ਜ਼ਿਲ੍ਹਾ ਕਪੂਰਥਲਾ ਨੂੰ ਮਿਲੀ ਸੌਗਾਤ, ਕਰੋੜਾਂ ਰੁਪਏ ਦੀ ਲਾਗਤ ਨਾਲ 8 ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ
Wednesday, Apr 09, 2025 - 04:59 PM (IST)
 
            
            ਕਪੂਰਥਲਾ (ਵਿਪਨ ਮਹਾਜਨ)- ਪੰਜਾਬ ਸਰਕਾਰ ਵੱਲੋਂ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰਨ ਦੀ ਮੁਹਿੰਮ ਤਹਿਤ ਕਪੂਰਥਲਾ ਜ਼ਿਲ੍ਹੇ ਦੇ 8 ਹੋਰ ਸਕੂਲਾਂ ਵਿੱਚ 1.04 ਕਰੋੜ ਰੁਪਏ ਦੀ ਲਾਗਤ ਨਾਲ ਹੋਏ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ ਗਿਆ। 7 ਅਪ੍ਰੈਲ ਨੂੰ ਪੰਜਾਬ ਸਿੱਖਿਆ ਕ੍ਰਾਂਤੀ ਦੀ ਸ਼ੁਰੂਆਤ ਸਮੇਂ ਵੀ ਜ਼ਿਲ੍ਹੇ ਵਿੱਚ 8 ਸਕੂਲਾਂ ਅੰਦਰ ਲਗਭਗ 1.50 ਕਰੋੜ ਰੁਪਏ ਦੀ ਲਾਗਤ ਨਾਲ ਕੀਤੇ ਗਏ ਵਿਕਾਸ ਕਾਰਜ ਲੋਕ ਅਰਪਿਤ ਕੀਤੇ ਗਏ ਸਨ।
ਅੱਜ ਵੱਖ-ਵੱਖ ਸਕੂਲਾਂ ਵਿੱਚ ਐਡੀਸ਼ਨਲ ਕਲਾਸ ਰੂਮ, ਸਾਇੰਸ ਲੈਬਾਂ, ਪਖ਼ਾਨਿਆਂ, ਚਾਰਦੀਵਾਰੀ ਆਦਿ ਦੇ ਮੁਕੰਮਲ ਕੀਤੇ ਕੰਮਾਂ ਦਾ ਉਦਘਾਟਨ ਵੱਖ-ਵੱਖ ਸ਼ਖਸੀਅਤਾਂ ਵੱਲੋਂ ਕੀਤਾ ਗਿਆ। ਫਗਵਾੜਾ ਵਿਖੇ ਸਰਕਾਰੀ ਹਾਈ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਹਦੀਆਬਾਦ ਵਿਖੇ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਡਾ.ਰਾਜ ਕੁਮਾਰ ਚੱਬੇਵਾਲ ਵੱਲੋਂ 17 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਐਡੀਸ਼ਨਲ ਕਲਾਸ ਰੂਮਾਂ ਤੋਂ ਇਲਾਵਾ 13 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਗਈ ਸਾਇੰਸ ਲੈਬ ਅਤੇ 1.40 ਲੱਖ ਰੁਪਏ ਦੀ ਲਾਗਤ ਨਾਲ ਲੜਕੀਆਂ ਲਈ ਪਖ਼ਾਨਿਆਂ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਪੰਜਾਬ ਸਰਕਾਰ ਵੱਲੋਂ ਲਗਭਗ 10 ਹਜ਼ਾਰ ਸਕੂਲਾਂ ਨੂੰ ਬੁਨਿਆਦੀ ਢਾਂਚੇ ਅਤੇ ਹੋਰ ਸਹੂਲਤਾਂ ਦੇ ਮਾਮਲੇ ਵਿੱਚ ਨਿੱਜੀ ਸਕੂਲਾਂ ਤੋਂ ਵੀ ਬਿਹਤਰ ਬਣਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਪੁੱਤ ਰਹਿੰਦਾ ਸੀ ਵਿਦੇਸ਼, ਨੂੰਹ ਨੂੰ ਵੇਖ ਸਹੁਰੇ ਦੀ ਬਦਲੀ ਨੀਅਤ, ਕਾਰਾ ਜਾਣ ਟੱਬਰ ਦੇ ਉੱਡੇ ਹੋਸ਼
ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਮੁਫ਼ਤ ਪ੍ਰਦਾਨ ਕੀਤੀ ਜਾ ਰਹੀ ਮਿਆਰੀ ਸਿੱਖਿਆ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲਾ ਦੁਆਉਣ। ਇਸੇ ਤਰ੍ਹਾਂ ਕਪੂਰਥਲਾ ਬਲਾਕ ਦੇ ਸਰਕਾਰੀ ਹਾਈ ਸਕੂਲ ਮਨਸ਼ੂਰਵਾਲ ਦੋਨਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਡੇਰਾ ਜੱਗੂ ਸ਼ਾਹ ਵਿਖੇ ਵਿਕਾਸ ਕਾਰਜਾਂ ਦਾ ਗੁਰਦੇਵ ਸਿੰਘ ਚੇਅਰਮੈਨ ਪੰਜਾਬ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ ਉਦਘਾਟਨ ਕੀਤਾ ਗਿਆ। ਇਨ੍ਹਾਂ ਵਿੱਚ ਸਰਕਾਰੀ ਸਕੂਲ ਮਨਸ਼ੂਰਵਾਲ ਦੋਨਾ ਵਿਖੇ 15.02 ਲੱਖ ਰੁਪਏ ਦੀ ਲਾਗਤ ਨਾਲ ਐਡੀਸ਼ਨਲ ਕਲਾਸ ਰੂਮਾਂ ਦੀ ਉਸਾਰੀ ਅਤੇ 1.60 ਲੱਖ ਰੁਪਏ ਦੀ ਲਾਗਤ ਨਾਲ ਚਾਰਦੀਵਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਸਰਕਾਰੀ ਸਕੂਲ ਡੇਰਾ ਜੱਗੂ ਸ਼ਾਹ ਵਿਖੇ 15.02 ਲੱਖ ਰੁਪਏ ਦੀ ਲਾਗਤ ਨਾਲ ਐਡੀਸ਼ਨਲ ਕਲਾਸ ਰੂਮ ਅਤੇ 4.50 ਲੱਖ ਰੁਪਏ ਦੀ ਲਾਗਤ ਨਾਲ ਉਸਾਰੀ ਗਈ ਚਾਰਦੀਵਾਰੀ ਦਾ ਉਦਘਾਟਨ ਕੀਤਾ ਗਿਆ।

ਇਹ ਵੀ ਪੜ੍ਹੋ: ਮਨੋਰੰਜਨ ਕਾਲੀਆ ਦੇ ਘਰ 'ਤੇ ਹੋਏ ਹਮਲੇ ਦੇ ਮਾਮਲੇ 'ਚ ਵੱਡੀ ਅਪਡੇਟ, UP ਨਾਲ ਜੁੜੇ ਤਾਰ ਤੇ ਨਵੀਂ CCTV ਆਈ ਸਾਹਮਣੇ
ਬਲਾਕ ਸੁਲਤਾਨਪੁਰ ਲੋਧੀ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੱਲ੍ਹਾਦਿੱਤਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਅੱਲ੍ਹਾਦਿਤਾ ਵਿਖੇ ਵਿਕਾਸ ਕਾਰਜਾਂ ਦਾ ਉਦਘਾਟਨ ਇੰਪਰੂਵਮੈਂਟ ਟਰੱਸਟ ਕਪੂਰਥਲਾ ਦੇ ਚੇਅਰਮੈਨ ਸੱਜਣ ਸਿੰਘ ਚੀਮਾ ਵਲੋਂ ਕੀਤਾ ਗਿਆ। ਇਸ ਤਹਿਤ ਪ੍ਰਾਇਮਰੀ ਸਕੂਲ ਅੱਲ੍ਹਾਦਿੱਤਾ ਵਿਖੇ 15.02 ਲੱਖ ਰੁਪਏ ਦੀ ਲਾਗਤ ਨਾਲ ਐਡੀਸ਼ਨਲ ਕਲਾਸ ਰੂਮਾਂ ਦੀ ਉਸਾਰੀ ਦਾ ਕੰਮ ਕੀਤਾ ਗਿਆ ਅਤੇ 4 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਚਾਰਦੀਵਾਰੀ ਅਤੇ 1.18 ਲੱਖ ਰੁਪਏ ਦੀ ਲਾਗਤ ਨਾਲ ਪਖ਼ਾਨਿਆਂ ਦੀ ਉਸਾਰੀ ਸ਼ਾਮਿਲ ਹੈ।

ਭੁਲੱਥ ਬਲਾਕ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਡਾਲਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਰਾਏਪੁਰ ਪੀਰਬਖ਼ਸ ਵਾਲਾ ਵਿਖੇ ਲਗਭਗ 15 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਐਡੀਸ਼ਨਲ ਕਲਾਸ ਰੂਮਾਂ ਦਾ ਉਦਘਾਟਨ ਹਰਸਿਮਰਨ ਸਿੰਘ ਘੁੰਮਣ ਡਾਇਰੈਕਟਰ ਜਲ ਸਰੋਤ ਵਿਭਾਗ, ਪੰਜਾਬ ਅਤੇ ਮੈਂਬਰ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਕੀਤਾ ਗਿਆ। ਇਸ ਮੌਕੇ ਸਾਬਕਾ ਮੰਤਰੀ ਅਤੇ ਫਗਵਾੜਾ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ, ਵਧੀਕ ਡਿਪਟੀ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰਪਰਸਨ ਲਲਿਤ ਅਕਲਾਨੀ, ਆਮ ਆਦਮੀ ਪਾਰਟੀ ਦੇ ਬੁਲਾਰੇ ਹਰਜੀਮਾਨ, ਐੱਸ. ਡੀ. ਐੱਮ. ਜਸ਼ਨਜੀਤ ਸਿੰਘ, ਐੱਸ. ਡੀ. ਐੱਮ. ਮੇਜਰ ਇਰਵਿਨ ਕੌਰ, ਐੱਸ. ਡੀ. ਐੱਮ. ਡੈਵੀ ਗੋਇਲ ਅਤੇ ਹੋਰ ਹਾਜ਼ਰ ਸਨ।
ਇਹ ਵੀ ਪੜ੍ਹੋ: PSPCL ਨੂੰ ਸਖ਼ਤ ਹੁਕਮ ਜਾਰੀ, ਪੰਜਾਬ 'ਚ ਹੁਣ ਇਨ੍ਹਾਂ ਘਰਾਂ 'ਚ ਵੀ ਮਿਲੇਗਾ ਬਿਜਲੀ ਕੁਨੈਕਸ਼ਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                            