ਖ਼ਾਲਿਸਤਾਨ ਟਾਈਗਰ ਫੋਰਸ ਦੇ ਅਰਸ਼ਦੀਪ ਡਾਲਾ ਦਾ ਭਰਾ ਦਿੱਲੀ ਹਵਾਈਅੱਡੇ ਤੋਂ ਕਾਬੂ
Monday, Aug 30, 2021 - 12:08 PM (IST)
 
            
            ਮੋਗਾ (ਅਜ਼ਾਦ) : ਮੋਗਾ ਪੁਲਸ ਵੱਲੋਂ ਖਾਲਿਸਤਾਨ ਟਾਈਗਰ ਫੋਰਸ ਦੇ ਕੈਨੇਡਾ ਰਹਿੰਦੇ ਅਰਸ਼ਦੀਪ ਸਿੰਘ ਡਾਲਾ ਦੇ ਭਰਾ ਬਲਦੀਪ ਸਿੰਘ, ਜਿਸ ਦੇ ਖ਼ਿਲਾਫ਼ ਕਈ ਮਾਮਲੇ ਦਰਜ ਹਨ ਅਤੇ ਉਸਦੇ ਖ਼ਿਲਾਫ਼ ਮੋਗਾ ਪੁਲਸ ਵੱਲੋਂ ਐੱਲ. ਓ. ਸੀ. ਜਾਰੀ ਕੀਤੀ ਗਈ ਸੀ ਤਾਂ ਕਿ ਉਹ ਵਿਦੇਸ਼ ਨਾ ਭੱਜ ਸਕੇ, ਨੂੰ ਦਿੱਲੀ ਅੰਤਰਰਾਸ਼ਟਰੀ ਏਅਰਪੋਰਟ ਤੋਂ ਕਾਬੂ ਕੀਤਾ ਗਿਆ, ਜੋ ਸਟੱਡੀ ਵੀਜ਼ਾ ’ਤੇ ਕੈਨੇਡਾ ਜਾਣ ਵਾਲਾ ਸੀ। ਇਸ ਸਬੰਧ ’ਚ ਜ਼ਿਲ੍ਹਾ ਪੁਲਸ ਮੁਖੀ ਧਰੂਮਨ ਐੱਚ. ਨਿੰਬਾਲੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੋਗਾ ਪੁਲਸ ਦੀ ਵਿਸ਼ੇਸ਼ ਟੀਮ ਵੱਲੋਂ ਪਾਕਿਸਤਾਨ ਦੀ ਅੰਤਰਰਾਸ਼ਟਰੀ ਸਰਹੱਦ ’ਤੇ ਤਿੰਨ ਪੁਆਇੰਟ 30 ਬੋਰ ਵਿਦੇਸ਼ੀ ਪਿਸਤੌਲ ਅਤੇ ਇਕ 9 ਐੱਮ. ਐੱਮ. ਪਿਸਟਲ ਦੇ ਇਲਾਵਾ 4 ਮੈਗਜ਼ੀਨ, 8 ਕਾਰਤੂਸ ਅਤੇ ਇਕ ਛੋਟਾ ਬੈਗ, ਜਿਸ ’ਚ ਉਕਤ ਅਸਲਾ ਛੁਪਾ ਕੇ ਸਰਹੱਦ ਦੇ ਕੋਲ ਜ਼ੀਰੋ ਲਾਈਨ ’ਤੇ ਜ਼ਮੀਨ ਦੇ ਹੇਠਾਂ ਦਬਾ ਕੇ ਰੱਖਿਆ ਗਿਆ ਸੀ, ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ’ਚ ਕਾਬੂ ਕੀਤਾ ਗਿਆ ਬਲਦੀਪ ਸਿੰਘ ਕਈ ਮਾਮਲਿਆਂ ’ਚ ਪੁਲਸ ਨੂੰ ਲੋੜੀਂਦਾ ਸੀ। ਇਸ ਸਬੰਧੀ ਅੱਗੇ ਜਾਣਕਾਰੀ ਦਿੰਦਿਆਂ ਧਰੂਮਨ ਐੱਚ. ਨਿੰਬਾਲੇ ਅਤੇ ਐੱਸ. ਪੀ. ਆਈ. ਜਗਤਪ੍ਰੀਤ ਸਿੰਘ ਨੇ ਦੱਸਿਆ ਕਿ ਅਰਸ਼ਦੀਪ ਸਿੰਘ ਵਾਸੀ ਪਿੰਡ ਡਾਲਾ (ਹਾਲ ਆਬਾਦ ਕੈਨੇਡਾ, ਜੋ ਪੰਜਾਬ ਦਾ ਏ ਕੈਟਾਗਰੀ ਦਾ ਗੈਂਗਸਟਰ ਹੈ ਅਤੇ ਜਿਸ ’ਤੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿਚ ਫਿਰੌਤੀ ਅਤੇ ਕਤਲ ਦੀਆਂ ਵਾਰਦਾਤਾਂ ਕਰਨ ਦੇ ਮੁਕੱਦਮੇ ਦਰਜ ਹਨ) ਵਿਦੇਸ਼ ਕੈਨੇਡਾ ਵਿਚ ਹੀ ਬੈਠ ਕੇ ਮੋਗਾ ਜ਼ਿਲਾ ਅਤੇ ਨਾਲ ਲੱਗਦੇ ਕਈ ਜ਼ਿਲ੍ਹਿਆਂ ਵਿਚ ਬਿਜ਼ਨੈੱਸਮੈਨਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਫਿਰੌਤੀ ਮੰਗਦਾ ਹੈ।
ਇਹ ਵੀ ਪੜ੍ਹੋ : ਮੁੱਖ ਸਕੱਤਰ ਵਲੋਂ ਕੈਂਸਰ ਟਰਸ਼ਰੀ ਕੇਅਰ ਹਸਪਤਾਲ ਨੂੰ ਨਵੰਬਰ ਤੱਕ ਕਾਰਜਸ਼ੀਲ ਕਰਨ ਦੇ ਹੁਕਮ
ਜ਼ਿਲ੍ਹਾ ਮੋਗਾ ਦੇ ਸੁਪਰਸ਼ਾਈਨ ਸ਼ੋਅਰੂਮ ਦੇ ਮਾਲਕ ਦੇ ਕਤਲ, ਦਿਆਲਪੁਰਾ ਵਿਚ ਡੇਰਾ ਪ੍ਰੇਮੀ ਮਨੋਹਰ ਲਾਲ ਦੇ ਕਤਲ, ਸੁੱਖਾ ਲੰਮੇ ਗੈਂਗਸਟਰ ਦੇ ਕਤਲ ਅਤੇ ਫਿਲੌਰ ਵਿਚ ਮੰਦਰ ਦੇ ਪੰਡਿਤ ’ਤੇ ਜਾਨਲੇਵਾ ਹਮਲੇ ਵਿਚ ਅਰਸ਼ਦੀਪ ਸਿੰਘ ਉਰਫ ਅਰਸ਼ ਡਾਲਾ ਦਾ ਪੂਰਾ ਸਹਿਯੋਗ ਸੀ। ਅਰਸ਼ਦੀਪ ਸਿੰਘ ਉਰਫ ਅਰਸ਼ ਡਾਲਾ ਖਿਲਾਫ ਵੱਖ-ਵੱਖ ਜ਼ਿਲ੍ਹਿਆਂ ’ਚ 11 ਦੇ ਕਰੀਬ ਮੁਕੱਦਮੇ ਦਰਜ ਹਨ। ਬਲਦੀਪ ਸਿੰਘ ਜੋ ਕਿ ਅਰਸ਼ਦੀਪ ਸਿੰਘ ਉਰਫ ਅਰਸ਼ ਡਾਲਾ ਦਾ ਭਰਾ ਹੈ, ਨੂੰ ਮਾਣਯੋਗ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਉਹ ਗੈਰ-ਹਾਜ਼ਰ ਹੋ ਗਿਆ ਸੀ, ਜਿਸ ਲਈ ਮੋਗਾ ਪੁਲਸ ਵੱਲੋਂ ਉਸਦੀ ਲਗਾਤਾਰ ਭਾਲ ਜਾਰੀ ਸੀ, ਜਿਸ ਅਧੀਨ ਮੋਗਾ ਪੁਲਸ ਨੂੰ ਜਾਣਕਾਰੀ ਮਿਲੀ ਕਿ ਅਰਸ਼ਦੀਪ ਸਿੰਘ ਅਤੇ ਬਲਦੀਪ ਸਿੰਘ ਦੁਆਰਾ ਪੰਜਾਬ ਵਿਚ ਵਾਰਦਾਤਾਂ ਕਰਨ ਲਈ ਪਾਕਿਸਤਾਨ ਤੋਂ ਅੰਤਰਰਾਸ਼ਟਰੀ ਸਰਹੱਦ ਰਾਹੀਂ ਭਾਰੀ ਵਿਦੇਸ਼ੀ ਅਸਲੇ ਦੀ ਖੇਪ ਮੰਗਵਾਈ ਗਈ ਹੈ, ਜਿਸ ’ਤੇ ਕਾਰਵਾਈ ਕਰਦੇ ਹੋਏ ਮੋਗਾ ਪੁਲਸ ਦੀ ਟੀਮ ਨੇ ਬੀ. ਐੱਸ. ਐੱਫ. ਨਾਲ ਜੁਆਇੰਟ ਆਪ੍ਰੇਸ਼ਨ ਕਰਦੇ ਹੋਏ ਉਸ ਏਰੀਏ ਦੀ ਸਰਚ ਕੀਤੀ, ਜਿਸ ’ਚ 4 ਅੰਤਰਰਾਸ਼ਟਰੀ ਪਿਸਤੌਲ (ਤਿੰਨ .30 ਬੋਰ ਅਤੇ ਇਕ .9 ਐੱਮ. ਐੱਮ.), 4 ਮੈਗਜ਼ੀਨ, 8 ਬੁਲੇਟਸ ਅਤੇ ਛੋਟੇ ਬੈਗ ਭਾਰਤ ਅਤੇ ਪਾਕਿਸਤਾਨ ਦੇ ਅੰਤਰਰਾਸ਼ਟਰੀ ਬਾਰਡਰ ਦੀ ਜ਼ੀਰੋ ਲਾਈਨ ਤੋਂ ਬਰਾਮਦ ਕੀਤੇ ਹਨ। ਇਸ ਸਬੰਧ ਵਿਚ ਧਾਰਾ 384, 386, 506 ਅਤੇ 120-ਬੀ ਭ. ਦ. ਅਤੇ 25 ਅਸਲਾ ਐਕਟ ਅਧੀਨ ਥਾਣਾ ਸਿਟੀ ਮੋਗਾ ਵਿਖੇ ਅਰਸ਼ਦੀਪ ਸਿੰਘ ਅਤੇ ਬਲਦੀਪ ਸਿੰਘ ਵਾਸੀ ਡਾਲਾ ਖਿਲਾਫ ਕੇਸ ਰਜਿਸਟਰ ਕੀਤਾ ਹੈ।
ਇਹ ਵੀ ਪੜ੍ਹੋ : ਹਿੰਦੂ ਤੇ ਦਲਿਤ ਵਿਧਾਇਕ ਕੈਪਟਨ ਨਾਲ ਡਟੇ ਰਹੇ, ਸਿਰਫ ਜਾਟ-ਸਿੱਖ ਵਿਧਾਇਕਾਂ ’ਚ ਦਰਾਰ ਆਈ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            