’84 ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਮਿਲਣ ’ਤੇ ਪੀੜਤ ਪਰਿਵਾਰਾਂ 'ਚ ਖੁਸ਼ੀ ਦੀ ਲਹਿਰ
Thursday, Nov 22, 2018 - 12:24 PM (IST)
![’84 ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਮਿਲਣ ’ਤੇ ਪੀੜਤ ਪਰਿਵਾਰਾਂ 'ਚ ਖੁਸ਼ੀ ਦੀ ਲਹਿਰ](https://static.jagbani.com/multimedia/2018_11image_12_24_135300000a6.jpg)
ਕਲਾਨੌਰ (ਮਨਮੋਹਨ) : ਦਿੱਲੀ ਦੇ ਸਿੱਖ ਵਿਰੋਧੀ ਦੰਗਿਆਂ 'ਚ 34 ਸਾਲਾਂ ਬਾਅਦ ਅਦਾਲਤ ਵਲੋਂ ਇਕ ਦੋਸ਼ੀ ਨੂੰ ਫਾਂਸੀ ਅਤੇ ਇਕ ਨੂੰ ਉਮਰਕੈਦ ਦੀ ਸਜ਼ਾ ਦਿੱਤੀ ਜਾਣ ਨਾਲ ਦੰਗਾ ਪੀੜਤ ਅਤੇ ਆਮ ਲੋਕਾਂ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਉਥੇ ਹੀ ਬਾਕੀ ਦੋਸ਼ੀਆਂ ਨੂੰ ਵੀ ਜਲਦੀ ਸਜ਼ਾ ਮਿਲਣ ਦੀ ਉਮੀਦ ਵੱਧ ਗਈ ਹੈ। ਇਸ ਸਬੰਧ 'ਚ ਬਲਾਕ ਕਲਾਨੌਰ ਅਧੀਨ ਪੈਂਦੇ ਪਿੰਡ ਭੰਡਾਲ ਦੇ ਸਾਬਕਾ ਸਰਪੰਚ ਲਖਬੀਰ ਸਿੰਘ ਨੇ ਆਪਣੀ ਮਾਤਾ ਸੁਖਵਿੰਦਰ ਕੌਰ ਅਤੇ ਹੋਰ ਪਰਿਵਾਰਕ ਮੈਂਬਰਾਂ ਸਮੇਤ ਦੱਸਿਆ ਕਿ ਉਸਦਾ ਭਰਾ ਕੁਲਦੀਪ ਸਿੰਘ ਅਤੇ ਤਾਏ ਦਾ ਪੁੱਤਰ ਨਰਿੰਦਰਪਾਲ ਸਿੰਘ ਆਦਿ ਨੂੰ ਦਿੱਲੀ ਦੰਗਿਆਂ ਦੌਰਾਨ ਖੁੱਖਰ ਮੱਲ ਨਾਮ ਦੇ ਇਕ ਜਾਟ ਵਲੋਂ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਅਤੇ ਖੋਖਰ ਮੱਲ ਨੂੰ ਮੌਤ ਦੀ ਸਜ਼ਾ ਦਿਵਾਉਣ ਲਈ ਉਸਦੀ ਭੂਆ ਦੀ ਧੀ ਜਗਦੀਸ਼ ਕੌਰ ਅਤੇ ਤਾਏ ਦਾ ਪੁੱਤਰ ਜਗਸੀਰ ਸਿੰਘ ਵੀ ਪਿਛਲੇ 34 ਸਾਲਾਂ ਤੋਂ ਲੜਾਈ ਲੜ ਰਹੇ ਹਨ। ਉਹ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਅਦਾਲਤ ਦੇ ਫੈਸਲੇ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ ਅਤੇ ਬੀਤੇ ਕੱਲ ਦੰਗੇ ਦੇ ਦੋ ਦੋਸ਼ੀਆਂ ਨੂੰ ਸਜ਼ਾ ਮਿਲਣ ਕਾਰਨ ਜਿਥੇ ਸਾਨੂੰ ਬਹੁਤ ਖੁਸ਼ੀ ਹੋਈ ਹੈ ਉਥੇ ਹੀ ਸਾਨੂੰ ਵੀ ਅਦਾਲਤ ਤੋਂ ਇਨਸਾਫ ਮਿਲਣ ਦੀ ਉਮੀਦ ਵਧ ਗਈ ਹੈ ਕਿ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਜ਼ਰੂਰ ਮਿਲੇਗੀ।