ਖਾਲਸਾ ਏਡ ਨੂੰ ਨੋਟਿਸ ਭੇਜੇ ਜਾਣ ’ਤੇ ਸੁਖਬੀਰ ਨੇ ਕੇਂਦਰ ਸਰਕਾਰ ਨੂੰ ਸੁਣਾਈਆਂ ਖਰੀਆਂ-ਖਰੀਆਂ
Sunday, Jan 17, 2021 - 06:24 PM (IST)
ਫਿਰੋਜ਼ਪੁਰ (ਕੁਮਾਰ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐੱਨ.ਆਈ.ਏ. ਵਲੋਂ ਖਾਲਸਾ ਏਡ ਤੇ ਕਿਸਾਨਾਂ ਨੂੰ ਨੋਟਿਸ ਭੇਜਣ ਦੇ ਮਾਮਲੇ ’ਚ ਬੋਲਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਬੋਖਲਾ ਗਈ ਹੈ ਅਤੇ ਕਿਸਾਨੀ ਸੰਘਰਸ਼ ਨੂੰ ਦਬਾਉਣਾ ਚਾਹੁੰਦੀ ਹੈ। ਅੱਜ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨਾਲ ਮੁਲਾਕਾਤ ਕਰਨ ਉਪਰੰਤ ਆਯੋਜਿਤ ਪੱਤਰਕਾਰ ਸੰਮੇਲਨ ’ਚ ਉਨ੍ਹਾਂ ਕਿਹਾ ਕਿ ਖਾਲਸਾ ਏਡ ਜਿਸ ਨੇ ਪੂਰੇ ਵਿਸ਼ਵ ’ਚ ਸੇਵਾ ਦੀ ਮਿਸਾਲ ਪੈਦਾ ਕੀਤੀ ਹੈ, ਉਸ ਨੂੰ ਵੀ ਨੋਟਿਸ ਭੇਜਣਾ ਇਹ ਸਾਬਤ ਕਰਦਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਅੰਦੋਲਨ ਨੂੰ ਦੇਖਦੇ ਹੋਏ ਪੂਰੀ ਤਰ੍ਹਾਂ ਬੋਖਲਾ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਹੋਣ ਵਾਲੀਆਂ ਨਗਰ ਕੌਂਸਲ ਤੇ ਨਗਰ ਪੰਚਾਇਤੀ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਦੀ ਸ਼ਾਨਦਾਰ ਜਿੱਤ ਹੋਵੇਗੀ ਅਤੇ ਅਕਾਲੀ ਦਲ ਹਰ ਸੀਟ ’ਤੇ ਆਪਣੇ ਉਮੀਦਵਾਰ ਖੜੇ੍ਹ ਕਰੇਗਾ।
ਇਹ ਵੀ ਪੜ੍ਹੋ: ਫ਼ਿਰੋਜ਼ਪੁਰ ਦੇ ਡੀ.ਐੱਸ.ਪੀ. ਦੀ ਫੇਸਬੁੱਕ ਆਈ.ਡੀ. ਹੈੱਕ, ਕੀਤੇ ਇਹ ਮੈਸੇਜ
ਉਨ੍ਹਾਂ ਕਿਹਾ ਕਿ ਇਸ ਚੋਣ ’ਚ ਭਾਜਪਾ ਅਤੇ ਕਾਂਗਰਸੀ ਉਮੀਦਵਾਰਾਂ ਦੀਆਂ ਜ਼ਮਾਨਤਾਂ ਜਬਤ ਹੋਣਗੀਆਂ। ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਸਾਰੇ ਅਧਿਕਾਰੀਆਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਵਿਚ ਜੇਕਰ ਕਿਸੇ ਵੀ ਅਧਿਕਾਰੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਐਨ.ਓ.ਸੀ. ਆਦਿ ਦੇਣ ਵਿਚ ਆਨਾਕਾਨੀ ਕੀਤੀ ਹੈ ਤਾਂ ਅਸੀਂ ਸੱਤਾਂ ਵਿਚ ਆਉਣ ’ਤੇ ਉਨ੍ਹਾਂ ਅਫਸਰਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਾਂਗੇ। ਪੱਤਰਕਾਰਾਂ ਵਲੋਂ ਪੁੱਛੇ ਗਏ ਸਵਾਲ ਦੇ ਜਵਾਬ ’ਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਉਣ ਵਾਲੇ ਇਕ ਦੋ ਮਹੀਨਿਆਂ ’ਚ ਪੰਜਾਬ ’ਚ ਭਾਜਪਾ ਅਤੇ ਕਾਂਗਰਸ ਦਾ ਪੂਰੀ ਤਰ੍ਹਾਂ ਸਫਾਇਆ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਬੜੀ ਤੇਜ਼ੀ ਨਾਲ ਭਾਜਪਾ ਦੇ ਆਹੁਦੇਦਾਰ ਅਤੇ ਵਰਕਰ ਭਾਜਪਾ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੀ ਹੀ ਹਾਲਤ ਪੰਜਾਬ ’ਚ ਕਾਂਗਰਸੀਆਂ ਦੀ ਹੈ ਅਤੇ ਵੱਡੇ ਪੱਧਰ ’ਤੇ ਕਾਂਗਰਸੀ ਅਹੁਦੇਦਾਰ ਤੇ ਵਰਕਰ ਸ਼੍ਰੋਮਣੀ ਅਕਾਲੀ ਦਲ ’ਚ ਆਉਣ ਦੇ ਲਈ ਸਾਡੇ ਨਾਲ ਸੰਪਰਕ ਕਰ ਰਹੇ ਹਨ।
ਇਹ ਵੀ ਪੜ੍ਹੋ: ਬਰਨਾਲਾ ਦੀ ਧੀ ਗਰਿਮਾ ਵਰਮਾ ਬਣੀ ਅਮਰੀਕਾ ਦੇ ਰਾਸ਼ਟਰਪਤੀ ਦੀ ਪਤਨੀ ਦੀ ਡਿਜੀਟਲ ਡਾਇਰੈਕਟਰ
ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਸਫਲ ਮੁੱਖ ਮੰਤਰੀ ਦੱਸਦੇ ਕਿਹਾ ਕਿ ਈ ਵੋਟਰ ਵਲੋਂ ਹਾਲ ਹੀ ਵਿਚ ਇਕ ਸਰਵੇ ਕੀਤਾ ਗਿਆ ਹੈ, ਜਿਸ ਵਿਚ ਸਾਰੇ ਦੇਸ਼ ਦੇ ਮੁੱਖ ਮੰਤਰੀਆਂ ਦਾ ਸਰਵੇ ਕਰਨ ਉਪਰੰਤ ਇਹ ਰਿਪੋਰਟ ਦਿੱਤੀ ਗਈ ਹੈ ਕਿ ਦੇਸ਼ ਭਰ ਵਿਚ ਸਭ ਤੋਂ ਕਮਜੋਰ ਅਤੇ ਅਸਫਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੈ, ਜਿਨ੍ਹਾਂ ਨੂੰ ਸਿਰਫ 9 ਫ਼ੀਸਦੀ ਲੋਕ ਪਸੰਦ ਕਰਦੇ ਹਨ। ਸੁਖਬੀਰ ਸਿੰਘ ਬਾਦਲ ਨੇ ਇਕ ਪ੍ਰਸ਼ਨ ਦਾ ਉਤਰ ਦਿੰਦੇ ਹੋਏ ਕਿਹਾ ਕਿ ਪੰਜਾਬ ਵਿਚ ਆਉਣ ਵਾਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਹੋਵੇਗੀ। ਉਨ੍ਹਾਂ ਨੇ ਸਾਰੇ ਜ਼ਿਲਿ੍ਹਆਂ ਦੇ ਐੱਸ.ਐੱਸ.ਪੀ. ਤੇ ਡਿਪਟੀ ਕਮਿਸ਼ਨਰਾਂ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਕੋਈ ਵੀ ਪੁਲਸ ਜਾਂ ਪ੍ਰਸ਼ਾਸਨਿਕ ਅਫਸਰ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਤੇ ਵਰਕਰਾਂ ਦੇ ਨਾਲ ਕਿਸੇ ਤਰ੍ਹਾਂ ਦੀ ਜਿਆਦਤੀ ਨਾ ਕਰੇ।
ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਅੰਦੋਲਨ ਤੋਂ ਘਰ ਵਾਪਸ ਪਰਤੇ ਕਿਸਾਨ ਤੀਰਥ ਸਿੰਘ ਨੇ ਤੋੜਿਆ ਦਮ
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਅਧਿਕਾਰੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਆਹੁਦੇਦਾਰ ਜਾਂ ਵਰਕਰ ਨਾਲ ਕਿਸੇ ਤਰ੍ਹਾਂ ਦੀ ਜਿਆਦਤੀ ਕੀਤੀ ਜਾਂ ਉਨ੍ਹਾਂ ਨੇ ਝੂਠੇ ਮੁਕੱਦਮਿਆਂ ’ਚ ਫਸਾਇਆ ਤਾਂ ਸਰਕਾਰ
ਆਉਣ ’ਤੇ ਉਨ੍ਹਾਂ ਨੂੰ ਬਖਸ਼ਿਆ ਨਹੀ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸੱਤਾ ਵਿਚ ਆਉਂਦੇ ਹੀ ਅਸੀਂ ਇਕ ਕਮਿਸ਼ਨ ਬਿਠਾਵਾਂਗੇ, ਜੋ 3 ਮਹੀਨਿਆਂ ਦੇ ਅੰਦਰ-ਅੰਦਰ ਝੂਠੇ ਦਰਜ ਕੀਤੇ ਗਏ ਮੁਕੱਦਮਿਆਂ ਨੂੰ ਕੈਂਸਲ ਕਰੇਗਾ ਅਤੇ ਆਪਣੀ ਰਿਪੋਰਟ ਵਿਚ ਦੱਸੇਗਾ ਕਿ ਕਿਹੜੇ ਕਿਹੜੇ ਪੁਲਸ ਅਧਿਕਾਰੀਆਂ ਨੇ ਜਿਆਦਤੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ 3 ਮਹੀਨੇ ਦੇ ਅੰਦਰ ਅੰਦਰ ਉਨ੍ਹਾਂ ਅਫਸਰਾਂ ਨੂੰ ਡਿਸਮਿਸ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਖਿਲਾਫ ਮੁਕੱਦਮੇ ਦਰਜ ਕੀਤੇ ਜਾਣਗੇ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਮੈਂ ਆਪਣੀ ਲਾਲ ਡਾਇਰੀ ’ਚ ਉਨ੍ਹਾਂ ਦਾ ਨਾਮ ਲਿਖ ਰਿਹਾ ਹਾਂ, ਜੋ ਅਕਾਲੀ ਵਰਕਰਾਂ ਦੇ ਨਾਲ ਜਿਆਦਤੀਆਂ ਕਰ ਰਹੇ ਹਨ।
ਇਹ ਵੀ ਪੜ੍ਹੋ: ਰੇਲਵੇ ਨੇ ਕੀਤਾ ਵੱਡਾ ਫ਼ੈਸਲਾ, ਯਾਤਰੀਆਂ ਨੂੰ ਮਿਲੇਗੀ ਇਹ ਸੁਵਿਧਾ
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹੋਣ ਵਾਲੀਆਂ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸ਼ਾਨਦਾਰ ਜਿੱਤ ਹੋਵੇਗੀ ਅਤੇ ਪੰਜਾਬ ਵਿਚ ਕਾਂਗਰਸ ਤੇ ਭਾਜਪਾ ਦਾ ਨਾਮ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗਾ। ਇਕ ਸਵਾਲ ਦਾ ਜਵਾਬ ਦਿੰਦੇ ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਜਿੱਤ ਹੋਵੇਗੀ ਅਤੇ ਕੇਂਦਰ ਸਰਕਾਰ ਨੂੰ ਇਕ ਦਿਨ ਪਾਸ ਕੀਤੇ ਕਾਲੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਵਾਪਸ ਲੈਣਾ ਪਵੇਗਾ। ਇਸ ਮੌਕੇ ’ਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸ: ਜਨਮੇਜਾ ਸਿੰਘ ਸੇਖੋਂ ਨੇ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਨਾਮ ਦੀ ਕੋਈ ਚੀਜ਼ ਨਹੀਂ ਅਤੇ ਕੈਪਟਨ ਸਰਕਾਰ ਹਰ ਚੋਣਾਵੀਂ ਵਾਦਿਆਂ ਨੂੰ ਪੂਰਾ ਕਰਨ ਵਿਚ ਅਸਫਲ ਰਹੀ ਹੈ।
ਇਹ ਵੀ ਪੜ੍ਹੋ: ਦਰਦਨਾਕ ਘਟਨਾ: ਸੜਕ ਪਾਰ ਕਰਦਿਆਂ ਕਾਰ ਨੇ ਮਾਰੀ ਟੱਕਰ, ਕਈ ਫੁੱਟ ਦੂਰ ਜਾ ਡਿੱਗੀ 7 ਸਾਲਾ ਕੁੜੀ, ਮੌਤ
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਗੁੰਡਾਰਾਜ ਬਣਿਆ ਹੋਇਆ ਹੈ ਅਤੇ ਮਾਫੀਆ ਸਰਗਰਮ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਵਿਧਾਨ ਸਭਾ ਚੋਣਾਂ ਦਾ ਬੜੀ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਸੱਤਾ ਵਿਚ ਲਿਆਉਣ ਲਈ ਉਤਸੁਕ ਬੈਠੇ ਹੋਏ ਹਨ। ਇਸ ਮੌਕੇ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ, ਗੁਰੂਹਰਸਹਾਏ ਵਿਧਾਨ ਸਭਾ ਹਲਕੇ ਦੇ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਤੇ ਹੋਰ ਸ਼੍ਰੋਮਣੀ ਅਕਾਲੀ ਦਲ ਦੇ ਆਹੁਦੇਦਾਰ ਅਤੇ ਵਰਕਰ ਮੋਜੂਦ ਸਨ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?