ਸ਼੍ਰੀ ਕਾਲੀ ਮਾਤਾ ਮੰਦਿਰ ਹਿੰਸਾ ਤੋਂ ਬਾਅਦ ਪੁਲਸ ਚੌਕਸ, ਧਾਰਮਿਕ ਸਥਾਨਾਂ ਦੇ ਬਾਹਰ ਚੱਪੇ-ਚੱਪੇ ’ਤੇ ਪੁਲਸ ਫੋਰਸ ਤਾਇਨਾਤ

05/04/2022 2:29:00 PM

ਪਟਿਆਲਾ (ਬਲਜਿੰਦਰ) : ਸ਼੍ਰੀ ਕਾਲੀ ਮਾਤਾ ਮੰਦਿਰ ਵਿਖੇ ਹੋਈ ਹਿੰਸਾ ਤੋਂ ਬਾਅਦ ਪਟਿਆਲਾ ਪੁਲਸ ਸ਼ਹਿਰ ’ਚ ਸ਼ਾਂਤੀ ਬਹਾਲੀ ਲਈ ਪੱਬਾਂ-ਭਾਰ ਹੋਈ ਪਈ ਹੈ। ਮੰਗਲਵਾਰ ਨੂੰ ਭਗਵਾਨ ਪਰਸ਼ੂ ਰਾਮ ਜਯੰਤੀ ਅਤੇ ਈਦ ਦਾ ਤਿਉਹਾਰ ਹੋਣ ਕਾਰਨ ਸ਼ਹਿਰ ਦੇ ਜ਼ਿਆਦਾਤਰ ਧਾਰਮਿਕ ਸਥਾਨਾਂ ’ਤੇ ਚੱਪੇ-ਚੱਪੇ ’ਤੇ ਪੁਲਸ ਤਾਇਨਾਤ ਰਹੀ। ਮਾਲ ਰੋਡ ’ਤੇ ਈਦਗਾਹ ’ਚ ਈਦ ਦੇ ਮੌਕੇ ਵੱਡੀ ਗਿਣਤੀ ’ਚ ਮੁਸਲਿਮ ਸਮਾਜ ਦੇ ਲੋਕ ਨਮਾਜ਼ ਅਦਾ ਕਰਨ ਲਈ ਆਏ ਹੋਏ ਸਨ, ਇਥੇ ਵੀ ਪੁਲਸ ਨੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ। ਇਸੇ ਤਰ੍ਹਾਂ ਰਾਜਪੁਰਾ ਰੋਡ ’ਤੇ ਸ਼੍ਰੀ ਹਨੂੰਮਾਨ ਮੰਦਿਰ ਵਿਖੇ ਜਿਥੇ ਭਗਵਾਨ ਪਰਸ਼ੂਰਾਮ ਜਯੰਤੀ ਦਾ ਸਮਾਗਮ ਸੀ, ਉਥੇ ਵੀ ਵੱਡੀ ਗਿਣਤੀ ’ਚ ਪੁਲਸ ਫੋਰਸ ਨੂੰ ਤਾਇਨਾਤ ਕੀਤਾ ਗਿਆ। ਦੂਜੇ ਪਾਸੇ ਸੁਰੱਖਿਆ ਦੇ ਮੱਦੇਨਜ਼ਰ ਐੱਸ. ਐੱਸ. ਪੀ. ਦੀਪਕ ਪਾਰਿਕ ਖੁਦ ਸੜਕਾਂ ’ਤੇ ਉਤਰੇ। ਉਹ ਟੀਮ ਸਮੇਤ ਈਦਗਾਹ ਦੇ ਬਾਹਰ ਪਹੁੰਚੇ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਹ ਸ਼੍ਰੀ ਕਾਲੀ ਮਾਤਾ ਵੀ ਪਹੁੰਚੇ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਪੁਲਸ ਨੇ ਸ਼੍ਰੀ ਕਾਲੀ ਮਾਤਾ ਮੰਦਿਰ ਦੀ ਸੁਰੱਖਿਆ ਨੂੰ ਹੋਰ ਵਧਾ ਦਿੱਤਾ ਹੈ। ਮੰਦਿਰ ਨੂੰ ਜਾਣ ਵਾਲੇ ਸਾਰੇ ਰਸਤਿਆਂ ਦੀ ਬੈਰੀਗੇਟਿੰਗ ਕਰ ਦਿੱਤੀ ਗਈ ਹੈ। ਮੰਦਿਰ ਦੇ ਪਿਛਲੇ ਪਾਸੇ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ।

ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਪਟਿਆਲਾ ’ਚ ਅੱਜ ਦੂਜੇ ਥਾਣਿਆਂ ਦੀ ਫੋਰਸ ਤੋਂ ਇਲਾਵਾ ਰਿਜ਼ਰਵ ਬਟਾਲੀਅਨਾਂ ਵੀ ਤਾਇਨਾਤ ਕੀਤੀ ਗਈਆਂ ਹਨ। ਸ਼੍ਰੀ ਕਾਲੀ ਮਾਤਾ ਮੰਦਿਰ ’ਤ ਹੋਏ ਹਮਲੇ ਤੋਂ ਬਾਅਦ ਪਟਿਆਲਾ ਪੁਲਸ ਲਈ ਸ਼ਹਿਰ ’ਚ ਸ਼ਾਂਤੀ ਬਹਾਲੀ ਇਕ ਵੱਡੀ ਚੁਣੌਤੀ ਬਣ ਗਈ ਸੀ। ਫਿਲਹਾਲ ਪੁਲਸ ਨੇ ਇਥੇ ਹਾਲਾਤ ’ਤੇ ਕਾਬੂ ਪਾਇਆ ਹੋਇਆ ਹੈ। ਪਟਿਆਲਾ ’ਚ ਧਾਰਮਿਕ ਸਥਾਨਾਂ ਦੀ ਸੁਰੱਖਿਆ ਵਧਾਉਣ ਦਾ ਕਾਰਨ ਇਹ ਵੀ ਹੈ ਕਿ ਥੋੜੀ ਜਿਹੀ ਸ਼ਰਾਰਤ ਮਾਮਲੇ ਨੂੰ ਗੰਭੀਰ ਬਣਾ ਸਕਦੀ ਹੈ। ਪਟਿਆਲਾ ਪੁਲਸ ਨੂੰ ਦੋਹਰੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਤਾਂ ਸ਼ਹਿਰ ’ਚ ਸ਼ਾਂਤੀ ਬਹਾਲੀ ਲਈ ਕੋਸ਼ਿਸ਼ ਕਰਨੀ ਪੈ ਰਹੀ ਹੈ। ਦੂਜੇ ਪਾਸੇ ਹਿੰਸਾ ਦੀ ਜਾਂਚ ਕਰ ਕੇ ਉਸ ’ਚ ਸ਼ਾਮਿਲ ਦੋਨਾਂ ਪੱਖਾਂ ਦੇ ਵਿਅਕਤੀਆਂ ਖ਼ਿਲਾਫ ਕਾਰਵਾਈ ਵੀ ਕਰਨੀ ਪੈ ਰਹੀ ਹੈ। ਦੋਵਾਂ ਚੁਣੌਤੀਆਂ ਵੱਡੀਆਂ ਹਨ। ਕਿਉਂਕਿ ਮਾਮਲਾ ਕਾਫੀ ਜ਼ਿਆਦਾ ਸੰਵੇਦਨਸ਼ੀਲ ਹੋਣ ਕਰਕੇ ਪੁਲਸ ਲਈ ਕੋਈ ਕਾਰਵਾਈ ਆਸਾਨ ਨਹੀਂ ਹੈ।

ਹਾਲਾਂਕਿ ਸਰਕਾਰ ਨੇ ਹਿੰਸਾ ਤੋਂ ਬਾਅਦ ਐੱਸ. ਐੱਚ. ਓ. ਤੋਂ ਲੈ ਕੇ ਆਈ. ਜੀ. ਤੱਕ ਦੇ ਤਬਾਦਲੇ ਕਰ ਕੇ ਨਵੀਂ ਟੀਮ ਤਾਇਨਾਤ ਕਰ ਦਿੱਤੀ ਗਈ ਸੀ। ਹਿੰਸਾ ਦੇ ਕੀ ਕਾਰਨ ਬਣੇ, ਇਸ ’ਤੇ ਵਰਤਮਾਨ ਪੁਲਸ ਦੀ ਟੀਮ ਗੱਲ ਹੀ ਨਹੀਂ ਕਰਨਾ ਚਾਹੁੰਦੀ ਹੈ। ਇਹ ਕਹਿ ਕੇ ਟਾਲ ਦਿੱਤਾ ਜਾਂਦਾ ਹੈ ਕਿ ਇਹ ਉਨ੍ਹਾਂ ਤੋਂ ਪਹਿਲਾਂ ਦਾ ਵਿਸ਼ਾ ਹੈ। ਇਸ ਦੇ ਬਾਵਜੂਦ ਸਥਿਤੀ ਅਜੇ ਵੀ ਕਾਫੀ ਜ਼ਿਆਦਾ ਗੰਭੀਰ ਹੈ। ਪੁਲਸ ਵੱਲੋਂ ਬਡ਼ੀ ਸੂਝਬੂਝ ਨਾਲ ਦੋਨਾਂ ਪੱਖਾਂ ਤੋਂ ਜਿਥੇ ਵੀ ਗਲਤੀ ਲੱਗ ਰਹੀ ਹੈ, ਕਾਰਵਾਈ ਕੀਤੀ ਜਾ ਰਹੀ ਹੈ। ਇਸ ਕਾਰਨ ਕਿਸੇ ਵੀ ਧਿਰ ਨੂੰ ਅਜੇ ਬੋਲਣ ਦਾ ਮੌਕਾ ਨਹੀਂ ਮਿਲ ਰਿਹਾ। ਪੁਲਸ ਵੱਲੋਂ ਇਸ ਮਾਮਲੇ ’ਚ ਚੁੱਪਚਾਪ ਗ੍ਰਿਫਤਾਰੀਆਂ ਪਾਈਆਂ ਜਾ ਰਹੀਆਂ ਹਨ। ਜਦੋਂ ਤੱਕ ਪੂਰਨ ਸ਼ਾਂਤੀ ਬਹਾਲ ਨਹੀਂ ਹੋ ਜਾਂਦੀ, ਉਦੋਂ ਤੱਕ ਪੁਲਸ ਲਈ ਇਹ ਮਾਮਲਾ ਚੁਣੌਤੀ ਬਣਿਆ ਹੋਇਆ ਹੈ।


Gurminder Singh

Content Editor

Related News