88 ਲੋਕਾਂ ਦਾ ਸਮੂਹਕ ਕਤਲ ਕਰਨ ਵਾਲੀ 'ਖਾਲਿਸਤਾਨ ਲਿਬਰੇਸ਼ਨ ਫੋਰਸ' ਕੀ ਅਜੇ ਵੀ ਪੰਜਾਬ 'ਚ ਸਰਗਰਮ ਹੈ?
Monday, Jul 31, 2023 - 10:59 AM (IST)
ਜਲੰਧਰ (ਇੰਟ)- ਹਾਲ ਹੀ ਵਿਚ ਪੰਜਾਬ ਪੁਲਸ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ. ਐੱਲ. ਐੱਫ.) ਅਤੇ ਪਾਕਿਸਤਾਨੀ ਇੰਟਰ-ਸਰਵਿਸਿਜ਼-ਇੰਟੈਲੀਜੈਂਸ (ਆਈ. ਐੱਸ. ਆਈ.) ਦੇ 5 ਕਾਰਕੁੰਨਾਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਆਜ਼ਾਦੀ ਦਿਹਾੜੇ ’ਤੇ ਪੰਜਾਬ ਵਿੱਚ ਦਿਲ ਦਹਿਲਾ ਦੇਣ ਵਾਲੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਾ ਸੀ। ਜੇਕਰ ਪੰਜਾਬ ਪੁਲਸ ਦਾ ਇਹ ਦਾਅਵਾ ਸੱਚ ਹੈ ਤਾਂ ਇਹ ਆਪਣੇ-ਆਪ ਵਿੱਚ ਇੱਕ ਵੱਡਾ ਸਵਾਲ ਹੈ ਕਿ ਕੀ 1986 ਵਿੱਚ ਸਥਾਪਿਤ ਇਹ ਖ਼ਤਰਨਾਕ ਅੱਤਵਾਦੀ ਸੰਗਠਨ ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਅਜੇ ਵੀ ਸਰਗਰਮ ਹੈ? ਅੱਤਵਾਦ ਦੇ ਦੌਰ ਦੌਰਾਨ ਇਸ ਸੰਗਠਨ ਦੇ ਅੱਤਵਾਦੀਆਂ ਨੇ ਬੇਰਹਿਮੀ ਨਾਲ 88 ਲੋਕਾਂ ਦਾ ਸਮੂਹਿਕ ਕਤਲ ਕੀਤਾ ਸੀ। ਇਹ ਵੀ ਦੱਸਿਆ ਗਿਆ ਹੈ ਕਿ ਕੇ. ਐੱਲ. ਐੱਫ. ਨੇ ਦਾਊਦ ਇਬਰਾਹਿਮ ਅਤੇ ਸਟੂਡੈਂਟਸ ਇਸਲਾਮਿਕ ਮੂਵਮੈਂਟ ਆਫ ਇੰਡੀਆ (ਸਿਮੀ) ਵਰਗੇ ਇਸਲਾਮੀ ਸਮੂਹਾਂ ਨਾਲ ਸਬੰਧ ਸਥਾਪਿਤ ਕੀਤੇ ਹਨ।
ਆਈ. ਐੱਸ. ਆਈ. ਨੇ ਕੇ. ਐੱਲ. ਐੱਫ. ਨੂੰ ਮੁੜ ਸੁਰਜੀਤ ਕੀਤਾ
ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਸੰਸਥਾ 1995 ਵਿੱਚ ਖ਼ਤਮ ਹੋਣ ਦੀ ਕਗਾਰ ’ਤੇ ਸੀ ਪਰ 2009 ਵਿੱਚ ਕੇ. ਐੱਲ. ਐੱਫ. ਨੂੰ ਆਈ. ਐੱਸ. ਆਈ. ਦੁਆਰਾ ਮਲੇਸ਼ੀਆ ਵਿੱਚ ਮੁੜ ਸੁਰਜੀਤ ਕੀਤਾ ਗਿਆ ਸੀ। ਭਾਰਤ ਸਰਕਾਰ ਦੁਆਰਾ ਪਾਬੰਦੀਸ਼ੁਦਾ, ਇਹ ਇੱਕ ਅਜਿਹਾ ਸੰਗਠਨ ਹੈ, ਜੋ ਹਥਿਆਰਬੰਦ ਹਿੰਸਾ ਦੇ ਆਧਾਰ '’ਤੇ ਪੰਜਾਬ ਨੂੰ ਭਾਰਤ ਤੋਂ ਵੱਖ ਕਰਨਾ ਅਤੇ ਖਾਲਿਸਤਾਨ ਦੀ ਸਥਾਪਨਾ ਕਰਨਾ ਚਾਹੁੰਦਾ ਹੈ। ਜੇਕਰ ਇਸ ਜਥੇਬੰਦੀ ਨੇ ਭਾਰਤ ਵਿੱਚ ਆਪਣੀਆਂ ਸਰਗਰਮੀਆਂ ਸ਼ੁਰੂ ਕੀਤੀਆਂ ਹਨ ਤਾਂ ਪੰਜਾਬ ਸਰਕਾਰ ਅਤੇ ਪੁਲਸ ਦੇ ਸਾਹਮਣੇ ਇਹ ਵੱਡੀ ਚੁਣੌਤੀ ਹੈ। ਕੇ. ਐੱਲ. ਐੱਫ. ਦੀ ਮੌਜੂਦਾ ਲੀਡਰਸ਼ਿਪ ਦਾ ਮੰਨਣਾ ਹੈ ਕਿ ਉਹ ਹਮਲੇ ਕਰਵਾ ਕੇ ਸਮਾਜ ਦਾ ਫਿਰਕੂ ਲੀਹਾਂ ’ਤੇ ਧਰੁੱਵੀਕਰਨ ਕਰਨਗੇ ਅਤੇ ਖਾਲਿਸਤਾਨ ਲਹਿਰ ਨੂੰ ਮੁੜ ਸੁਰਜੀਤ ਕਰਨਗੇ।
ਇਹ ਵੀ ਪੜ੍ਹੋ: ਪੰਜਾਬ ਦਾ ਮੋਸਟ ਵਾਂਟਿਡ ਅਪਰਾਧੀ ਪਹੁੰਚਿਆ ਅਮਰੀਕਾ, ਸਿਆਸੀ ਸ਼ਰਨ ਦੇ ਨਾਂ ’ਤੇ ਫਿਰ ਤਿਰੰਗੇ ਦਾ ਅਪਮਾਨ
ਮੁਕਾਬਲੇ ਵਿੱਚ ਮਾਰਿਆ ਗਿਆ ਸੀ ਪੁਰਾਣਾ ਮੁਖੀ
ਦੱਖਣੀ ਏਸ਼ੀਆ ਟੈਰੇਰਿਸਟ ਪੋਰਟਲ ’ਤੇ ਉਪਲਬਧ ਜਾਣਕਾਰੀ ਦੇ ਅਨੁਸਾਰ, 1986 ਵਿੱਚ ਅਰੂੜ ਸਿੰਘ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ (ਏ. ਆਈ. ਐੱਸ. ਐੱਸ. ਐੱਫ.) ਦੇ ਪ੍ਰੈਸੀਡਿਅਮ ਧੜੇ ਦੇ ਹਥਿਆਰਬੰਦ ਵਿੰਗ ਵਜੋਂ ਕੇ. ਐੱਲ. ਐੱਫ. ਦੇ ਬੈਨਰ ਹੇਠ ਮਾਈ ਭਾਗੋ ਰੈਜੀਮੈਂਟ ਦੀ ਸਥਾਪਨਾ ਕੀਤੀ ਸੀ। ਕੇ. ਐੱਲ. ਐੱਫ. ਦਾ ਸੰਸਥਾਪਕ ਅਰੂੜ ਸਿੰਘ 1986 ਵਿੱਚ ਇੱਕ ਮੁਕਾਬਲੇ ਵਿੱਚ ਮਾਰਿਆ ਗਿਆ ਸੀ। ਬਾਅਦ ਵਿੱਚ 1987 ਵਿੱਚ ਅਵਤਾਰ ਸਿੰਘ ਬ੍ਰਹਮਾ ਦੇ ਨਾਂ ’ਤੇ ਸੰਸਥਾ ਬਣਾਈ ਗਈ। ਉਹ ਵੀ ਅਗਸਤ 1988 ਵਿੱਚ ਰਾਜਸਥਾਨ ਵਿੱਚ ਇੱਕ ਮੁਕਾਬਲੇ ਵਿੱਚ ਮਾਰਿਆ ਗਿਆ ਸੀ। ਇਸ ਤੋਂ ਬਾਅਦ ਗੁਰਜੰਟ ਸਿੰਘ ਬੁੱਧ ਸਿੰਘਵਾਲਾ ਨੇ ਜਥੇਬੰਦੀ ਦੀ ਕਮਾਨ ਸੰਭਾਲੀ ਪਰ ਉਸ ਦਾ ਵੀ 29 ਜੁਲਾਈ 1992 ਨੂੰ ਕਤਲ ਕਰ ਦਿੱਤਾ ਗਿਆ। ਗੁਰਜੰਟ ਸਿੰਘ ਦੇ ਖਾਤਮੇ ਤੋਂ ਬਾਅਦ ਅਗਲਾ ਮੁਖੀ ਪ੍ਰੀਤਮ ਸਿੰਘ ਸੇਖੋਂ ਸੀ, ਜੋ 1992 ਵਿੱਚ ਪਾਕਿਸਤਾਨ ਭੱਜ ਗਿਆ ਅਤੇ 2008 ਵਿੱਚ ਉਸਦੀ ਮੌਤ ਹੋ ਗਈ ਸੀ।
ਬ੍ਰਿਟੇਨ ’ਚ ਮਾਰਿਆ ਗਿਆ ਅੱਤਵਾਦੀ ਖੰਡਾ ਦੇਖ ਰਿਹਾ ਸੀ ਸੰਗਠਨ
ਹਰਮੀਤ ਸਿੰਘ ਪੀ. ਐੱਚ. ਡੀ. 2008 ਵਿੱਚ ਭਾਰਤ ਤੋਂ ਭੱਜ ਗਿਆ ਸੀ ਅਤੇ ਉਸ ਨੇ ਗੁਰਦੁਆਰਾ ਬੀਬੀ ਨਾਨਕੀ ਲਾਹੌਰ, ਪਾਕਿਸਤਾਨ ਵਿੱਚ ਸ਼ਰਨ ਲਈ ਸੀ ਅਤੇ ਸੰਗਠਨ ਦੀ ਕਮਾਨ ਸੰਭਾਲ ਲਈ ਸੀ। ਇੱਥੋਂ ਉਹ ਭਾਰਤ ’ਤੇ ਅਸਿੱਧੇ ਤੌਰ ’ਤੇ ਹਮਲਿਆਂ ਦੀ ਸਾਜ਼ਿਸ਼ ਰਚਦਾ ਰਿਹਾ। 2020 ਵਿਚ ਲਾਹੌਰ ਵਿਚ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਅਵਤਾਰ ਸਿੰਘ ਖੰਡਾ ਨੇ ਜਥੇਬੰਦੀ ਦੀ ਵਾਗਡੋਰ ਸੰਭਾਲੀ ਪਰ ਉਸ ਦੀ ਵੀ ਬਰਤਾਨੀਆ ਦੇ ਹਸਪਤਾਲ ਵਿੱਚ 15 ਜੂਨ ਨੂੰ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਉਹ ਡਿਬਰੂਗੜ੍ਹ ਜੇਲ ਵਿੱਚ ਬੰਦ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਦੇ ਬਹੁਤ ਨੇੜੇ ਸੀ।
ਇਹ ਵੀ ਪੜ੍ਹੋ: ਦੁਬਈ 'ਚ ਭਾਰਤੀ ਨਾਗਰਿਕ ਦਾ ਲੱਗਾ ਜੈਕਪਾਟ, 25 ਸਾਲਾਂ ਤੱਕ ਹਰ ਮਹੀਨੇ ਮਿਲਣਗੇ 5.5 ਲੱਖ ਰੁਪਏ
ਦੇਸ਼ ਦੇ ਇਨ੍ਹਾਂ ਖੇਤਰਾਂ ਵਿੱਚ ਸਰਗਰਮ ਸੀ ਕੇ. ਐੱਲ. ਐੱਫ.
1990 ਦੇ ਦਹਾਕੇ ਦੇ ਸ਼ੁਰੂ ਤੱਕ ਕੇ. ਐੱਲ. ਐੱਫ. ਪੰਜਾਬ ਵਿਚ ਪੂਰੀ ਤਰ੍ਹਾਂ ਸਰਗਰਮ ਸੀ। ਪੰਜਾਬ ਵਿੱਚ ਕੇ. ਐੱਲ. ਐੱਫ. ਦੇ ਮੁੱਖ ਸੰਚਾਲਨ ਖੇਤਰ ਤਰਨਤਾਰਨ, ਮਜੀਠਾ, ਬਟਾਲਾ, ਲੁਧਿਆਣਾ, ਪਟਿਆਲਾ, ਕਪੂਰਥਲਾ, ਫ਼ਿਰੋਜ਼ਪੁਰ ਅਤੇ ਸੰਗਰੂਰ ਸਨ। ਇਸ ਦੇ ਮੈਂਬਰ ਮੁੰਬਈ, ਨਾਸਿਕ, ਇਲਾਹਾਬਾਦ, ਕੋਲਕਾਤਾ ਅਤੇ ਵਾਰਾਣਸੀ ਵਿੱਚ ਫੈਲੇ ਹੋਏ ਸਨ। ਕੇ. ਐੱਲ. ਐੱਫ. ਦੇ ਨਿਸ਼ਾਨੇ ’ਤੇ ਹਿੰਦੂ, ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.), ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.) ਅਤੇ ਹੋਰ ਸੁਰੱਖਿਆ ਬਲ ਵੀ ਸਨ।
ਫੰਡਿੰਗ ਅਤੇ ਹਥਿਆਰਾਂ ਦੀ ਵਰਤੋਂ
ਕੇ. ਐੱਲ. ਐੱਫ. ਆਟੋਮੈਟਿਕ ਹਥਿਆਰਾਂ ਅਤੇ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (I.E.D.) ਦੀ ਵਰਤੋਂ ਕਰਦੇ ਹੋਏ ਨਾਗਰਿਕਾਂ, ਸੁਰੱਖਿਆ ਬਲਾਂ ’ਤੇ ਹਮਲਿਆਂ ’ਚ ਸ਼ਾਮਲ ਰਿਹਾ ਹੈ। ਇਹ ਮੁੱਖ ਤੌਰ ’ਤੇ ਵਾਹਨਾਂ ਅਤੇ ਰੇਲਵੇ ਦੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾ ਕੇ ਵੱਡੇ ਪੱਧਰ ’ਤੇ ਹਮਲਿਆਂ ਨੂੰ ਅੰਜਾਮ ਦੇਣ ਲਈ ਆਈ. ਈ. ਡੀ. ਅਤੇ ਛੋਟੇ ਹਥਿਆਰਾਂ ਦੀ ਵਰਤੋਂ ਕਰਦਾ ਸੀ। ਕੇ. ਐੱਲ. ਐੱਫ. ਆਈ. ਐੱਸ. ਆਈ. ਦੇ ਨਿਰਦੇਸ਼ਾਂ ਤਹਿਤ ਕੰਮ ਕਰਦਾ ਹੈ। ਇਸ ਦੇ ਆਗੂ ਬਰਤਾਨੀਆ, ਇਟਲੀ ਅਤੇ ਕੈਨੇਡਾ ਵਿੱਚ ਖਾਲਿਸਤਾਨ ਪੱਖੀ ਅਨਸਰਾਂ ਨਾਲ ਵੀ ਸੰਪਰਕ ਰੱਖਦੇ ਹਨ। ਸੰਗਠਨ ਦੇ ਕਾਰਜਾਂ ਲਈ ਫੰਡਿੰਗ ਇਟਲੀ, ਯੂ.ਕੇ., ਕੈਨੇਡਾ ਅਤੇ ਸਕਾਟਲੈਂਡ ਵਿੱਚ ਸਥਿਤ ਕੇ. ਐੱਲ. ਐੱਫ. ਸਮਰਥਕਾਂ ਤੋਂ ਪ੍ਰਾਪਤ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ: ਕੈਨੇਡੀਅਨ ਅਦਾਲਤ 'ਚ ਭਾਰਤੀ ਦਾ ਵੱਡਾ ਕਬੂਲਨਾਮਾ, ਗ਼ੈਰ-ਕਾਨੂੰਨੀ ਢੰਗ ਨਾਲ US ਭੇਜੇ ਹਜ਼ਾਰਾਂ ਲੋਕ
ਕੇ. ਐੱਲ. ਐੱਫ. ਦੇ ਵੱਡੇ ਹਮਲੇ
- 01 ਦਸੰਬਰ 1992 ਨੂੰ ਕੇ. ਐੱਲ. ਐੱਫ. ਦੇ ਅੱਤਵਾਦੀਆਂ ਨੇ ਜਲੰਧਰ ਦੇ ਸਿੱਧਵਾਂ ’ਚ ਇਕ ਬੱਸ ਦੇ 16 ਯਾਤਰੀਆਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।
- 30 ਨਵੰਬਰ 1986 ਨੂੰ ਕੇ. ਐੱਲ. ਐੱਫ. ਦੇ ਅੱਤਵਾਦੀਆਂ ਨੇ ਹੁਸ਼ਿਆਰਪੁਰ ਦੇ ਖੁੱਡਾ ਨੇੜੇ ਬੱਸ ’ਚ 22 ਯਾਤਰੀਆਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ।
- 15 ਜੂਨ 1991 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬੱਦੋਵਾਲ ਵਿਖੇ ਰੇਲ ਗੱਡੀ ਵਿੱਚ ਕੇ. ਐੱਲ. ਐੱਫ. ਦੇ ਅੱਤਵਾਦੀਆਂ ਨੇ ਟਰੇਨ ਯਾਤਰੀਆਂ ’ਤੇ ਹਮਲਾ ਕੀਤਾ, ਜਿਸ ’ਚ ਘੱਟੋ-ਘੱਟ 50 ਯਾਤਰੀ ਮਾਰੇ ਗਏ ਅਤੇ 30 ਹੋਰ ਜ਼ਖਮੀ ਹੋ ਗਏ। ਇਸ ਦੌਰਾਨ ਆਪਣੇ ਹਿੰਦੂ ਸਹਿ ਯਾਤਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਲੇ ਕਈ ਸਿੱਖ ਵੀ ਜ਼ਖਮੀ ਹੋ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।