ਦੋਸਤੀ ਨੂੰ ਸਲਾਮ! ਦੋ ਦੋਸਤਾਂ ਦੀ ਜਾਨ ਬਚਾ ਕੇ ਖੁਦ ਨਦੀ ''ਚ ਸਮਾ ਗਿਆ ਕਪੂਰਥਲਾ ਦਾ ਨੌਜਵਾਨ
Sunday, Jun 07, 2026 - 07:57 PM (IST)
ਕਪੂਰਥਲਾ (ਓਬਰਾਏ) : ਕੁੱਲੂ ਜ਼ਿਲ੍ਹੇ ਦੇ ਭੁੰਤਰ ਵਿੱਚ ਇੱਕ ਬੇਹੱਦ ਦੁਖਦਾਈ ਪਰ ਬਹਾਦਰੀ ਭਰੀ ਘਟਨਾ ਸਾਹਮਣੇ ਆਈ ਹੈ, ਜਿੱਥੇ ਕਪੂਰਥਲਾ ਦੇ ਇੱਕ ਨੌਜਵਾਨ ਨੇ ਆਪਣੇ ਡੁੱਬਦੇ ਦੋਸਤਾਂ ਨੂੰ ਬਚਾਉਂਦੇ ਹੋਏ ਆਪਣੀ ਜਾਨ ਕੁਰਬਾਨ ਕਰ ਦਿੱਤੀ।
ਜਾਣਕਾਰੀ ਅਨੁਸਾਰ, ਕਪੂਰਥਲਾ ਦੇ ਰਹਿਣ ਵਾਲੇ ਦੋ ਨੌਜਵਾਨ, ਕਾਤੀਆ ਅਤੇ ਸੋਨੂ, ਬੀਤੀ ਸ਼ਾਮ ਕਰੀਬ 6:30 ਵਜੇ ਅਚਾਨਕ ਬਿਆਸ ਦਰਿਆ ਵਿੱਚ ਡਿੱਗ ਗਏ। ਉਹਨਾਂ ਨੂੰ ਬਚਾਉਣ ਲਈ ਉੱਥੇ ਮੌਜੂਦ ਸੁਮਿਤ ਅਤੇ ਗੌਰਵ ਨੇ ਤੁਰੰਤ ਦਰਿਆ ਵਿੱਚ ਛਾਲ ਮਾਰ ਦਿੱਤੀ। ਸੁਮਿਤ ਨੇ ਬੜੀ ਬਹਾਦਰੀ ਨਾਲ ਆਪਣੇ ਦੋਵਾਂ ਦੋਸਤਾਂ ਨੂੰ ਦਰਿਆ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ, ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਹ ਖੁਦ ਪਾਣੀ ਵਿੱਚ ਵਹਿ ਗਿਆ। ਇਸ ਘਟਨਾ ਵਿੱਚ ਦੂਜੇ ਨੌਜਵਾਨ ਗੌਰਵ ਨੂੰ ਲੋਕਾਂ ਨੇ ਬਾਹਰ ਕੱਢ ਲਿਆ ਸੀ, ਪਰ ਉਸਦੀ ਹਾਲਤ ਨਾਜ਼ੁਕ ਹੋਣ ਕਾਰਨ ਉਸਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਕੁੱਲੂ ਰੈਫਰ ਕਰ ਦਿੱਤਾ ਗਿਆ ਹੈ।
ਘਟਨਾ ਤੋਂ ਬਾਅਦ ਪੁਲਸ ਅਤੇ ਜ਼ਿਲ੍ਹਾ ਆਪਦਾ ਪ੍ਰਬੰਧਨ ਅਥਾਰਟੀ (DDMA) ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ। ਅੱਜ ਸਵੇਰੇ (6 ਜੂਨ) ਸੁਮਿਤ ਦੀ ਮ੍ਰਿਤਕ ਦੇਹ ਬਰਾਮਦ ਕਰ ਲਈ ਗਈ। ਮ੍ਰਿਤਕ ਦੀ ਪਛਾਣ ਸੁਮਿਤ (20), ਪੁੱਤਰ ਰਵੀ, ਵਾਸੀ ਪਿੰਡ ਕਾਲਾ ਸਿੰਘਾ, ਕਪੂਰਥਲਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸੁਮਿਤ ਭੁੰਤਰ ਵਿੱਚ ਕੱਪੜੇ ਦਾ ਵਪਾਰ ਕਰਦਾ ਸੀ ਅਤੇ ਉੱਥੇ ਕਿਰਾਏ ਦੇ ਕਮਰੇ ਵਿੱਚ ਰਹਿੰਦਾ ਸੀ।
ਇਲਾਕੇ 'ਚ ਸੋਗ ਦੀ ਲਹਿਰ
ਸੁਮਿਤ ਦੀ ਮ੍ਰਿਤਕ ਦੇਹ ਨੂੰ ਜੱਦੀ ਸ਼ਹਿਰ ਕਪੂਰਥਲਾ ਲਿਆਂਦਾ ਗਿਆ, ਜਿੱਥੇ ਗਮਗੀਨ ਮਾਹੌਲ ਵਿੱਚ ਉਸਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਰਿਸ਼ਤੇਦਾਰ ਅਤੇ ਸਥਾਨਕ ਲੋਕ ਮੌਜੂਦ ਸਨ, ਜਿਨ੍ਹਾਂ ਨੇ ਨਮ ਅੱਖਾਂ ਨਾਲ ਇਸ ਬਹਾਦਰ ਨੌਜਵਾਨ ਨੂੰ ਵਿਦਾਈ ਦਿੱਤੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੁਮਿਤ ਵੱਲੋਂ ਆਪਣੇ ਦੋਸਤਾਂ ਲਈ ਦਿੱਤੀ ਗਈ ਇਹ ਮਿਸਾਲੀ ਕੁਰਬਾਨੀ ਹਮੇਸ਼ਾ ਯਾਦ ਰੱਖੀ ਜਾਵੇਗੀ। ਛੋਟੀ ਉਮਰ ਵਿੱਚ ਹੋਈ ਇਸ ਮੌਤ ਕਾਰਨ ਪਰਿਵਾਰ ਅਤੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
