ਪਿੰਡ ਬੇਗੋਵਾਲ ਵਿਖੇ 3-ਰੋਜ਼ਾ ਧਾਰਮਕ ਸਮਾਗਮ ਸੰਪੰਨ
Thursday, Mar 14, 2019 - 04:13 AM (IST)
ਖੰਨਾ (ਜ.ਬ.,ਸੁਖਵੀਰ)-ਪਿੰਡ ਬੇਗੋਵਾਲ ਵਿਖੇ ਬੇਗੋਵਾਲ ਵਿਕਾਸ ਮੰਚ ਦੇ ਨੌਜਵਾਨਾਂ ਵਲੋਂ ਗ੍ਰਾਮ ਪੰਚਾਇਤ ਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ 550ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਪਿੰਡ ’ਚ ਤਿੰਨ ਰੋਜ਼ਾ ਧਾਰਮਕ ਸਮਾਗਮ ਦਾ ਆਯੋਜਨ ਕੀਤਾ ਗਿਆ।
ਸਮਾਗਮ ਦੌਰਾਨ ਸੰਤ ਬਾਬਾ ਰਣਜੀਤ ਸਿੰਘ ਨੱਥੂਮਾਜਰਾ ਵਾਲਿਆਂ ਵਲੋਂ ਗੁਰਬਾਣੀ ਦਾ ਰਸਮਈ ਕੀਰਤਨ ਅਤੇ ਕਥਾ ਵਿਚਾਰਾਂ ਕੀਤੀਆਂ ਗਈਆਂ। ਉਨ੍ਹਾਂ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਨ ਤੇ ਪ੍ਰਮਾਤਮਾ ਦਾ ਨਾਮ ਸਿਮਰਨ ਕਰਨ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਗੁਰੂ ਦੀ ਬਾਣੀ ਜਪਣ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਤੇ ਮਨੁੱਖੀ ਜੂਨਾਂ ਦੇ ਚੱਕਰ ਤੋਂ ਮੁਕਤੀ ਮਿਲ ਜਾਂਦੀ ਹੈ। ਰਾਤ ਦੇ ਸਮੇਂ ਦੀਵਾਨਾਂ ’ਚ ਪਿੰਡ ਦੀ ਸੰਗਤ ਤੋਂ ਇਲਾਵਾ ਪਿੰਡ ਰਾਮਪੁਰ, ਮਹਿਦੂਦਾਂ, ਜਟਾਣਾ, ਮਲ੍ਹੀਪੁਰ, ਅਡ਼ੈਚਾ, ਸਤਨਾਮ ਨਗਰ ਦੋਰਾਹਾ ਤੋਂ ਭਾਰੀ ਗਿਣਤੀ ’ਚ ਪੁੱਜੀ ਸੰਗਤ ਨੇ ਕਥਾ ਕੀਰਤਨ ਦਾ ਆਨੰਦ ਮਾਣਿਆ।
ਸਮਾਗਮਾਂ ਦੇ ਅੰਤਿਮ ਦਿਨ ਬੇਗੋਵਾਲ ਵਿਕਾਸ ਮੰਚ ਵਲੋਂ ਬੱਚਿਆਂ ਨੂੰ ਸਿੱਖੀ ਦੀ ਆਨ ਸ਼ਾਨ ਦਸਤਾਰ ਨਾਲ ਜੋਡ਼ਨ ਲਈ ਆਖਰੀ ਦਿਨ ਤਿੰਨ ਭਾਗਾਂ ’ਚ ਵੰਡ ਕੇ ਦਸਤਾਰ ਮੁਕਾਬਲੇ ਕਰਵਾਏ ਗਏ, ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਬੱਚਿਆ ਨੂੰ ਦਸਤਾਰਾਂ, ਟਰਾਫੀ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਬਾਅਦ ’ਚ ਸਮੂਹ ਨੌਜਵਾਨਾਂ ਵਲੋਂ ਸੰਤ ਨੱਥੂਮਾਜਰੇ ਵਾਲਿਆਂ ਦਾ ਵੀ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।