‘ਖੁਆਰ ਹੋਏ ਸਭ ਮਿਲੈਂਗੇ’ ਲਹਿਰ ਤਹਿਤ ਦਿੱਲੀ ਦੀਆਂ ਸਿੰਘ ਸਭਾਵਾਂ ਵੱਲੋਂ ਗੁਰਮਤਿ ਸਮਾਗਮ
Friday, Jun 20, 2025 - 12:16 AM (IST)

ਅੰਮ੍ਰਿਤਸਰ (ਸਰਬਜੀਤ) - ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ-ਛਾਇਆ ਹੇਠ ਚੱਲ ਰਹੀ ਸਿੱਖੀ ਧਰਮ ਪ੍ਰਚਾਰ ਲਹਿਰ ‘ਖੁਆਰ ਹੋਏ ਸਭ ਮਿਲੈਂਗੇ’ ਤਹਿਤ ਦਿੱਲੀ ਦੀਆਂ ਸਿੰਘ ਸਭਾਵਾਂ ਵੱਲੋਂ ਸ਼ਹਿਰ ਵਿਚ ਦੋ ਦਿਨ ਵੱਖ-ਵੱਖ ਗੁਰਮਤਿ ਸਮਾਗਮ ਕਰਵਾਏ ਗਏ, ਜਿਨ੍ਹਾਂ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ਼ਮੂਲੀਅਤ ਕੀਤੀ।
ਇਸ ਦੌਰਾਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੌਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ, ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਅਤੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ। ਸਮੂਹ ਗੁਰ ਅਸਥਾਨਾਂ ਵਿਖੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਮੁੱਖ ਗ੍ਰੰਥੀ ਸਾਹਿਬਾਨ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਜਥੇਦਾਰ ਗੜਗੱਜ ਨੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਜੋੜਿਆਂ ਦੀ ਸੇਵਾ ਅਤੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੀ ਛਬੀਲ ਵਿਖੇ ਸੰਗਤ ਨੂੰ ਜਲ ਛਕਾਉਣ ਦੀ ਸੇਵਾ ਕੀਤੀ। ਜਥੇਦਾਰ ਗੜਗੱਜ ਦੇ ਦਿੱਲੀ ਪੁੱਜਣ ਮੌਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਕਾਸਪੁਰੀ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੋਤੀ ਨਗਰ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਉਦੇ ਵਿਹਾਰ ਚੰਦਰ ਵਿਹਾਰ, ਗੁਰਦੁਆਰਾ ਕਲਗੀਧਰ ਖ਼ਾਲਸਾ ਸੇਵਕ ਸਭਾ ਸੁਭਾਸ਼ ਨਗਰ ਦੀਆਂ ਪ੍ਰਬੰਧਕ ਕਮੇਟੀਆਂ ਨੇ ਖੁਆਰ ਹੋਏ ਸਭ ਮਿਲੈਂਗੇ ਲਹਿਰ ਤਹਿਤ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਰਜਣਾ ਦਿਹਾੜੇ ਤੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਤੇ ਉਨ੍ਹਾਂ ਦੇ ਅਨਿੰਨ ਸਿੱਖਾਂ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਵੇਰ ਅਤੇ ਸੰਧਿਆ ਵੇਲੇ ਦੇ ਵੱਖ-ਵੱਖ ਗੁਰਮਤਿ ਸਮਾਗਮ ਕਰਵਾਏ, ਜਿਨ੍ਹਾਂ ਵਿੱਚ ਵੱਡੀ ਗਿਣਤੀ ਅੰਦਰ ਸਥਾਨਕ ਸੰਗਤਾਂ ਨੇ ਸ਼ਮੂਲੀਅਤ ਕੀਤੀ ਅਤੇ ਜਥੇਦਾਰ ਦੇ ਗੁਰਮਤਿ ਵਿਚਾਰ ਸੁਣੇ।
ਗੁਰਮਤਿ ਸਮਾਗਮਾਂ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਕਜੁੱਟ ਹੋ ਕੇ ਸਿੱਖ ਸ਼ਕਤੀ ਨੂੰ ਤਕੜੇ ਕਰਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਰਹਿਣ ਦਾ ਸਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਗੁਰੂ ਸਾਹਿਬ ਤੋਂ ਥਾਪੜਾ ਲੈ ਕੇ ਇਕਜੁੱਟਤਾ ਨਾਲ ਉੱਚੀ ਤੋਂ ਉੱਚੀ ਮੰਜ਼ਲ ਤੇ ਚੁਣੌਤੀ ਨੂੰ ਹਮੇਸ਼ਾ ਹੀ ਸਰ ਕੀਤਾ ਹੈ, ਇਸ ਲਈ ਜ਼ਰੂਰੀ ਹੈ ਕਿ ਅਸੀਂ ਸਦਾ ਹੀ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ, ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜੁੜੇ ਰਹੀਏ ਅਤੇ ਸਿੱਖੀ ਦੀ ਚੜ੍ਹਦੀ ਕਲਾ ਲਈ ਕਾਰਜ ਕਰੀਏ।
ਉਨ੍ਹਾਂ ਕਿਹਾ ਕਿ ਦਿੱਲੀ ਦੀ ਧਰਤੀ ’ਤੇ ਸਿੱਖ ਜਰਨੈਲਾਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ। ਦਿੱਲੀ ਵਿਖੇ ਹੀ ਸ੍ਰੀ ਗੁਰੂ ਤੇਗ਼ ਬਹਾਦਰ ਜੀ, ਉਨ੍ਹਾਂ ਦੇ ਅਨਿੰਨ ਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਨੇ ਸਿੱਖੀ ਸਿਦਕ ਨੂੰ ਕਾਇਮ ਰੱਖਦਿਆਂ ਧਰਮ ਦੀ ਰਾਖੀ ਲਈ ਸ਼ਹੀਦੀਆਂ ਦਿੱਤੀਆਂ ਸਨ, ਪਰ ਜਾਲਮ ਦੀ ਈਨ ਨਹੀਂ ਮੰਨੀ।