'ਆਪ' ਦੇ ਉਮੀਦਵਾਰ ਜ਼ੋਰਾ ਸਿੰਘ ਦਾ ਜਲੰਧਰ ਵਿਖੇ ਵਿਰੋਧ (ਵੀਡੀਓ)
Monday, Mar 25, 2019 - 03:44 PM (IST)
ਜਲੰਧਰ (ਸੋਨੂੰ)— ਲੋਕ ਸਭਾ ਚੋਣਾਂ ਲਈ 'ਆਪ' ਵੱਲੋਂ ਜਲੰਧਰ ਤੋਂ ਸਾਬਕਾ ਜਸਟਿਸ ਜ਼ੋਰਾ ਸਿੰਘ ਨੂੰ ਉਮੀਦਵਾਰ ਵਜੋਂ ਉਤਾਰਿਆ ਗਿਆ ਹੈ। ਉਮੀਦਵਾਰ ਦਾ ਐਲਾਨ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਜਲੰਧਰ ਯੂਨਿਟ 'ਚ ਨਿਰਾਸ਼ਾ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਜ਼ੋਰਾ ਸਿੰਘ ਦਾ ਵਿਰੋਧ ਕੀਤਾ ਗਿਆ।
ਜਲੰਧਰ ਸ਼ਹਿਰੀ ਪ੍ਰਧਾਨ ਸ਼ਿਵ ਦਿਆਲ ਮੱਲੀ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਜਸਟਿਸ ਜ਼ੋਰਾ ਸਿੰਘ ਨੂੰ ਜਲੰਧਰ ਲਈ ਪਾਰਟੀ ਵੱਲੋਂ ਲੋਕ ਸਭ ਚੋਣਾਂ 'ਚ ਉਮੀਦਵਾਰ ਬਣਾਉਣ ਦੇ ਕਦਮ ਨੂੰ ਨਿਰਾਸ਼ਾ ਜਨਕ ਕਦਮ ਦੱਸਦੇ ਹੋਏ ਕਿਹਾ ਕਿ ਪਾਰਟੀ ਵਰਕਰਾਂ ਲਈ ਇਹ ਇਕ ਹਤਾਸ਼ ਕਰਨ ਵਾਲਾ ਐਲਾਨ ਹੈ। ਸ਼ਿਵ ਦਿਆਲ ਨੇ ਕਿਹਾ ਕਿ ਪਾਰਟੀ ਦੇ ਵਰਕਰ ਅਤੇ ਉਹ ਆਪਣੀ ਗੱਲ ਪਾਰਟੀ ਫੋਰਮ 'ਚ ਰੱਖਣ ਜਾ ਰਹੇ ਹਨ ਪਰ ਪਾਰਟੀ ਦਾ ਜੋ ਵੀ ਫੈਸਲਾ ਹੋਵੇਗਾ ਉਹ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ ਕਿ ਅਤੇ ਉਹ ਪਾਰਟੀ ਵਰਕਰਾਂ ਨੂੰ ਵੀ ਸਮਝਾਉਣਗੇ।
ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਬੀਤੇ ਦਿਨ ਆਪਣੇ ਤਿੰਨ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ, ਜਿਨ੍ਹਾਂ 'ਚ ਸਾਬਕਾ ਜਸਟਿਸ ਜ਼ੋਰਾ ਸਿੰਘ ਨੂੰ ਜਲੰਧਰ ਤੋਂ, ਬਲਜਿੰਦਰ ਸਿੰਘ ਚੌਂਦਾ ਨੂੰ ਫਤਿਹਗੜ੍ਹ ਸਾਹਿਬ ਤੋਂ ਅਤੇ ਪੀਟਰ ਮਸੀਹ ਚੀਦਾ ਨੂੰ ਗੁਰਦਾਸਪੁਰ ਤੋਂ ਲੋਕ ਸਭਾ ਚੋਣਾਂ ਲਈ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। ਹੁਣ ਆਮ ਆਦਮੀ ਪਾਰਟੀ ਵੱਲੋਂ 8 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਿਆ ਹੈ।