਾਂ 'ਚ ਅਕਾਲੀ ਪੰਚ ਸਰਬਸੰਮਤੀ ਨਾਲ ਚੁਣੇ ਗਏ ਹਨ। ਇਸ ਤੋਂ ਇਲਾਵਾ ਕਾਂਗਰਸੀ ਸਰਪੰਚ ਹੋਣ ਦੇ ਬਾਵਜੂਦ ਦੋਵੇਂ ਪਾਰਟੀਆਂ ਦੇ ਪੰਜ-ਪੰਜ ਨੁਮਾਇੰਦੇ ਪਿੰਡ ਦੀ ਪੰਚਾਇਤ ਚਲਾਉਣਗੇ। ਅਜਿਹਾ ਕਰਨ 'ਚ ਉਹ ਕਿੰਨੇ ਕੁ ਸਫਲ ਹੁੰਦੇ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਕਿਉਂਕਿ ਪੰਚਾਇਤ ਦਾ ਮੌਜੂਦਾ ਸਮੀਕਰਨ ਮਤੇ ਅੜਾਉਣ ਵਾਲਾ ਬਣ ਗਿਆ ਹੈ।


author

rajwinder kaur

Content Editor

Related News