ਅੌਰਤਾਂ ਦਾ ਹੱਕਾਂ ਪ੍ਰਤੀ ਜਾਗਰੂਕ ਹੋਣਾ ਬਹੁਤ ਜ਼ਰੂਰੀ : ਪ੍ਰਿੰ. ਸ਼ੁਕਲਾ
Saturday, Mar 09, 2019 - 10:06 AM (IST)

ਕਪੂਰਥਲਾ (ਧੀਰ/ਜੋਸ਼ੀ)-ਐੱਸ. ਡੀ. ਕਾਲਜ ਫਾਰ ਵੂਮੈਨ ਵਿਖੇ ਪ੍ਰਿੰਸੀਪਲ ਡਾ. ਵੰਦਨਾ ਸ਼ੁਕਲਾ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਮਹਿਲਾ ਦਿਵਸ ਸਬੰਧੀ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ’ਚ ਕਾਲਜ ਦੀਆਂ ਵਿਦਿਆਰਥਣਾਂ ਤੇ ਸਟਾਫ ਮੈਂਬਰਾਂ ਨੇ ਸ਼ਿਰਕਤ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਡਾ. ਸ਼ੁਕਲਾ ਨੇ ਕਿਹਾ ਕਿ ਅੱਜ ਦੇ ਯੁੱਗ ’ਚ ਹਰ ਖੇਤਰ ’ਚ ਔਰਤ ਬੁਲੰਦੀਆਂ ਨੂੰ ਛੂ ਰਹੀ ਹੈ ਤੇ ਕਿਸੇ ਵੀ ਖੇਤਰ ’ਚ ਮਰਦਾਂ ਨਾਲੋਂ ਪਿੱਛੇ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਔਰਤ ਆਪਣੇ ਹੱਕਾਂ ਪ੍ਰਤੀ ਜਾਗਰੂਕ ਨਹੀਂ ਹੈ। ਇਸ ਲਈ ਔਰਤਾਂ ਦਾ ਹੱਕਾਂ ਪ੍ਰਤੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਸਮਾਜ ’ਚ ਫੈਲੀਆਂ ਕੁਰੀਤੀਆਂ ਜਿਵੇਂ ਭਰੂਣ ਹੱਤਿਆ, ਦਾਜ ਪ੍ਰਥਾ ਆਦਿ ਦੇ ਵਿਰੁੱਧ ਵੀ ਹਰੇਕ ਔਰਤ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਮੈਡਮ ਗੀਤਾ ਸੇਠੀ ਨੇ ਵੀ ਆਪਣੇ ਸੰਬੋਧਨ ’ਚ ਕਿਹਾ ਕਿ ਔਰਤ ਉਹ ਤਾਕਤ ਹੈ, ਜੋ ਵਹਿੰਦੇ ਦਰਿਆਵਾਂ ਦਾ ਮੂੰਹ ਮੋਡ਼ ਸਕਦੀ ਹੈ। ਕੁਦਰਤ ਨੇ ਮਾਂ ਹੋਣ ਦਾ ਮਾਣ ਸਿਰਫ ਔਰਤ ਨੂੰ ਹੀ ਦਿੱਤਾ ਹੈ। ਦੁਨੀਆ ਦੇ ਨਕਸ਼ੇ ’ਤੇ ਔਰਤ ਨੇ ਆਪਣਾ ਲੋਹਾ ਮਨਵਾਇਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਡਮ ਰਜਿੰਦਰ ਕੌਰ, ਰਾਜਬੀਰ ਕੌਰ, ਕਸ਼ਮੀਰ ਕੌਰ ਆਦਿ ਨੇ ਸੰਬੋਧਨ ਕੀਤਾ।