ਜਗਬਾਣੀ ਸਿਹਤ ਵਿਸ਼ੇਸ਼ : ''ਜਿਤੁ ਖਾਧੈ ਤਨੁ ਪੀੜੀਐ''...
Saturday, Apr 25, 2020 - 08:56 PM (IST)
ਗੁਰੂ ਗ੍ਰੰਥ ਸਾਹਿਬ ਜੀ ਦੇ ਸਿਰੀਰਾਗੁ ਵਿੱਚ ਗੁਰੂ ਨਾਨਕ ਦੇਵ ਜੀ ਫ਼ੁਰਮਾਉਂਦੇ ਹਨ :-
ਬਾਬਾ ਹੋਰੁ ਖਾਣਾ ਖੁਸੀ ਖੁਆਰੁ
ਜਿਤੁ ਖਾਧੈ ਤਨੁ ਪੀੜੀਐ
ਮਨ ਮਹਿ ਚਲਹਿ ਵਿਕਾਰੁ ||
ਭਾਵ ਕਿ ਇਹੋ ਜਿਹਾ ਖਾਣਾ ਖਾ ਕੇ ਖੁਸ਼ ਹੋਣਾ ਪਰੇਸ਼ਾਨ ਤੇ ਦੁਖੀ ਹੋਣਾ ਹੈ, ਜਿਸ ਖਾਣੇ ਨੂੰ ਖਾ ਕੇ ਸਰੀਰ ਰੋਗੀ ਹੋ ਕੇ ਤਕਲੀਫ ’ਚ ਰਹੇ। ਮਨ ਵਿਚ ਬਹੁਤ ਸਾਰੇ ਵਿਕਾਰੁ ਭਾਵ ਨੁਕਸ ਪੈਦਾ ਹੋਣ ਅਤੇ ਜਿਸ ਨੂੰ ਖਾ ਕੇ ਸਰੀਰ ਅਤੇ ਮਨ ਰੋਗੀ ਹੋ ਜਾਵੇ। ਮਨੁੱਖੀ ਖਾਣ-ਪੀਣ ਅਤੇ ਭੋਜਨ ਨੂੰ ਲੈ ਕੇ ਗੁਰੂ ਨਾਨਕ ਦੇਵ ਜੀ ਨੇ ਸਾਨੂ ਗੁਰਬਾਣੀ ਰਾਹੀਂ ਪਹਿਲਾਂ ਹੀ ਉਪਦੇਸ਼ ਦਿੱਤਾ ਸੀ ਕਿ ਮਨੁੱਖ ਨੂੰ ਹਮੇਸ਼ਾ ਕੁਦਰਤੀ ਤੇ ਸਾਦਾ ਭੋਜਨ ਹੀ ਕਰਨਾ ਚਾਹੀਦਾ ਹੈ। ਗੁਰੂ ਸਾਹਿਬ ਜੀ ਨੇ ਮਲਿਕ ਭਾਗੋ ਦੇ ਅਨੇਕਾਂ ਪ੍ਰਕਾਰ ਦੇ ਮਹਿੰਗੇ ਤੇ ਸਵਾਦਿਸ਼ਟ ਭੋਜਨਾਂ ਦੀ ਥਾਂ ਤੇ ਭਾਈ ਲਾਲੋ ਦੇ ਘਰ ਕੋਧਰੇ ਦਾ ਪ੍ਰਸ਼ਾਦਾ ਛੱਕ ਕੇ ਸਾਨੂੰ ਸੱਚੀ ਕਿਰਤ ਤੇ ਸਾਦਗੀ ਦਾ ਸੰਦੇਸ਼ ਦਿੱਤਾ ਪਰ ਅੱਜ ਦਾ ਮਨੁੱਖ ਕੁਦਰਤੀ, ਕੱਚੇ ਅਤੇ ਸਾਦੇ ਭੋਜਨ ਦੀ ਥਾਂ ਮਹਿੰਗੇ, ਤਲੇ ਹੋਏ, ਅਸੁਰੱਖਿਅਤ ਜੰਕ ਫ਼ੂਡ ਖਾਣ ਵਿਚ ਅਪਣੀ ਸ਼ੌਹਰਤ ਸਮਝਦਾ ਹੈ, ਜੋ ਸਿਹਤ ਨੂੰ ਸਿਰਫ ਤੇ ਸਿਰਫ ਖ਼ਰਾਬ ਕਰਦੇ ਹਨ।
ਆਧੁਨਿਕ ਕੈਮੀਕਲ ਭੋਜਨ ਖਾਣ ਕਰਕੇ ਅੱਜ ਹਰ ਘਰ ਵਿੱਚ ਹਰੇਕ ਮੈਬਰ ਨੂੰ ਅਜਿਹੀਆਂ ਬਿਮਾਰੀਆਂ ਹਨ, ਜਿਨ੍ਹਾਂ ਦੇ ਕਦੇ ਨਾਮ ਵੀ ਨਹੀਂ ਸੁਣੇ ਸੀ। ਜੇਕਰ ਅਸੀਂ ਪੁਰਾਣੇ ਸਮੇਂ ਵਾਂਗ ਇਕ ਤੰਦਰੁਸਤ ਤੇ ਵਡੇਰੀ ਉਮਰ ਵਾਲਾ ਜੀਵਨ ਜਿਉਣਾ ਚਾਹੁੰਦੇ ਹਾਂ ਤਾਂ ਸਾਨੂੰ ਮਾਡਰਨ ਕੈਮੀਕਲ ਤੇ ਜੰਕ ਫੂਡ ਛੱਡ ਕੇ ਸਾਦੇ ਕੱਚੇ ਅਤੇ ਕੁਦਰਤੀ ਭੋਜਨਾਂ ਵੱਲ ਮੁੜਨਾ ਪਵੇਗਾ। ਹਰ ਤਰਾਂ ਦੇ ਫਲ਼, ਹਰੇ ਪੱਤੇ, ਹਰੀਆਂ ਸਬਜ਼ੀਆਂ,ਪੱਤੇਦਾਰ ਭੋਜਨ ਅਤੇ ਬਾਜਰਾ ਕਿਸਮ ਦੇ ਫਾਈਬਰ ਯੁਕਤ ਮੋਟੇ ਅਨਾਜ ਜਿਵੇਂ ਕੋਧਰਾ, ਕੰਗਣੀਂ, ਕੁਟਕੀ, ਹਰੀ ਕੰਗਣੀਂ ਅਤੇ ਸਵਾਂਕ ਨੂੰ ਅਪਣੀ ਰਸੋਈ ਵਿੱਚ ਲਿਆਉਣਾ ਪਵੇਗਾ। ਇਹਨਾਂ ਨੂੰ ਮਿਲੇਟਸ ਵੀ ਕਹਿੰਦੇ ਹਨ। ਵੈਸੇ ਤਾਂ ਮਿਲੇਟਸ ਕਈ ਤਰਾਂ ਦੇ ਹਨ ਪਰ ਇਹ ਪੰਜ ਬੀਮਾਰ ਨੂੰ ਵੀ ਤੰਦਰੁਸਤ ਕਰਨ ਦੇ ਯੋਗ ਹਨ। ਮਿਲੇਟਸ ਨੂੰ ਤੁਸੀਂ ਚਾਵਲ ਦੀ ਤਰਾਂ ਵੀ ਬਣਾ ਸਕਦੇ ਹੋ ਅਤੇ ਪਾਣੀ ’ਚ ਭਿਓਂ ਕੇ ਸੁਕਾ ਕੇ ਆਟਾ ਵੀ ਬਣਾ ਸਕਦੇ ਹੋ। ਇਸ ਦੇ ਨਾਲ-ਨਾਲ ਆਟੇ ਤੋਂ ਰੋਟੀ ਤੇ ਹੋਰੁ ਹਰ ਤਰਾਂ ਦੀਆਂ ਵੰਨਗੀਆਂ ਬਣਾ ਸਕਦੇ ਹੋ।
ਸਾਡੀ ਸਵੇਰ ਦੀ ਸ਼ੁਰੂਆਤ ਚੀਨੀ ਵਾਲੀ ਚਾਹ ਨਾਲ ਹੁੰਦੀ ਹੈ ਪਰ ਇਸਦੀ ਥਾਂ ਤੇ ਅਸੀਂ ਕੁਦਰਤੀ ਵਨਸਪਤੀ ਜਿਵੇਂ ਤੁਲਸੀ, ਜਾਮੁਣ, ਅਮਰੂਦ, ਅੰਬ, ਪਪੀਤਾ, ਪੁਦੀਨਾ, ਧਨੀਆ, ਨਾਸਪਾਤੀ, ਬਗੂਗੋਸ਼ਾ, ਸੋਹੰਜਣਾ ਆਦਿ ਦੇ ਪੱਤਿਆਂ ਨੂੰ ਧੋ ਕੇ ਪਾਣੀ ਵਿਚ ਉਬਾਲ ਕੇ ਇਨ੍ਹਾਂ ਦਾ ਕਾੜ੍ਹਾ ਭਾਵ ਕੁਦਰਤੀ ਗ੍ਰੀਨ ਟੀ ਬਣਾ ਕੇ ਪੀ ਸਕਦੇ ਹਾਂ, ਜੋ ਗਲ਼ੇ ਅਤੇ ਪੇਟ ਦੀਆ ਕਾਫ਼ੀ ਬਿਮਾਰੀਆਂ ਨੂੰ ਖ਼ਤਮ ਕਰਕੇ ਵਜ਼ਨ ਘਟਾਉਣ ਵਿਚ ਵੀ ਬਹੁਤ ਫਾਇਦੇਮੰਦ ਹੈ। ਇਹ ਚੀਨੀ ਦੀ ਚਾਹ ਦਾ ਚੰਗਾ ਬਦਲ ਹੈ।
ਨਾਸ਼ਤੇ ਵਿਚ ਅਸੀਂ ਸਾਰੇ ਮੌਸਮੀ ਫਲ਼ ਖਾਸ ਕਰ ਕੁਦਰਤੀ ਤਰੀਕੇ ਨਾਲ ਪੱਕੇ ਹੋਏ ਫਲ਼ ਖਾ ਸਕਦੇ ਹਾਂ ਕਿਓਂਕਿ ਹਰੇਕ ਫਲ਼ ਵਿੱਚ ਕਈ ਤਰਾਂ ਦੇ ਚੰਗੇ ਖੁਰਾਕੀ ਤੱਤ ਹੁੰਦੇ ਹਨ, ਜੋ ਸਾਡੇ ਸਰੀਰ ਨੂੰ ਚਾਹੀਦੇ ਹੁੰਦੇ ਹਨ। ਹਰੇਕ ਫਲ਼ ਸਾਡੇ ਲਈ ਕੁਦਰਤ ਵਲੋਂ ਦਿੱਤਾ ਹੋਇਆ ਵਰਦਾਨ ਹੈ ਪਰ ਆਮ ਤੌਰ ਤੇ ਅਸੀਂ ਫਲ਼ ਬਹੁਤ ਘੱਟ ਜਾਂ ਨਾਮਾਤਰ ਹੀ ਖਾਂਦੇ ਹਾਂ। ਸਾਨੂੰ ਸਾਰਿਆਂ ਨੂੰ ਸਵੇਰ ਵੇਲੇ ਕੋਈ ਨਾ ਕੋਈ ਫਲ਼ ਜਰੂਰ ਖਾਣਾ ਚਾਹੀਦਾ ਹੈ।
ਦੁਪਹਿਰ ਦੇ ਖਾਣੇ ਤੋਂ ਇੱਕ ਘੰਟੇ ਪਹਿਲਾਂ ਸਾਨੂੰ ਸਲਾਦ ਜਿਵੇਂ ਖੀਰਾ, ਕੱਕੜੀ ਚੁਕੰਦਰ, ਮੂਲ਼ੀ ਅਤੇ ਹਰੀਆਂ ਸਬਜ਼ੀਆਂ ਦੇ ਨਾਲ-ਨਾਲ ਉਹਨਾਂ ਦੇ ਕੱਚੇ ਪੱਤੇ ਵੀ ਕੁਦਰਤੀ ਭੋਜਨ ਦੇ ਤੌਰ ਤੇ ਖਾਣੇ ਚਾਹੀਦੇ ਹਨ। ਲੰਚ ਵਿੱਚ ਅਸੀਂ ਕਣਕ ਦੇ ਆਟੇ ਅਤੇ ਚਾਵਲ ਦੀ ਜਗ੍ਹਾ ’ਤੇ ਬਾਜਰਾ ਕਿਸਮ ਦੇ ਮੋਟੇ ਅਨਾਜ ਮਿਲੈਟਸ ਜਿਵੇਂ ਕੋਧਰਾ, ਕੰਗਣੀਂ, ਕੁੱਟਕੀ, ਹਰੀ ਕੰਗਣੀਂ ਅਤੇ ਸਵਾਂਕ ਦੀ ਖਿਚੜੀ, ਸਬਜ਼ੀਆਂ ਪਾ ਕੇ ਪਲਾਓ ਅਤੇ ਇਹਨਾਂ ਦਾ ਆਟਾ ਪੀਸ ਕੇ ਗਰਮ ਪਾਣੀ ਨਾਲ ਗੁੰਨ ਕੇ ਰੋਟੀ ਵੀ ਬਣਾ ਕੇ ਖਾ ਸਕਦੇ ਹਾਂ। ਮਿਲੇਟਸ ਦੀਆਂ ਹੋਰ ਵੰਨਗੀਆਂ ਬਣਾਉਣ ਲਈ ਤੁਸੀਂ ਯੂਟਿਊਬ ’ਤੇ ਵੱਖ ਵੱਖ ਕਿਸਮ ਦੀਆਂ ਰੇਸੀਪੀਜ਼ ਵੇਖ ਸਕਦੇ ਹੋ। ਸੋ ਇਸ ਪ੍ਰਕਾਰ ਮਿਲੇਟਸ ਵੀ ਦੁਪਹਿਰ ਤੇ ਰਾਤ ਦੇ ਖਾਣੇ ਲਈ ਚੰਗਾ ਬਦਲ ਹਨ। ਇਹਨਾਂ ਵਿਚ ਬਹੁਤ ਸਾਰੇ ਖੁਰਾਕੀ ਤੱਤ ਬਾਕੀ ਅਨਾਜਾਂ ਨਾਲੋਂ ਕਿਤੇ ਵੱਧ ਹਨ ਜੋ, ਮਨੁੱਖੀ ਸਰੀਰ ਲਈ ਬਹੁਤ ਹੀ ਲਾਭਦਾਇਕ ਹਨ। ਇਹਨਾਂ ਦਾ ਕੋਈ ਵੀ ਸਾਈਡ ਇਫੈਕਟ ਵੀ ਨਹੀਂ ਹੁੰਦਾ। ਮਿਲੇਟਸ ਆਨਲਾਈਨ ਵੀ ਮਿਲ ਜਾਂਦੇ ਹਨ।
ਮੈਂ ਵੀ ਬਹੁਤ ਸਾਰੀਆਂ ਬੀਮਾਰੀਆਂ ਤੋਂ ਪੀੜਤ ਹਾਂ ਅਤੇ ਦਵਾਈਆਂ ਖਾ-ਖਾ ਕੇ ਪੇਟ ਭਰ ਗਿਆ ਹੈ, ਇਸ ਕਰਕੇ ਖੇਤੀ ਵਿਰਾਸਤ ਮਿਸ਼ਨ ਦੇ ਨਾਲ ਜੁੜ ਕੇ ਸਿਹਤ ਨੂੰ ਕੁਦਰਤੀ ਤਰੀਕੇ ਨਾਲ ਠੀਕ ਕਰਨ ਵਿਚ ਜੁਟਿਆ ਹਾਂ। ਕੁਦਰਤ ਦੀ ਹੈਲਪ ਨਾਲ ਕਿਵੇਂ ਬਿਮਾਰੀਆਂ ਨਾਲ ਲੜ ਸਕਦੇ ਹਾਂ ਬੱਸ ਇੰਟਰਨੈੱਟ ਤੋਂ ਇਹੋ ਜਾਣਕਾਰੀ ਇਕੱਠੀ ਕਰਦਾ ਹਾਂ। ਇਹ ਸਾਰੀ ਜਾਣਕਾਰੀ ਵੀ ਮੈਨੂੰ ਖੇਤੀ ਵਿਰਾਸਤ ਮਿਸ਼ਨ ਦੇ ਸਾਰੇ ਪ੍ਰੋਗਰਾਮ ਦੇਖ ਕੇ ਮਿਲ਼ੀ ਹੈ ਜੋ, ਤੁਹਾਡੇ ਨਾਲ ਸਾਂਝੀ ਕੀਤੀ ਹੈ। ਜੇਕਰ ਆਪ ਜੀ ਨੂੰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਕੁਦਰਤ ਨਾਲ ਜੁੜ ਕੇ ਆਪਣਾ ਅਤੇ ਦੂਜਿਆਂ ਦਾ ਜੀਵਨ ਸੁਧਾਰੋ। ਭੋਜਨ ਦੇ ਤੱਤਾਂ ਨੂੰ ਪ੍ਰੈਸ਼ਰ ਕੂਕਰ ਵਿਚ ਸਾੜ ਕੇ ਨਸ਼ਟ ਨਾ ਕਰੋ। ਕੱਚਾ ਅਤੇ ਕੁਦਰਤੀ ਭੋਜਨ ਅਪਣਾ ਕੇ ਤੰਦਰੁਸਤ ਤੇ ਨਿਰੋਗੀ ਜੀਵਨ ਜੀਓ।
ਲੇਖਕ : ਸੁਖਜਿੰਦਰ ਸਿੰਘ