ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ''ਤੇ ਡੀ. ਜੀ. ਪੀ. ਦਾ ਵਿਵਾਦਤ ਬਿਆਨ
Saturday, Feb 22, 2020 - 06:53 PM (IST)
ਚੰਡੀਗੜ੍ਹ : ਕਰਤਾਰਪੁਰ ਸਾਹਿਬ ਦੇ ਲਾਂਘੇ 'ਤੇ ਪਾਸਪੋਰਟ ਦੀ ਸ਼ਰਤ ਹਟਾਏ ਜਾਣ ਦੀ ਪਾਕਿਸਤਾਨ ਦੀ ਮਨਸ਼ਾ 'ਤੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਸਵਾਲ ਚੁੱਕੇ ਹਨ। ਡੀ. ਜੀ. ਪੀ. ਨੇ ਕਿਹਾ ਕਿ ਜੇਕਰ ਪਾਸਪੋਰਟ ਦੀ ਸ਼ਰਤ ਹੱਟਦੀ ਹੈ ਤਾਂ ਇਸ ਨਾਲ ਖਤਰਾ ਹੋਰ ਵਧੇਗਾ। 'ਦਿ ਇੰਡੀਅਨ ਐਕਸਪ੍ਰੈੱਸ' ਵਿਚ ਛਪੀ ਖਬਰ ਮੁਤਾਬਕ ਡੀ. ਜੀ. ਪੀ. ਦਿਨਕਰ ਗੁਪਤਾ ਨੇ ਦਾਅਵਾ ਕੀਤਾ ਹੈ ਕਿ ਇਹ ਸੰਭਵ ਹੈ ਕਿ ਤੁਸੀਂ ਸਵੇਰ ਨੂੰ ਇਕ ਆਮ ਵਿਅਕਤੀ ਨੂੰ ਕਰਤਾਰਪੁਰ ਭੇਜੋ ਅਤੇ ਸ਼ਾਮ ਤੱਕ ਉਹ ਵਿਅਕਤੀ ਟਰੇਂਡ ਅੱਤਵਾਦੀ ਬਣ ਕੇ ਵਾਪਸ ਆ ਜਾਵੇਗਾ। ਤੁਸੀਂ ਛੇ ਘੰਟੇ ਉੱਥੇ ਹੋ, ਤੁਹਾਨੂੰ ਫਾਇਰਿੰਗ ਰੇਂਜ 'ਤੇ ਲਿਜਾਇਆ ਜਾ ਸਕਦਾ ਹੈ, ਤੁਹਾਨੂੰ ਆਈ. ਈ. ਡੀ. ਬਣਾਉਣਾ ਸਿਖਾਇਆ ਜਾ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਹਾਲੇ ਤੱਕ ਲਾਂਘਾ ਨਾ ਖੋਲ੍ਹਣ ਦੇ ਕੁਝ ਕਾਰਨ ਸਨ। ਉਨ੍ਹਾਂ ਕਿਹਾ ਕਿ ਗੁਆਂਢੀ ਦੇਸ਼ ਵਿਚ ਅਧਾਰਤ ਕੁਝ ਤੱਤ ਸ਼ਰਧਾਲੂਆਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੇ ਸਨ।
ਦੂਜੇ ਪਾਸੇ ਡੀ. ਜੀ. ਪੀ. ਦੇ ਇਸ ਬਿਆਨ ਦੀ ਚੁਫੇਰਿਓਂ ਨਿੰਦਾ ਹੋ ਰਹੀ ਹੈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਡੀ. ਜੀ. ਪੀ. ਦੇ ਬਿਆਨ ਦੀ ਨਿਖੇਧੀ ਕੀਤੀ ਹੈ। ਸਿਰਸਾ ਨੇ ਆਖਿਆ ਕਿ ਅਜਿਹੇ ਬਿਆਨਾਂ ਨਾਲ ਕਾਂਗਰਸ ਦੀ ਮਾਨਸਿਕਤਾ ਜ਼ਾਹਰ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਸਿੱਖ ਹੋਣ ਦੇ ਨਾਤੇ ਉਨ੍ਹਾਂ ਦੀ ਸਰਕਾਰ ਦੇ ਡੀ. ਜੀ. ਪੀ. ਵਲੋਂ ਅਜਿਹੇ ਬਿਆਨ ਦੇਣੇ ਸ਼ੋਭਾ ਨਹੀਂ ਦਿੰਦੇ। ਸਿਰਸਾ ਨੇ ਕਿਹਾ ਕਿ ਸਿੱਖ ਆਪਣੇ ਦੇਸ਼ ਦੇ ਵਫਾਦਾਰ ਹਨ, ਜੇਕਰ ਕੋਈ ਹਿੰਦੂ ਮਾਨਸਰੋਵਰ ਜਾਂਦਾ ਹੈ ਤਾਂ ਉਹ ਅੱਤਵਾਦੀ ਬਣ ਕੇ ਵਾਪਸ ਨਹੀਂ ਪਰਤਦਾ ਹੈ। ਉਨ੍ਹਾਂ ਕਿਹਾ ਕਿ ਵਾਰ-ਵਾਰ ਕਾਂਗਰਸ ਵਲੋਂ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸਿਰਸਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਡੀ. ਜੀ. ਪੀ. ਖਿਲਾਫ ਕਾਰਵਾਈ ਕਰਨ ਦੇ ਨਾਲ ਨਾਲ ਇਸ ਬਿਆਨ 'ਤੇ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ।