ਤਾਰੀਖ਼ ਦਰ ਤਾਰੀਖ਼ ਕਰਤਾਰਪੁਰ ਸਾਹਿਬ ਲਾਂਘਾ

11/10/2019 6:11:22 PM

ਕਰਤਾਰਪੁਰ ਸਾਹਿਬ ਦਾ ਲਾਂਘਾ ਉਸ ਅਰਦਾਸ ਦੇ ਨਾਂ ਹੈ, ਜਿਸ ਅਰਦਾਸ 'ਚ ਯਕੀਨ ਸੀ ਕਿ ਪੰਜਾਬ ਬਾਬਾ ਫ਼ਰੀਦ, ਸ੍ਰੀ ਗੁਰੂ ਨਾਨਕ, ਵਾਰਿਸ ਅਤੇ ਬੁੱਲ੍ਹੇ ਦੀ ਸਾਂਝੀ ਧਰਤੀ ਹੈ।

ਭਵੀਸ਼ਨ ਸਿੰਘ ਗੁਰਾਇਆ : 1994 'ਚ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨਾਂ ਨੂੰ ਜਾਣਾ ਹੋਇਆ। ਗੁਰਦੁਆਰਾ ਪੰਜਾ ਸਾਹਿਬ ਉਕਾਫ਼ ਬੋਰਡ ਦੇ ਮੁਹੰਮਦ ਹਸਨ ਨਾਲ ਮੁਲਾਕਾਤ ਹੋਈ। ਭਵੀਸ਼ਨ ਸਿੰਘ ਮੁਤਾਬਕ ਇਹ ਪਹਿਲਾ ਮੌਕਾ ਸੀ, ਜਦੋਂ ਉਨ੍ਹਾਂ ਨੂੰ ਕਰਤਾਰਪੁਰ ਸਾਹਿਬ ਦੇ ਰੱਖ-ਰਖਾਅ ਬਾਰੇ ਕਿਹਾ ਗਿਆ। 1995 'ਚ ਬੜੀ ਸ਼ਰਧਾ ਦੇ ਨਾਲ ਬੋਰਡ ਨੇ ਕਰਤਾਰਪੁਰ ਸਾਹਿਬ ਦੀ ਸੇਵਾ ਕਰਵਾਈ। ਉਨ੍ਹਾਂ ਦਿਨਾਂ 'ਚ ਗੁਰਦੁਆਰਾ ਸਾਹਿਬ ਦੀ ਹਾਲਤ ਕੋਈ ਬਹੁਤੀ ਵਧੀਆ ਨਹੀਂ ਸੀ। ਇਸ ਸੇਵਾ ਨੇ ਪਹਿਲੀ ਵਾਰ ਇਕ ਉਮੀਦ ਦਿੱਤੀ ਕਿ ਹੁਣ ਉਹ ਦਿਨ ਦੂਰ ਨਹੀਂ, ਜਦੋਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਸੁਖਾਲੇ ਹੋ ਜਾਣਗੇ। ਪਾਕਿਸਤਾਨ ਦੇ ਪਿੰਡ ਮਿਆਦੀ ਦੇ ਈਸਾਈਆਂ ਬਾਰੇ ਅਕਸਰ ਸੁਣਦੇ ਹਾਂ ਕਿ ਉਹ ਵੀ ਕਰਤਾਰਪੁਰ ਸਾਹਿਬ ਦੀਵੇ ਜਗਾਉਂਦੇ ਰਹੇ ਹਨ। ਬਿਸ਼ਨ ਸਿੰਘ ਗੁਰਾਇਆ ਕਹਿੰਦੇ ਹਨ ਕਿ ਗਰੀਬ ਬੰਦਾ ਮਜ਼ਹਬ 'ਚ ਕੱਟੜ ਕਦੀ ਨਹੀਂ ਹੁੰਦਾ, ਕੱਟੜਤਾ ਤਾਂ ਸਿਆਸਤ 'ਚ ਹੁੰਦੀ ਹੈ। ਗੁਰਪ੍ਰਤਾਪ ਸਿੰਘ ਵਡਾਲਾ ਦੱਸਦੇ ਹਨ ਕਿ ਗੁਰਦਾਸਪੁਰ ਤੋਂ ਆਈ ਸੰਗਤ ਅਤੇ ਭਵੀਸ਼ਨ ਸਿੰਘ ਗੁਰਾਇਆ ਸਨ, ਜਿਨ੍ਹਾਂ ਨੇ ਕਰਤਾਰਪੁਰ ਲਾਂਘੇ ਲਈ ਪਹਿਲ ਕੀਤੀ। ਬਿਸ਼ਨ ਸਿੰਘ ਗੁਰਾਇਆ ਦੱਸਦੇ ਹਨ ਕਿ ਕਰਤਾਰਪੁਰ ਸਾਹਿਬ ਨਾਲ ਮੇਰੀ ਤੰਦ ਮੇਰੀ ਮਾਂ ਗੁਰਚਰਨ ਕੌਰ (1910-2011) ਕਰਕੇ ਜੁੜਦੀ ਹੈ। ਮੇਰੇ ਨਾਨਕੇ ਮੱਲ੍ਹਾਂ ਭਾਂਬੜਾਂ ਦੇ ਸਨ, ਜਿਹੜਾ ਕੱਕੇਕੇ ਪਿੰਡ ਦੇ ਨੇੜੇ ਸੀ । ਮਹਾਰਾਜਾ ਭੁਪਿੰਦਰ ਸਿੰਘ ਵਲੋਂ ਕਰਵਾਈ ਗਈ ਕਰਤਾਰਪੁਰ ਸਾਹਿਬ ਦੀ ਸੇਵਾ ਦੌਰਾਨ ਮੇਰੀ ਮਾਂ ਵੀ ਉਸ ਸੇਵਾ 'ਚ ਹਾਜ਼ਰ ਸੀ। ਮੇਰੀ ਮਾਂ ਦੱਸਦੀ ਹੁੰਦੀ ਸੀ ਕਿ ਕਿਵੇਂ ਮਹਾਰਾਜਾ ਆਪਣੀਆਂ ਰਾਣੀਆਂ ਦੇ ਨਾਲ ਇਸ ਸੇਵਾ 'ਚ ਸ਼ਾਮਲ ਹੋਇਆ ਅਤੇ ਕਿਵੇਂ ਦੂਰ-ਦੁਰਾਡੇ ਤੋਂ ਸੰਗਤਾਂ ਨੇ ਇਸ ਸੇਵਾ 'ਚ ਵੱਧ ਚੜ੍ਹ ਕੇ ਹਿੱਸਾ ਲਿਆ।

ਜਥੇਦਾਰ ਕੁਲਦੀਪ ਸਿੰਘ ਵਡਾਲਾ : ਜਥੇਦਾਰ ਕੁਲਦੀਪ ਸਿੰਘ ਵਡਾਲਾ ਦੇ ਸਾਥੀ ਰਹੇ ਬਟਾਲੇ ਤੋਂ ਗੁਰਿੰਦਰ ਸਿੰਘ ਬਾਜਵਾ ਦੱਸਦੇ ਹਨ ਕਿ ਨਵੰਬਰ 2000 'ਚ ਲਾਹੌਰ ਵਿਖੇ ਇਕ ਸੈਮੀਨਾਰ 'ਚ ਇਹ ਐਲਾਨ ਕੀਤਾ ਗਿਆ ਸੀ ਕਿ ਪਾਕਿ ਸਰਕਾਰ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਤਿਆਰ ਹੈ। ਇਸ ਤੋਂ ਬਾਅਦ 12 ਫਰਵਰੀ 2001 ਨੂੰ ਧਾਰੀਵਾਲ ਗੁਰਦੁਆਰਾ ਬੁਰਜ ਸਾਹਿਬ ਵਿਖੇ ਕਰਤਾਰਪੁਰ ਲਾਂਘੇ ਲਈ ਪਹਿਲੀ ਬੈਠਕ ਕੀਤੀ ਗਈ। ਜਥੇਦਾਰ ਕੁਲਦੀਪ ਸਿੰਘ ਵਡਾਲਾ ਅਤੇ ਸੰਗਤਾਂ ਨੇ ਮਿਲ ਕੇ ਕਰਤਾਰਪੁਰ ਰਾਵੀ ਦਰਸ਼ਨ ਅਭਿਲਾਸ਼ੀ ਸੰਸਥਾ ਦਾ ਨਿਰਮਾਣ ਕੀਤਾ। ਇਸ ਤੋਂ ਬਾਅਦ ਵਿਸਾਖੀ ਵਾਲੇ ਦਿਨ 14 ਅਪਰੈਲ 2001 ਨੂੰ ਡੇਰਾ ਬਾਬਾ ਨਾਨਕ ਧੁੱਸੀ ਬੰਨ੍ਹ 'ਤੇ ਜਾ ਕੇ ਪਹਿਲੀ ਅਰਦਾਸ ਕੀਤੀ ਗਈ। 2006 'ਚ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਇਹ ਮਸਲਾ ਪਾਕਿ ਦੇ ਘੱਟ ਗਿਣਤੀਆਂ ਦੇ ਮੰਤਰੀ ਕੋਲ ਚੁੱਕਿਆ ਗਿਆ। ਜਥੇਦਾਰ ਵਡਾਲਾ ਕਹਿੰਦੇ ਸਨ ਕਿ ਮੈਂ ਰਹਾਂ ਜਾਂ ਨਾ ਰਹਾਂ ਇਹ ਲਾਂਘਾ ਗੁਰੂ ਨੇ ਖੋਲ੍ਹਣਾ ਹੀ ਖੋਲ੍ਹਣਾ ਹੈ। ਪਹਿਲੀ ਅਰਦਾਸ ਤੋਂ ਬਾਅਦ ਅਗਲੇ ਮਹੀਨੇ ਦੀ ਅਰਦਾਸ 5 ਜੂਨ 2018 ਨੂੰ ਮੱਸਿਆ ਵਾਲੇ ਦਿਨ ਕੀਤੀ ਗਈ ਅਤੇ ਇਸ ਤੋਂ ਬਾਅਦ ਹੁਣ ਤੱਕ 208 ਅਰਦਾਸਾਂ ਹੋ ਚੁੱਕੀਆਂ ਹਨ। ਸਤੰਬਰ 2005 ਨੂੰ ਜਥੇਦਾਰ ਵਡਾਲਾ ਅਤੇ ਸੰਗਤਾਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਵਸ 'ਤੇ ਗਈਆਂ। 2006 ਨੂੰ ਇਸ ਬਾਰੇ ਉਸ ਸਮੇਂ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਵੀ ਮਿਲਿਆ ਗਿਆ । ਉਨ੍ਹਾਂ ਸਮਿਆਂ 'ਚ ਕੁਰੈਸ਼ੀ ਪ੍ਰਵੇਜ਼ ਮੁਸ਼ਰਫ ਸਰਕਾਰ ਦੇ ਮੰਤਰੀ ਹੁਣ 2019 ਦੀ ਇਸ ਇਤਿਹਾਸਕ ਤਾਰੀਖ ਵਾਰੀ ਵਿਦੇਸ਼ ਮੰਤਰੀ ਹਨ।

ਰਿਪਤ ਕਾਹਲੋਂ : ਇਸ ਤੋਂ ਪਹਿਲਾਂ 2005 ਨੂੰ ਬਟਾਲਾ ਵਿਖੇ ਸਰਬ ਪਾਰਟੀ ਮੀਟਿੰਗ ਸੱਦੀ ਗਈ, ਜਿਸ 'ਚ ਨਾਰੋਵਾਲ ਤੋਂ ਮੰਤਰੀ ਰਿਪਤ ਕਾਹਲੋਂ ਹਾਜ਼ਰ ਹੋਏ। ਰਿਪਤ ਕਾਹਲੋਂ ਦੇ ਪਤੀ ਜਾਵੇਦ ਕਾਹਲੋਂ ਨਾਰੋਵਾਲ ਦੇ ਮੇਅਰ ਸਨ। ਰਿਪਤ ਕਾਹਲੋਂ ਅਤੇ ਜਾਵੇਦ ਕਾਹਲੋਂ ਨੇ ਮਿਲ ਕੇ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਪਾਕਿ 'ਚ ਬਾਕਾਇਦਾ ਸਾਡੀ ਆਵਾਜ਼ ਚੁੱਕੀ ।

ਹਿੰਦੂ ਭਰਾ ਵੀ ਹੋਏ ਸ਼ਾਮਲ : ਗੁਰਪ੍ਰਤਾਪ ਸਿੰਘ ਵਡਾਲਾ ਕਹਿੰਦੇ ਹਨ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਇਕੱਲਾ ਸਿੱਖਾਂ ਦਾ ਮਸਲਾ ਨਹੀਂ ਸੀ। ਇਹ ਤਾਂ ਸਾਂਝੀਵਾਲਤਾ ਦੀ ਉਮੀਦ ਸੀ, ਜਿਸ 'ਚ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੇ ਨਾਲ ਦੀਵਾਲੀ ਤੋਂ ਗਿਆਨ ਚੰਦ, ਧਨਾਲ ਤੋਂ ਓਮ ਪ੍ਰਕਾਸ਼ ਅਤੇ ਬੰਡਾਲਾ ਤੋਂ ਪਵਨ ਕੁਮਾਰ ਬਾਕੀ ਹਿੰਦੂ ਵੀਰਾਂ ਦੇ ਨਾਲ ਵੀ ਸ਼ਾਮਲ ਹੁੰਦੇ ਰਹੇ ਹਨ।

ਜ਼ੋਨ ਮੈਕਡੋਨਾਲਡ : ਜ਼ੋਨ ਸਾਬਕਾ ਅਮਰੀਕਨ ਸਫੀਰ ਹੈ, ਜੋ 40 ਸਾਲ ਅਮਰੀਕਨ ਕੂਟਨੀਤਕ ਅਤੇ ਸਫ਼ੀਰ ਰਹਿਣ ਮਗਰੋਂ 1987 'ਚ ਰਿਟਾਇਰ ਹੋਇਆ। ਉਨ੍ਹਾਂ ਨੇ 1992 'ਚ ਇੰਟਰਨੈਸ਼ਨਲ ਮਲਟੀ ਟਰੈਕ ਡਿਪਲੋਮੈਸੀ ਨਾਂ ਦੀ ਸੰਸਥਾ ਬਣਾਈ, ਜੋ ਦੁਨੀਆਂ 'ਚ ਸਮਾਜਿਕ ਆਰਥਿਕ ਅਤੇ ਵੱਖ-ਵੱਖ ਕੌਮਾਂ 'ਚ ਅਮਨ ਦਾ ਮਾਹੌਲ ਬਣਾਉਣ ਲਈ ਕੰਮ ਕਰ ਰਹੀ ਹੈ। ਪਿਛਲੀ ਸਦੀ ਦੇ ਇਤਿਹਾਸਕ ਤਾਰੀਖ ਬਰਲਿਨ ਦੀ ਕੰਧ ਦਾ ਡਿੱਗਣਾ ਅਤੇ ਕਸ਼ਮੀਰ 'ਚ ਉੜੀ ਮੁਜ਼ੱਫਰਾਬਾਦ ਬੱਸ ਸੇਵਾ ਦੀ ਲਾਮਬੰਦੀ ਜ਼ੋਨ ਮੈਕਡੋਨਾਲਡ ਨੇ ਹੀ ਕੀਤੀ ਸੀ। ਸਾਊਥ ਏਸ਼ੀਆ ਕੋਪਰੇਸ਼ਨ ਐਂਡ ਦੀ ਰੋਲ ਆਫ ਦੀ ਪੰਜਾਬ ਦੇ ਲੇਖਕ ਤ੍ਰਿਦਿਵੇਸ਼ ਸਿੰਘ ਮੈਣੀ ਦੱਸਦੇ ਹਨ ਕਿ ਉਹ ਜ਼ੋਨ ਨੂੰ ਅਮਰੀਕਾ 'ਚ ਆਪਣੀ ਪੜ੍ਹਾਈ ਦੌਰਾਨ ਮਿਲੇ ਸਨ ਅਤੇ ਵਾਲੰਟੀਅਰ ਤੌਰ 'ਤੇ ਉਨ੍ਹਾਂ ਦੀ ਸੰਸਥਾ ਆਈ. ਐੱਮ. ਡੀ. ਲਈ ਕੰਮ ਕਰਦੇ ਸਨ। 2008 'ਚ ਉਹ ਜ਼ੋਨ ਨੂੰ ਡੇਰਾ ਬਾਬਾ ਨਾਨਕ ਲੈ ਕੇ ਆਏ, ਜਿੱਥੇ ਉਹ ਜਥੇਦਾਰ ਵਡਾਲਾ ਨੂੰ ਮਿਲੇ ਸਨ। ਇਸ ਤੋਂ ਬਾਅਦ ਜ਼ੌਨ ਅਮਰੀਕਾ ਦੀ ਸੰਸਥਾ ਯੂਨਾਈਟਿਡ ਸਿੱਖ ਮਿਸ਼ਨ ਦੇ ਸੰਪਰਕ 'ਚ ਆਏ ਅਤੇ ਉਨ੍ਹਾਂ ਨੇ ਕਰਤਾਰਪੁਰ ਸਾਹਿਬ ਲਾਂਘੇ ਲਈ ਕੌਮਾਂਤਰੀ ਪੱਧਰ 'ਤੇ ਪ੍ਰਚਾਰ ਕਰਨਾ ਸ਼ੁਰੂ ਕੀਤਾ।

ਯੂਨਾਈਟਿਡ ਸਿੱਖ ਮਿਸ਼ਨ : 2005 'ਚ ਬਣਿਆ ਯੂਨਾਈਟਿਡ ਸਿੱਖ ਮਿਸ਼ਨ ਦੇ ਮੁਖੀ ਰਸ਼ਪਾਲ ਸਿੰਘ ਢੀਂਡਸਾ ਦੱਸਦੇ ਹਨ ਕਿ ਉਨ੍ਹਾਂ ਨੇ ਕਰਤਾਰਪੁਰ ਸਾਹਿਬ ਲਾਂਘੇ ਦੇ ਲਈ 2009 'ਚ ਕਰਨਾ ਸ਼ੁਰੂ ਕੀਤਾ ਸੀ । ਇਸ ਦੌਰਾਨ ਉਨ੍ਹਾਂ ਨੇ ਕਰਤਾਰਪੁਰ ਸਾਹਿਬ ਲਾਂਘੇ ਲਈ ਦੋ ਦੇਸ਼ਾਂ ਦਰਮਿਆਨ ਕਿਸ ਤਰ੍ਹਾਂ ਦਾ ਨਕਸ਼ਾ ਲਾਂਘੇ ਦਾ ਹੋਵੇਗਾ ? ਕਿੰਨਾ ਖਰਚਾ ਆਵੇਗਾ? ਇਸ ਦਾ ਖਾਕਾ ਕੀ ਹੋਵੇਗਾ? ਇਸ ਦੀ ਪੂਰੀ ਰਿਪੋਰਟ ਤਿਆਰ ਕਰਕੇ ਸਰਵੇ ਦੀਆਂ 560 ਬੁਕਲੈੱਟ ਬਣਵਾਈਆਂ ਅਤੇ ਦੋਵਾਂ ਦੇਸ਼ਾਂ ਦੇ ਰਹਿਨੁਮਾ ਨੂੰ 2010 'ਚ ਇਹ ਬੁੱਕਲੈੱਟ ਵੰਡੀਆਂ ਗਈਆਂ। ਇਸ ਗੱਲਬਾਤ 'ਚ ਖਾਕਾ ਅਤੇ ਖਰਚੇ ਦੀ ਰਿਪੋਰਟ 'ਚ ਜ਼ਿਕਰ ਹੈ ਕਿ ਕੁੱਲ ਖਰਚਾ 17 ਮਿਲੀਅਨ ਡਾਲਰ ਹੈ। ਇਸ ਨੂੰ ਤਿਆਰ ਕਰਨ ਚ 14.8 ਮਿਲੀਅਨ ਡਾਲਰ ਪਾਕਿ ਦਾ ਅਤੇ 2.2 ਮਿਲੀਅਨ ਦਾ ਭਾਰਤ ਦਾ ਖਰਚਾ ਆਉਣ ਦੀ ਸੰਭਾਵਨਾ ਹੈ। ਇਹ ਸੰਜੋਗ ਹੈ ਜਾਂ ਸਹੀ ਕਿ ਕਰਤਾਰਪੁਰ ਸਾਹਿਬ ਲਾਂਘੇ ਦਾ ਨਮੂਨਾ ਹੂਬਹੂ ਯੂਨਾਈਟਡ ਸਿੱਖ ਮਿਸ਼ਨ ਵਲੋਂ ਪੇਸ਼ ਕੀਤੇ ਗਏ ਨਕਸ਼ੇ ਵਰਗਾ ਹੈ। ਰਸ਼ਪਾਲ ਸਿੰਘ ਢੀਂਡਸਾ ਕਹਿੰਦੇ ਹਨ ਕਿ ਯੂਨਾਈਟਿਡ ਸਿੱਖ ਮਿਸ਼ਨ ਦੇ ਇਸ ਹੰਭਲੇ 'ਚ ਉਨ੍ਹਾਂ ਨੂੰ ਜਾਨ ਮੈਕਡੋਨਾਲਡ ਦਾ ਸਾਥ ਮਿਲਿਆ। ਇਸ ਲਈ ਯੂਨਾਈਟਿਡ ਸਿੱਖ ਮਿਸ਼ਨ ਅਤੇ ਸੰਗਤਾਂ ਨੇ 42 ਹਜ਼ਾਰ ਡਾਲਰ ਦਾ ਖਰਚਾ ਕਰਕੇ ਜ਼ੋਨ ਮੈਕਡੋਨਾਲਡ ਦੀ ਸੰਸਥਾ ਨੂੰ ਕਰਤਾਰਪੁਰ ਸਾਹਿਬ ਲਾਂਘੇ ਲਈ ਕੌਮਾਂਤਰੀ ਪੱਧਰ 'ਤੇ ਪ੍ਰਚਾਰ 'ਚ ਜੋੜਿਆ। ਯੂਨਾਈਟਿਡ ਸਿੱਖ ਮਿਸ਼ਨ ਪਿਛਲੇ ਕਈ ਸਾਲਾਂ ਤੋਂ ਅਮਰੀਕਾ 'ਚ ਸਿੱਖ ਪਛਾਣ ਦੇ ਲਈ ਕੰਮ ਕਰ ਰਹੀ ਹੈ।

28 ਨਵੰਬਰ 2018 ਤੋਂ 9 ਨਵੰਬਰ 2019 : ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਪ੍ਰਕਾਸ਼ ਪੁਰਬ ਆਉਣ ਵਾਲਾ ਸੀ। ਪਾਕਿ 'ਚ ਇਮਰਾਨ ਖ਼ਾਨ ਦੀ ਸਰਕਾਰ ਬਣ ਗਈ। ਨਵਾਂ ਪਾਕਿਸਤਾਨ ਦਾ ਨਾਅਰਾ ਸੀ । ਦੁਨੀਆਂ 'ਚ ਆਪਣੀ ਦਿੱਖ ਨੂੰ ਸੁਧਾਰਨ ਦਾ ਮਸਲਾ ਵੀ ਸੀ। ਨਵਜੋਤ ਸਿੱਧੂ ਨਾਲ ਦੋਸਤੀ ਸੀ। ਅਰਦਾਸਾਂ ਦੀ ਬਰਕਤ ਸੀ। 1947 ਵੰਡ ਦੀਆਂ ਵਿੱਛੜੀਆਂ ਬਾਹਵਾਂ ਦੀ ਉਡੀਕ ਸੀ। 28 ਨਵੰਬਰ ਨੂੰ ਪਾਕਿ ਨੇ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਰੱਖਿਆ ਅਤੇ ਉਸ ਤੋਂ ਪਹਿਲਾਂ 26 ਨਵੰਬਰ ਨੂੰ ਭਾਰਤ ਵਾਲੇ ਪਾਸੇ ਨੀਂਹ ਪੱਥਰ ਰੱਖਿਆ ਗਿਆ । 72 ਸਾਲ ਬਾਅਦ ਖੁੱਲ੍ਹੇ ਦਰਸ਼ਨ ਦੀਦਾਰ ਹੋਣ ਜਾ ਰਹੇ ਹਨ। ਇਹ ਸਿਰਫ਼ ਦਰਸ਼ਨ ਨਹੀਂ ਹਨ। ਸ਼ਬਦ ਗੁਰੂ ਦੀ ਉਮੀਦ ਹੈ, ਜਿਸ 'ਚ ਮਨੁੱਖਤਾ ਦੇ ਜਿਉਣ ਦਾ ਮੂਲ ਪਿਆ ਹੈ।


rajwinder kaur

Content Editor

Related News