ਮੁਫ਼ਤ ਆਨਲਾਈਨ ਸਿੱਖਿਆ ਦੀ ਸ਼ੁਰੂਆਤ ਕਰਨ ਵਾਲਾ ਪਹਿਲਾ ਜ਼ਿਲ੍ਹਾ ਬਣਿਆ ਕਪੂਰਥਲਾ

Saturday, May 14, 2022 - 02:40 PM (IST)

ਮੁਫ਼ਤ ਆਨਲਾਈਨ ਸਿੱਖਿਆ ਦੀ ਸ਼ੁਰੂਆਤ ਕਰਨ ਵਾਲਾ ਪਹਿਲਾ ਜ਼ਿਲ੍ਹਾ ਬਣਿਆ ਕਪੂਰਥਲਾ

ਕਪੂਰਥਲਾ (ਮਹਾਜਨ/ਮਲਹੋਤਰਾ)- ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦੀ ਨਿਵੇਕਲੀ ਪਹਿਲ ਸਦਕਾ ਕਪੂਰਥਲਾ ਪਹਿਲਾ ਅਜਿਹਾ ਜਿਲ੍ਹਾ ਬਣ ਗਿਆ ਹੈ, ਜਿੱਥੇ ਸਰਕਾਰੀ ਸਕੂਲਾਂ ਦੇ 10 ਹਜ਼ਾਰ ਬੱਚਿਆਂ ਨੂੰ ਆਨਲਾਇਨ ਖ਼ੇਤਰ ਦੀ ਪ੍ਰਮੁੱਖ ਸੰਸਥਾ ‘ਬਾਇਜੂ’ ਨਾਲ ਸਮਝੌਤੇ ਤਹਿਤ ਗੁਣਵੱਤਾ ਭਰਪੂਰ ਮੁਫ਼ਤ ਆਨਲਾਈਨ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ। ਇਸ ਤਹਿਤ ਸਰਕਾਰੀ ਸਕੂਲਾਂ ਦੇ 4 ਤੋਂ 12 ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਅੰਗਰੇਜੀ, ਹਿੰਦੀ ਅਤੇ ਪੰਜਾਬੀ ਭਾਸ਼ਾ ਵਿਚ ਈ-ਲਰਨਿੰਗ ਲਈ ਸਮੱਗਰੀ ਬਿਲਕੁਲ ਮੁਫ਼ਤ ਮੁਹੱਈਆ ਕਰਵਾਈ ਜਾਵੇਗੀ। ਇਹ ਸਿੱਖਿਆ ਸਮੱਗਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ ਦੇ ਅਨੁਕੂਲ ਹੈ। ਇਸ ਤੋਂ ਇਲਾਵਾ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਵਿਦਿਆਰਥੀਆਂ ਲਈ ਇਹ ਰਾਹ ਦਸੇਰਾ ਵੀ ਸਾਬਿਤ ਹੋਵੇਗੀ।

ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਸਾਰੰਗਲ ਵੱਲੋਂ ਅੱਜ ਸਰਕਾਰੀ ਸਕੂਲ ਘੰਟਾ ਘਰ ਅਤੇ ਸਰਕਾਰੀ ਰਣਧੀਰ ਸਕੂਲ ਦੇ ਬੱਚਿਆਂ ਨੂੰ ਈ-ਲਰਨਿੰਗ ਦੇ ਲਾਇਸੈਂਸ (ਸਬ-ਸਕਰਿਪਸ਼ਨ) ਜਾਰੀ ਕੀਤੇ। ਹੁਣ ਤੱਕ ਵੱਖ-ਵੱਖ ਸਰਕਾਰੀ ਸਕੂਲਾਂ ਦੇ 500 ਦੇ ਕਰੀਬ ਬੱਚਿਆਂ ਨੂੰ ਸਬ-ਸਕਰਿਪਸ਼ਨ ਜਾਰੀ ਕਰ ਦਿੱਤੀ ਗਈ ਹੈ ਜਦਕਿ ਕੁੱਲ 10,000 ਵਿਦਿਆਰਥੀਆਂ ਇਹ ਸਹੂਲਤ ਮਿਲੇਗੀ। ਇਹ ਸਬ-ਸਕਰਿਪਸ਼ਨ 3 ਸਾਲ ਲਈ ਯੋਗ ਹੋਵੇਗੀ , ਜਿਸ ਦੌਰਾਨ ਵਿਦਿਆਰਥੀ ਪਿਛਲੀ ਜਮਾਤ ਦੇ ਰਹਿ ਚੁੱਕੇ ਕੰਸੈਪਟ ਵੀ ਸਮਝ ਸਕਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਈ-ਲਰਨਿੰਗ ਲਈ ਪ੍ਰਦਾਨ ਕੀਤੀ ਜਾਣ ਵਾਲੀ ਸਿੱਖਿਆ ਸਮੱਗਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ ਤੇ ਮਾਪਦੰਡਾਂ ਅਨੁਸਾਰ ਹੈ ਅਤੇ ਇਸ ਬਦਲੇ ਵਿਦਿਆਰਥੀ ਕੋਲੋਂ ਕੋਈ ਫੀਸ ਨਹੀਂ ਲਈ ਜਾਵੇਗੀ। ਉਨ੍ਹਾਂ ਮੁਫ਼ਤ ਸਬ-ਸਕਰਿਪਸ਼ਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਵਿਦਿਆਰਥੀ ਆਪਣੇ ਜੀਵਨ ਦਾ ਟੀਚਾ ਮਿੱਥਕੇ ਉਸਦੀ ਪ੍ਰਾਪਤੀ ਲਈ ਮਿਹਨਤ ਕਰਨ ਜਿਸ ਵਿਚ ਆਨਲਾਈਨ ਸਿੱਖਿਆ ਸਮੱਗਰੀ ਬਹੁਤ ਸਹਾਈ ਹੋਵੇਗੀ।

ਇਹ ਵੀ ਪੜ੍ਹੋ:  ਬਚਪਨ ’ਚ ਟਰੈਫਿਕ ਸਿਗਨਲ ’ਤੇ ਵੇਚੇ ਫੁੱਲ, PHD ਮਗਰੋਂ ਹੁਣ ਸਰਿਤਾ ਮਾਲੀ 7 ਸਾਲ ਅਮਰੀਕਾ 'ਚ ਕਰੇਗੀ ਖੋਜ

ਦੂਜੇ ਪੜ੍ਹਾਅ ਵਿਚ ਸਰਕਾਰੀ ਸਕੂਲਾਂ ਅੰਦਰ ਵਿਦਿਆਰਥੀਆਂ ਨੂੰ ਕੁੜੀਆਂ ਨਾਲ ਸਬੰਧਤ ਸਰੀਰਕ ਸਮੱਸਿਆਵਾਂ ਬਾਰੇ ਜਾਣਕਾਰੀ, ਕਾਮਰਸ, ਮੈਡੀਕਲ, ਅਰਥ ਸ਼ਾਸ਼ਤਰ, ਸਥਾਈ ਵਿਕਾਸ ਦੇ ਟੀਚਿਆਂ ਦੀ ਪ੍ਰਾਪਤੀ, ਅੰਤਰਰਾਸ਼ਟਰੀ ਪੱਧਰ ’ਤੇ ਮੌਸਮੀ ਤਬਦੀਲੀਆਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਸਮੱਗਰੀ ਮਿਲੇਗੀ। ਮੁਕਾਬਲੇ ਦੀਆਂ ਪ੍ਰੀਖਿਆਵਾਂ ਤੇ ਵਿਸ਼ੇਸ਼ ਕਰਕੇ ਆਈ. ਆਈ. ਟੀ. , ਜੇ. ਈ. ਈ., ਨੀਟ ਦੀ ਤਿਆਰੀ ਲਈ ਇਸ ਨੂੰ ਇਕ ਮੀਲ ਪੱਥਰ ਕਰਾਰ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਲਈ ਤਿਆਰ ਕਰਨ ਵਾਸਤੇ ਜਿਲ੍ਹਾ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਵਚਨਬੱਧ ਹੈ। ਡਿਪਟੀ ਕਮਿਸ਼ਨਰ ਪਾਸੋਂ ਸਬ-ਸਕਰਿਪਸ਼ਨ ਪ੍ਰਾਪਤ ਕਰਨ ਵਾਲੇ 12 ਵੀਂ ਜਮਾਤ ਦੇ ਵਿਦਿਆਰਥੀ ਦੀਪਾਂਸ਼ੂ ਤੇ ਜਤਿਨ ਧਵਨ ਨੇ ਦੱਸਿਆ ਕਿ ਲਾਕਡਾਊਨ ਦੌਰਾਨ ਉਨ੍ਹਾਂ ਦੇ ਮਾਪਿਆਂ ਨੇ ਪੈਸੇ ਖਰਚ ਕਰਕੇ ਉਨ੍ਹਾਂ ਨੂੰ ਆਨਲਾਇਨ ਸਬ-ਸਕਰਿਪਸ਼ਨ ਲੈ ਕੇ ਦਿੱਤੀ ਸੀ, ਜਿਸਦਾ ਉਨ੍ਹਾਂ ਨੂੰ ਵੱਡਾ ਲਾਭ ਮਿਲਿਆ ਪਰ ਹੁਣ ਉਨ੍ਹਾਂ ਨੂੰ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਮੁਫ਼ਤ ਸਬ-ਸਕਪਰਿਪਸ਼ਨ ਦੇਣ ਨਾਲ ਉਨ੍ਹਾਂ ਨੂੰ ਪੜ੍ਹਾਈ ਵਿਚ ਵਧੇਰੇ ਮਦਦ ਮਿਲੇਗੀ।

ਇਹ ਵੀ ਪੜ੍ਹੋ: ਨਸ਼ਿਆਂ ’ਤੇ ਕੰਟਰੋਲ ਦੇ ਮਾਮਲੇ ’ਚ CM ਮਾਨ ਦੀ ਸਿਆਸਤਦਾਨਾਂ 'ਤੇ ਵੀ ਨਜ਼ਰ, ਗੰਭੀਰਤਾ ਤੋਂ ਅਧਿਕਾਰੀ ਸਹਿਮੇ

ਉਨ੍ਹਾਂ ਸਿੱਖਿਆ ਮਹਿਕਮੇ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਜਿਲ੍ਹੇ ਦਾ ਸਰਕਾਰੀ ਸਕੂਲਾਂ ਅੰਦਰ ਈ-ਲਰਨਿੰਗ ਲਾਇਸੈਂਸ ਤਹਿਤ ਮਿਲਣ ਵਾਲੀ ਸਮੱਗਰੀ ਦਾ ਵਿਦਿਆਰਥੀਆਂ ਤੱਕ ਪੁੱਜਣਾ ਯਕੀਨੀ ਬਣਾਉਣ ਲਈ ਯੋਗ ਵਿਦਿਆਰਥੀਆਂ ਦੇ ਮੋਬਾਇਲ ਨੰਬਰ ਅਤੇ ਹੋਰ ਲੋੜੀਂਦਾ ਡਾਟਾ ਤੁਰੰਤ ਭੇਜਣ ਤਾਂ ਜੋ ਵਿਦਿਆਰਥੀਆਂ ਨੂੰ ਸਬ-ਸਕਰਿਪਸ਼ਨ ਮਿਲ ਸਕੇ। ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਾਮਪਾਲ ਸਿੰਘ ਨੇ ਕਿਹਾ ਕਿ ਇਕ ਹਫ਼ਤੇ ਦੇ ਅੰਦਰ-ਅੰਦਰ ਸਾਰੇ ਵਿਦਿਆਰਥੀਆਂ ਨੂੰ ਸਬ-ਸਕਰਿਪਸ਼ਨ ਦੇ ਦਿੱਤੀ ਜਾਵੇਗੀ ਤਾਂ ਜੋ ਉਹ ਛੁੱਟੀਆਂ ਦੌਰਾਨ ਕਿਤੇ ਵੀ ਰਹਿਕੇ ਆਨਲਾਈਨ ਪੜ੍ਹਾਈ ਨਾਲ ਜੁੜੇ ਰਹਿ ਸਕਣ। ਇਸ ਮੌਕੇ ਸ੍ਰੀ ਗੌਰਵ, ਅਧਿਆਪਕਾ ਸੰਦੀਪ ਕੌਰ ਅਤੇ ਬੁੱਧਦੇਵ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ: ਜਲੰਧਰ ਰੇਲਵੇ ਸਟੇਸ਼ਨ ’ਤੇ ਮਿਲੇ ਬੰਬ ਦੇ ਇਨਪੁੱਟ, ਪੁਲਸ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News