ਜਲੰਧਰ ''ਚ ਖੁੱਲ੍ਹਿਆ ''ਖਾਲਸਾ ਏਡ'' ਦਾ ਦਫਤਰ

01/16/2019 6:46:28 PM

ਜਲੰਧਰ : ਵਿਸ਼ਵ ਪ੍ਰਸਿੱਧ ਸੰਸਥਾ 'ਖ਼ਾਲਸਾ ਏਡ' ਵਲੋਂ ਦੋਆਬਾ 'ਚ (ਜਲੰਧਰ) ਦਫਤਰ ਦਾ ਉਦਘਾਟਨ ਕੀਤਾ ਗਿਆ ਹੈ। ਇਹ ਦਫਤਰ ਜਲੰਧਰ ਦੇ ਅਰਬਨ ਅਸਟੇਟ ਵਿਖੇ ਖੋਲ੍ਹਿਆ ਗਿਆ ਹੈ। ਜਿੱਥੋਂ ਹੁਣ ਦੋਆਬਾ ਦੇ ਲੋਕ ਵੀ ਖ਼ਾਲਸਾ ਏਡ ਸੰਸਥਾ 'ਚ ਆਪਣੀਆਂ ਸੇਵਾਵਾਂ ਦੇਣ ਲਈ ਸੰਪਰਕ ਕਰ ਸਕਣਗੇ। 4 ਮਹਾਂਦੀਪਾਂ ਦੇ 26 ਦੇਸ਼ਾਂ 'ਚ ਸਰਗਰਮ ਖ਼ਾਲਸਾ ਏਡ ਸੰਸਥਾਂ ਭਾਰਤ 'ਚ ਵੀ ਬਕਾਇਦਾ ਕੰਮ ਕਰ ਰਹੀ ਹੈ। ਇਸ ਉਦਘਾਟਨੀ ਸਮਾਗਮ ਵਿਚ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ, ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ, ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਅਤੇ ਭਾਜਪਾ ਆਗੂ ਮਨੋਰੰਜਨ ਕਾਲੀਆ ਵਲੋਂ ਸ਼ਿਰਕਤ ਕੀਤੀ ਗਈ। ਉਨ੍ਹਾਂ ਖਾਲਸਾ ਏਡ ਵਲੋਂ ਮਨੁੱਖਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। 
ਖ਼ਾਲਸਾ ਏਡ ਦੇ ਏਸ਼ੀਆ ਦੇ ਡਾਇਰੈਕਟਰ ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਤ੍ਰਾਸਦੀ ਭਰੀਆਂ ਥਾਵਾਂ 'ਤੇ ਲੋਕਾਂ ਨੂੰ ਸਾਡੇ ਤੋਂ ਉਮੀਦ ਰਹਿੰਦੀ ਹੈ ਕਿ ਅਸੀਂ ਉਨ੍ਹਾਂ ਲਈ ਆਵਾਂਗੇ। ਇਸ ਲਈ ਅਸੀਂ ਉਨ੍ਹਾਂ ਥਾਵਾਂ 'ਤੇ ਸੇਵਾ ਲਈ ਯਕੀਨਨ ਪਹੁੰਚਦੇ ਹਾਂ। ਉਨ੍ਹਾਂ ਦੱਸਿਆ ਕਿ ਕੁਦਰਤੀ ਅਤੇ ਜੰਗੀ ਮੁਸੀਬਤਾਂ 'ਚ ਘਿਰੇ ਲੋਕਾਂ ਲਈ ਸੇਵਾ ਕਾਰਜਾਂ ਤੋਂ ਇਲਾਵਾ ਖਾਲਸਾ ਏਡ ਸਿਕਲੀਗਰ ਸਿੱਖਾਂ ਲਈ ਮੱਧ ਪ੍ਰਦੇਸ਼ 'ਚ ਕਾਰਜ ਕਰ ਰਹੀ ਹੈ। ਇਸ ਤੋਂ ਇਲਾਵਾ 1984 ਦੇ ਪੀੜਤਾਂ ਲਈ ਵੀ ਉਨ੍ਹਾਂ ਨੂੰ ਮਹੀਨਾਵਾਰ ਪੈਨਸ਼ਨ ਮੁਹੱਈਆ ਕਰਵਾਉਣ ਤੋਂ ਇਲਾਵਾ ਉਨ੍ਹਾਂ ਪਰਿਵਾਰਾਂ ਲਈ ਸਿਹਤ ਅਤੇ ਸਿੱਖਿਆ ਦੇ ਖੇਤਰ 'ਚ ਵੀ ਮਦਦ ਕੀਤੀ ਜਾ ਰਹੀ ਹੈ।


Gurminder Singh

Content Editor

Related News