ਗੁਰੂ ਸਾਹਿਬ ਵੱਲੋਂ ਲੜੀ ਗਈ ਅੰਤਿਮ ਜੰਗ ਦੀ ਗਵਾਹ ਹੈ ‘ਖਿਦਰਾਣੇ ਦੀ ਢਾਬ’

1/10/2020 1:53:44 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਰਿਣੀ ) – 'ਖਿਦਰਾਣੇ ਦੀ ਢਾਬ' ਜਿਸ ਨੂੰ ਹੁਣ ਸ੍ਰੀ ਮੁਕਤਸਰ ਸਾਹਿਬ ਕਿਹਾ ਜਾਂਦਾ ਹੈ, ਦਸਮ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਚਰਨ-ਛੋਹ ਪ੍ਰਾਪਤ ਇਤਿਹਾਸਕ ਧਰਤੀ ਹੈ। ਇਸ ਧਰਤੀ 'ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲ ਹਕੂਮਤ ਵਿਰੁੱਧ ਅੰਤਿਮ ਜੰਗ ਲੜੀ ਸੀ। 1705 ਈ: 'ਚ ਸ੍ਰੀ ਆਨੰਦਪੁਰ ਸਾਹਿਬ ਤੋਂ ਚਲ ਕੇ ਧਰਮ ਯੁੱਧ ਕਰਦੇ ਹੋਏ ਗੁਰੂ ਜੀ ਦੁਸ਼ਮਣਾਂ ਦੀਆਂ ਫੌਜਾਂ ਨਾਲ ਜੰਗ ਕਰਦੇ ਹੋਏ ਮਾਲਵਾ ਵੱਲ ਪਹੁੰਚੇ। ਕੋਟਕਪੂਰਾ ਪਹੁੰਚ ਕੇ ਗੁਰੂ ਜੀ ਨੇ ਚੌਧਰੀ ਕਪੂਰੇ ਪਾਸੋ ਕਿਲੇ ਦੀ ਮੰਗ ਕੀਤੀ ਪਰ ਮੁਗਲਾਂ ਦੇ ਡਰ ਤੋਂ ਚੌਧਰੀ ਨੇ ਗੁਰੂ ਜੀ ਨੂੰ ਕਿਲ੍ਹਾ ਦੇਣ ਤੋਂ ਇਨਕਾਰ ਕਰ ਦਿੱਤਾ। ਗੁਰੂ ਜੀ ਨੇ ਸਿੱਖ ਸਿਪਾਹੀਆਂ ਸਣੇ ਖਿਦਰਾਣੇ ਵੱਲ ਨੂੰ ਚੱਲ ਪਏ। ਗੁਰੂ ਜੀ ਦੇ ਉਥੇ ਪਹੁੰਚਦੇ ਹੀ ਦੁਸ਼ਮਣਾਂ ਦੀਆਂ ਫੌਜਾਂ ਵੀ ਪਹੁੰਚ ਗਈਆਂ। 40 ਮਹਾਨ ਯੋਧੇ ਜੋ ਗੁਰੂ ਜੀ ਨੂੰ ਬੇਦਾਵਾ ਦੇ ਕੇ ਸਾਥ ਛੱਡ ਗਏ ਸਨ, ਉਹ ਸਾਰੇ ਇਕ ਵਾਰ ਫਿਰ ਗੁਰੂ ਜੀ ਦਾ ਸਾਥ ਦੇਣ ਲਈ ਗੁਰੂ ਜੀ ਕੋਲ ਗਏ।

21 ਵਿਸਾਖ ਸੰਮਤ 1762 ਬਿਕਰਮੀ, ਨੂੰ ਇਹ ਲੜਾਈ ਹੋਈ ਅਤੇ ਇਸ ਲੜਾਈ 'ਚ ਮੁਗਲ ਫੌਜਾਂ ਗੁਰੂ ਜੀ ਦੀਆਂ ਫੌਜਾ ਦੀ ਬਹਾਦਰੀ ਦੇਖ ਮੈਦਾਨ ਛੱਡ ਭੱਜਣ ਲੱਗੀਆਂ। ਇਸ ਸਮੇਂ 40 ਸਿੰਘਾਂ ਨੇ ਅੱਗੇ ਹੋ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਗੁਰੂ ਸਾਹਿਬ ਜੀ ਇਕ-ਇਕ ਸਿੱਖ ਕੋਲ ਗਏ ਅਤੇ ਵਰ ਦੇਣ ਲੱਗੇ। ਮਹਾ ਸਿੰਘ ਅਜੇ ਸਿਸਕਦਾ ਸੀ, ਉਸ ਨੂੰ ਹੋਸ਼ 'ਚ ਲਿਆ ਗੁਰੂ ਜੀ ਨੇ ਉਸ ਨੂੰ ਵਰ ਮੰਗਣ ਲਈ ਕਿਹਾ। ਮਹਾ ਸਿੰਘ ਦੇ ਕਹਿਣ 'ਤੇ ਗੁਰੂ ਜੀ ਨੇ ਬੇਦਾਵਾ ਪਾੜ ਦਿੱਤਾ ਅਤੇ ਮੁਕਤੀ ਦਾ ਵਰ ਦਿੱਤਾ । ਉਸ ਦਿਨ ਤੋਂ ਖਿਦਰਾਣੇ ਦੀ ਢਾਬ ਦਾ ਨਾਂ ਮੁਕਤੀਸਰ ਪੈ ਗਿਆ, ਜਿਸ ਨੂੰ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਗੁਰੂ ਸਾਹਿਬ ਅਤੇ ਸ਼ਹੀਦਾਂ ਦੀ ਯਾਦ 'ਚ ਹਰ ਸਾਲ ਮੇਲਾ ਮਾਘੀ ਮੌਕੇ ਇਤਿਹਾਸਕ ਇਕੱਠ ਹੁੰਦਾ ਹੈ। ਇਸ ਦੌਰਾਨ ਦੇਸ਼-ਵਿਦੇਸ਼ 'ਚੋਂ ਆਈਆਂ ਸੰਗਤਾਂ ਜਿਥੇ ਮੱਥਾ ਟੇਕਦੀਆਂ ਹਨ ਉਥੇ ਹੀ ਉਹ ਗੁਰਬਾਣੀ ਦਾ ਆਨੰਦ ਵੀ ਮਾਣਦੀਆਂ ਹਨ।

PunjabKesari
ਖਿਦਰਾਣੇ ਦੀ ਧਰਤੀ 'ਤੇ ਬਣੇ ਹੋਏ ਹਨ ਇਤਿਹਾਸਕ ਗੁ. ਸਾਹਿਬ

1. ਗੁਰਦੁਆਰਾ ਟੁੱਟੀ ਗੰਢੀ ਸਾਹਿਬ
ਇਸ ਸਥਾਨ 'ਤੇ ਭਾਈ ਮਹਾ ਸਿੰਘ ਆਪਣੇ ਸਾਥੀਆ ਸਣੇ ਗੁਰੂ ਜੀ ਨੂੰ ਆਨੰਦਪੁਰ ਸਾਹਿਬ ਬੇਦਾਵਾ ਦੇ ਆਏ ਸਨ। ਬੇਦਾਵੇ ਨੂੰ ਪਾੜ ਗੁਰੂ ਜੀ ਨੇ ਬੇਦਾਵਾ ਦੇਣ ਵਾਲੇ ਸਿੰਘਾਂ ਨੂੰ ਮੁਕਤ ਕੀਤਾ ਅਤੇ ਭਾਈ ਮਹਾ ਸਿੰਘ ਨੂੰ ਆਪਣੀ ਗੋਦ 'ਚ ਲੈ ਲਿਆ। ਇਸ ਮੌਕੇ ਗੁਰੂ ਜੀ ਨੇ ਬੇਦਾਵਾ ਪਾੜ ਕੇ ਟੁੱਟੀ ਗੰਢ ਦਿੱਤੀ ਸੀ, ਜਿਸ ਤੋਂ ਇਸ ਗੁਰਦੁਆਰੇ ਦਾ ਨਾਂ ਟੁੱਟੀ ਗੰਢੀ ਸਾਹਿਬ ਪੈ ਗਿਆ।

PunjabKesari

2. ਗੁਰਦੁਆਰਾ ਤੰਬੂ ਸਾਹਿਬ
ਖਿਦਰਾਣੇ ਦੀ ਜੰਗ ਸਮੇਂ ਇਸ ਸਥਾਨ 'ਤੇ ਗੁਰੂ ਜੀ ਦੀਆਂ ਫੌਜਾਂ ਨੇ ਤੰਬੂ ਲਗਾਏ ਸਨ। ਇਸ ਕਰਕੇ ਇਸ ਸਥਾਨ ਦਾ ਨਾਂ ਗੁਰਦੁਆਰਾ ਤੰਬੂ ਸਾਹਿਬ ਪੈ ਗਿਆ।

PunjabKesari

3. ਗੁਰਦੁਆਰਾ ਟਿੱਬੀ ਸਾਹਿਬ
ਇਸ ਥਾਂ 'ਤੇ ਗੁਰੂ ਜੀ ਨੇ ਇਸੇ ਟਿੱਬੀ 'ਤੇ ਬੈਠ ਕੇ ਜੰਗ ਲੜੀ ਸੀ। ਇਸੇ ਟਿੱਬੀ ਤੋਂ ਗੁਰੂ ਜੀ ਤੀਰਾਂ ਨਾਲ ਆਪਣੇ ਦੁਸ਼ਮਣਾਂ 'ਤੇ ਵਾਰ ਕਰਦੇ ਸਨ, ਜਿਸ ਕਰਦੇ ਇਸ ਦਾ ਨਾਂ ਗੁਰਦੁਆਰਾ ਟਿੱਬੀ ਸਾਹਿਬ ਪੈ ਗਿਆ।

PunjabKesari

4. ਗੁਰਦੁਆਰਾ ਰਕਾਬਸਰ ਸਾਹਿਬ
ਇਸ ਥਾਂ 'ਤੇ ਗੁਰੂ ਜੀ ਦੇ ਘੋੜੇ ਦੀ ਰਕਾਬ ਟੁੱਟੀ ਸੀ ਅਤੇ ਗੁਰੂ ਜੀ ਟਿੱਬੀ ਸਾਹਿਬ ਤੋਂ ਉੱਤਰ ਕੇ ਖਿਦਰਾਣੇ ਦੀ ਭੁਮੀ ਵੱਲ ਨੂੰ ਚੱਲ ਪਏ ਸਨ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਸ ਰਕਾਬ ਨੂੰ ਸਾਂਭ ਕੇ ਰੱਖਿਆ ਹੋਇਆ ਹੈ, ਜਿਸ ਕਰਕੇ ਇਸ ਗੁਰਦੁਆਰੇ ਸਾਹਿਬ ਦਾ ਨਾਂ ਰਕਾਬਸਰ ਸਾਹਿਬ ਪੈ ਗਿਆ।

5. ਗੁਰਦੁਆਰਾ ਮਾਤਾ ਭਾਗ ਕੌਰ ਜੀ
ਖਿਦਰਾਣੇ ਦੀ ਜੰਗ ਸਮੇਂ ਜੌਹਰ ਵਿਖਾਉਣ ਵਾਲੀ ਮਹਾਨ ਮਾਤਾ ਭਾਗ ਕੌਰ ਜੀ ਦੀ ਯਾਦ 'ਚ ਗੁਰੂਦੁਆਰਾ ਤੰਬੂ ਸਾਹਿਬ ਦੇ ਨਾਲ ਗੁਰਦੁਆਰਾ ਮਾਤਾ ਭਾਗ ਕੌਰ ਜੀ ਵੀ ਬਣਿਆ ਹੋਇਆ ਹੈ।

6. ਗੁਰਦੁਆਰਾ ਦਾਤਣਸਰ ਸਾਹਿਬ
ਖਿਦਰਾਣੇ ਦੀ ਧਰਤੀ 'ਤੇ ਪਹੁੰਚ ਕੇ ਗੁਰੂ ਜੀ ਨੇ ਇਸ ਸਥਾਨ 'ਤੇ ਦਾਤਣ ਕੀਤੀ ਸੀ। ਇਸ ਤੋਂ ਇਲਾਵਾ ਗਾਲਬਣ ਜੰਗ ਮਗਰੋਂ ਗੁਰੂ ਜੀ ਜਦੋਂ ਦਾਤਣ ਕਰ ਰਹੇ ਸਨ ਤਾਂ ਇਕ ਮੁਗਲ ਭੇਸ ਬਦਲ ਕੇ ਗੁਰੂ ਜੀ 'ਤੇ ਹਮਲਾ ਕਰਨ ਲੱਗਾ ਤਾਂ ਗੁਰੂ ਜੀ ਨੇ ਇਕ ਵਾਰ ਨਾਲ ਹੀ ਮੁਗਲ ਨੂੰ ਚਿੱਤ ਕਰ ਦਿੱਤਾ ਸੀ। ਇਨਾ ਘਟਨਾਵਾ ਦੇ ਸੰਬੰਧ 'ਚ ਇਸ ਗੁਰਦੁਆਰਾ ਨੂੰ ਦਾਣਤਸਰ ਸਾਹਿਬ ਕਿਹਾ ਜਾਂਦਾ ਹੈ ।

7. ਗੁਰਦੁਆਰਾ ਸ਼ਹੀਦ ਗੰਜ ਸਾਹਿਬ
ਇਹ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਪੱਛਮ ਵਾਲੇ ਦਰਵਾਜੇ ਦੇ ਸਾਹਮਣੇ ਸਥਿਤ ਹੈ। ਗੁਰੂ ਜੀ ਨੇ 40 ਮੁਕਤਿਆ ਦਾ ਇਸ ਜਗ੍ਹਾ 'ਤੇ ਆਪਣੇ ਹੱਥੀਂ ਸਸਕਾਰ ਕੀਤਾ ਸੀ। ਇਸੇ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਨਾਂ ਸ਼ਹੀਦ ਗੰਜ ਸਾਹਿਬ ਪੈ ਗਿਆ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

rajwinder kaur

This news is Edited By rajwinder kaur