ਪਰਾਲੀ ਸਾੜੀ ਤਾਂ ਕਿਸਾਨ ਹੀ ਨਹੀਂ ਸਰਪੰਚ ਵੀ ਹੋਵੇਗਾ ਜ਼ਿੰਮੇਵਾਰ
Wednesday, Nov 06, 2019 - 12:24 PM (IST)
ਝਬਾਲ (ਨਰਿੰਦਰ) : ਮਾਣਯੋਗ ਸੁਪਰੀਮ ਕੋਰਟ ਵਲੋ ਪਰਾਲੀ ਸਾੜਨ ਦੇ ਸਬੰਧਤ 'ਚ ਇਕ ਰਿੱਟ ਪਟੀਸ਼ਨ 13029/1985 ਦੇ ਹੁਕਮ 4/11/2019 ਅਨੁਸਾਰ ਕਿਸਾਨਾਂ ਵਲੋਂ ਖੇਤਾਂ 'ਚ ਪਰਾਲੀ ਅਤੇ ਫਸਲ ਦੇ ਰਹਿੰਦ-ਖੂੰਹਦ ਨੂੰ ਅੱਗ ਲਗਾਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਵਾਲੇ ਕਿਸਾਨ ਦੇ ਨਾਲ-ਨਾਲ ਸਬੰਧਤ ਇਲਾਕੇ ਦਾ ਥਾਣਾ ਮੁਖੀ, ਪਿੰਡ ਦਾ ਸਰਪੰਚ ਅਤੇ ਪੰਚਾਇਤ ਸਕੱਤਰ ਨੂੰ ਵੀ ਬਰਾਬਰ ਦਾ ਜ਼ਿੰਮੇਵਾਰ ਹੋਵੇਗਾ ।
ਇਸ ਸਬੰਧੀ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਤਰਨਤਾਰਨ ਪ੍ਰਗਟ ਸਿੰਘ ਵਲੋਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਦੇ ਹੁਕਮਾਂ 'ਤੇ ਜਾਰੀ ਕੀਤੀ ਚਿੱਠੀ ਅਨੁਸਾਰ ਮਾਣਯੋਗ ਸੁਪਰੀਮ ਕੋਰਟ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਹੈ ਕਿ ਖੇਤਾਂ 'ਚ ਲਗਾਤਾਰ ਫਸਲ ਦੀ ਰਹਿੰਦ-ਖੂੰਹਦ ਅਤੇ ਪਰਾਲੀ ਨੂੰ ਲਗਾਈ ਜਾ ਰਹੀ। ਅੱਗ ਨਾਲ ਹੁੰਦੇ ਧੂੰਏਂ ਕਾਰਨ ਜਿਥੇ ਧੁੰਦ ਫੈਲ ਰਹੀ ਹੈ ਉਥੇ ਹੀ ਵਾਤਾਵਰਣ ਪ੍ਰਦੂਸ਼ਿਤ ਹੋਣ ਕਾਰਨ ਕਈ ਬੀਮਾਰੀਆਂ ਲੱਗ ਰਹੀਆਂ ਹਨ। ਇਸ ਲਈ ਜੇਕਰ ਕਿਸੇ ਪਿੰਡ 'ਚ ਕਿਸਾਨ ਫਸਲ ਦੇ ਰਹਿੰਦ-ਖੂੰਹਦ ਜਾਂ ਪਰਾਲੀ ਨੂੰ ਅੱਗ ਲਗਾਉਦੇ ਹਨ ਤਾਂ ਸਬੰਧਤ ਪਿੰਡ ਦੀ ਗ੍ਰਾਮ ਪੰਚਾਇਤ/ਸਰਪੰਚ, ਸਬੰਧਤ ਥਾਣਾ ਮੁਖੀ ਅਤੇ ਗ੍ਰਾਮ ਪੰਚਾਇਤ ਸਕੱਤਰ ਅੱਗ ਲਗਾਉਣ ਵਾਲੇ ਕਿਸਾਨ ਦੇ ਨਾਲ-ਨਾਲ ਬਰਾਬਰ ਦੇ ਦੋਸ਼ੀ ਹੋਣਗੇ ਅਤੇ ਉਨ੍ਹਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਇਸ ਲਈ ਗ੍ਰਾਮ ਪੰਚਾਇਤਾਂ ਦਾ ਫਰਜ਼ ਬਣਦਾ ਹੈ ਕਿ ਉਹ ਕਿਸਾਨਾਂ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕ ਕਰਨ।