ਰਾਜਸਥਾਨ ਤੇ ਹਰਿਆਣਾ ਤੋਂ ਬਾਅਦ ਹੁਣ ਪੰਜਾਬ ''ਚ ਵੀ ਪਿੰਡ ਲੌਂਗੋਵਾਲ ਦੀ ਧੀ ਨੇ ਗੱਡੇ ਝੰਡੇ

02/16/2020 6:36:13 PM

ਲੌਂਗੋਵਾਲ (ਵਸ਼ਿਸ਼ਟ)— ਜੋ ਬੱਚੇ ਦ੍ਰਿੜ੍ਹ ਨਿਸ਼ਚੇ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਦੇ ਹਨ, ਸਫਲਤਾ ਉਨ੍ਹਾਂ ਦੇ ਘਰ ਆ ਕੇ ਪੈਰ ਚੁੰਮਦੀ ਹੈ। ਇਹ ਕਹਾਵਤ ਰਾਜਸਥਾਨ ਅਤੇ ਹਰਿਆਣਾ ਦੀ ਜੁਡੀਸ਼ੀਅਲ ਸਰਵਿਸ ਪ੍ਰੀਖਿਆ ਕਲੀਅਰ ਕਰਕੇ ਜੱਜ ਬਣੀ ਲੌਂਗੋਵਾਲ ਦੀ ਅਨੂਬਾ ਜਿੰਦਲ ਨੇ ਸੱਚ ਸਾਬਤ ਕਰਕੇ ਦਿਖਾਈ ਹੈ। ਅਨੁਭਾ ਜਿੰਦਲ ਨੇ ਹੈਟਰਿਕ ਮਾਰਦੇ ਹੋਏ ਹੁਣ ਪੰਜਾਬ ਸਿਵਲ ਸਰਵਿਸਜ (ਜੁਡੀਸ਼ੀਅਲ) 'ਚ ਵੀ ਬਾਜ਼ੀ ਮਾਰ ਲਈ ਹੈ। ਮਿਲੀ ਜਾਣਕਾਰੀ ਮੁਤਾਬਕ ਇਥੋਂ ਦੇ ਰਾਮ ਗੋਪਾਲ ਜਿੰਦਲ ਦੀ ਬੇਟੀ ਅਨੁਭਾ ਜਿੰਦਲ ਪਹਿਲਾਂ ਰਾਜਸਥਾਨ ਜੁਡੀਸ਼ੀਅਲ ਸਰਵਿਸ ਵੱਲੋਂ ਜੱਜ ਚੁਣੀ ਗਈ ਸੀ ਅਤੇ ਉਸ ਤੋਂ ਬਾਅਦ ਹਰਿਆਣਾ ਦਾ ਨਤੀਜਾ ਵੀ ਉਸ ਦੇ ਪੱਖ 'ਚ ਰਿਹਾ ਅਤੇ 11ਵਾਂ ਰੈਂਕ ਹਾਸਲ ਕੀਤਾ। ਹੁਣ ਪੰਜਾਬ 'ਚੋਂ ਅੱਠਵਾਂ ਰੈਂਕ ਹਾਸਲ ਕਰਕੇ ਅਨੁਭਾ ਜਿੰਦਲ ਨੇ ਲੌਂਗੋਵਾਲ ਦਾ ਨਾਮ ਉੱਚਾ ਕੀਤਾ ਹੈ। ਇਥੇ ਦੱਸ ਦੇਈਏ ਕਿ ਸਮਰਾਲਾ ਦੀ ਰਹਿਣ ਵਾਲੀ ਹੀਰਾ ਪਰਿਵਾਰ ਦੀ 25 ਸਾਲਾ ਬੇਟੀ ਹਰਲੀਨ ਕੌਰ ਨੇ ਹਰਿਆਣਾ ਜੁਡੀਸ਼ੀਅਲ ਦੀ ਪ੍ਰੀਖਿਆ 'ਚ ਚੌਥਾ ਸਥਾਨ ਹਾਸਲ ਕਰਨ ਤੋਂ ਬਾਅਦ ਪੰਜਾਬ ਜੁਡੀਸ਼ੀਅਲ ਪ੍ਰੀਖਿਆ 'ਚ ਵੀ ਮੈਦਾਨ ਮਾਰਦੇ ਹੋਏ ਤੀਜਾ ਸਥਾਨ ਪ੍ਰਾਪਤ ਕਰਕੇ ਜੱਜ ਬਣਨ ਦਾ ਸੁਪਨਾ ਸਾਕਾਰ ਕੀਤਾ ਹੈ।

ਇਹ ਖਬਰ ਫੈਲਦੇ ਹੀ ਪਰਿਵਾਰ ਅਤੇ ਕਸਬੇ ਦੇ ਲੋਕਾਂ 'ਚ ਤੀਜੀ ਵਾਰ ਖੁਸ਼ੀ ਦਾ ਆਲਮ ਨਜ਼ਰ ਆਇਆ ।ਵਰਣਯੋਗ ਹੈ ਕਿ ਅਨੁਭਾ ਜਿੰਦਲ ਨੇ ਦਿੱਲੀ ਦੀ ਲਿਖਤੀ ਪ੍ਰੀਖਿਆ ਕਲੀਅਰ ਕਰ ਲਈ ਹੈ ਅਤੇ ਇੰਟਰਵਿਊ ਹੋਣੀ ਅਜੇ ਬਾਕੀ ਹੈ। ਅਨੂਬਾ ਨੇ ਕਿਹਾ ਕਿ ਉਸ ਨੂੰ ਪੂਰਾ ਵਿਸ਼ਵਾਸ ਹੈ ਕਿ ਦਿੱਲੀ ਲਈ ਵੀ ਉਸ ਦੀ ਸਿਲੈਕਸ਼ਨ ਹੋਵੇਗੀ। ਦੱਸਣਯੋਗ ਹੈ ਕਿ ਹੋਣਹਾਰ ਬੇਟੀ ਅਨੁਬਾ ਜਿੰਦਲ ਨੇ ਪੜ੍ਹਾਈ ਦੌਰਾਨ ਮੂਟ ਕੰਪੀਟੀਸ਼ਨ ਵੀ ਜਿੱਤੇ ਹਨ।

ਪਿਤਾ ਦਾ ਸੁਪਨਾ ਕੀਤਾ ਹੈ ਪੂਰਾ : ਅਨੂਬਾ
ਤੀਜੀ ਸਫਲਤਾ ਤੋਂ ਬਾਅਦ ਘਰ ਪਹੁੰਚੀ ਅਨੁਬਾ ਜਿੰਦਲ ਨਾਲ ਜਦ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਉਸ ਨੇ ਇਹ ਪ੍ਰਾਪਤੀਆਂ ਕਰਕੇ ਆਪਣੇ ਪਿਤਾ ਰਾਮ ਗੋਪਾਲ ਜਿੰਦਲ ਦਾ ਸੁਪਨਾ ਪੂਰਾ ਕੀਤਾ ਹੈ ਕਿਉਂਕਿ ਉਹ ਬਚਪਨ ਤੋਂ ਹੀ ਮੈਨੂੰ ਜੱਜ ਬਣਾਉਣਾ ਚਾਹੁੰਦੇ ਸਨ। ਅਨੂਬਾ ਨੇ ਕਿਹਾ ਕਿ ਮੇਰੇ ਪਿਤਾ ਰਾਮ ਗੋਪਾਲ ਜਿੰਦਲ ਨੇ ਮੇਰੇ 'ਤੇ ਭਰੋਸਾ ਕਰਕੇ ਮੈਨੂੰ ਘਰ ਤੋਂ ਬਾਹਰ ਪੜ੍ਹਾਈ ਕਰਨ ਲਈ ਭੇਜਿਆ ਸੀ ਅਤੇ ਮੈਂ ਉਨ੍ਹਾਂ ਦੀਆਂ ਉਮੀਦਾਂ 'ਤੇ ਪੂਰੀ ਉੱਤਰੀ ਹਾਂ ਮੈਨੂੰ ਇਸ ਗੱਲ ਦੀ ਅੱਜ ਖੁਸ਼ੀ ਮਹਿਸੂਸ ਹੋ ਰਹੀ ਹੈ। ਅਨੂਪਾ ਨੇ ਅੱਗੇ ਕਿਹਾ ਕਿ ਅਜਿਹੇ ਸੁਪਨੇ ਨੂੰ ਪਰਿਵਾਰ ਦੇ ਸਹਿਯੋਗ ਤੋਂ ਬਿਨਾਂ ਪੂਰਾ ਕਰਨਾ ਅਸੰਭਵ ਹੈ, ਇਸ ਲਈ ਮੇਰੇ ਮਾਤਾ-ਪਿਤਾ ਅਤੇ ਸਮੁੱਚੇ ਪਰਿਵਾਰ ਦੇ ਸਹਿਯੋਗ ਨਾਲ ਹੀ ਮੈਨੂੰ ਇਹ ਮੁਕਾਮ ਹਾਸਲ ਹੋਏ ਹਨ। ਇਸ ਮੌਕੇ ਅਨੁਬਾ ਜਿੰਦਲ ਦੇ ਚਾਚਾ ਪਵਨ ਕੁਮਾਰ ਜਿੰਦਲ ਦਿੱਲੀ ਨੇ ਕਿਹਾ ਕਿ ਇਸ ਲਾਈਨ 'ਚ ਸਾਡੇ ਪਰਿਵਾਰ ਦਾ ਇਹ ਪਹਿਲਾ ਬੱਚਾ ਹੈ। ਇਸ ਦੀ ਪ੍ਰਾਪਤੀ ਸਾਡੇ ਪਰਿਵਾਰ ਅਤੇ ਪੂਰੇ ਕਸਬੇ ਲਈ ਮਾਣ ਅਤੇ ਖੁਸ਼ੀ ਵਾਲੀ ਗੱਲ ਹੈ।


shivani attri

Content Editor

Related News