ਮੋਗਾ ’ਚ ਲੁੱਟ ਦੌਰਾਨ ਜਿਊਲਰ ਦਾ ਕਤਲ ਕਰਨ ਵਾਲੇ ਮੁਲਜ਼ਮ ਪੰਜ ਦਿਨਾਂ ਦੇ ਪੁਲਸ ਰਿਮਾਂਡ ’ਤੇ

Wednesday, Jun 21, 2023 - 02:30 PM (IST)

ਮੋਗਾ ’ਚ ਲੁੱਟ ਦੌਰਾਨ ਜਿਊਲਰ ਦਾ ਕਤਲ ਕਰਨ ਵਾਲੇ ਮੁਲਜ਼ਮ ਪੰਜ ਦਿਨਾਂ ਦੇ ਪੁਲਸ ਰਿਮਾਂਡ ’ਤੇ

ਮੋਗਾ (ਆਜ਼ਾਦ/ਗੋਪੀ ਰਾਊਕੇ) : ਮੋਗਾ ਦੀ ਰਾਮਗੰਜ ਮੰਡੀ ’ਚ ਸਥਿਤ ਏਸ਼ੀਆ ਜਿਊਲਰ ਦੇ ਮਾਲਕ ਪਰਮਿੰਦਰ ਵਿੱਕੀ ਦਾ ਦਿਨ-ਦਿਹਾੜੇ ਅਣਪਛਾਤੇ ਲੁਟੇਰਿਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ’ਚ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਨੂੰ ਪੁਲਸ ਨੇ ਮਾਣਯੋਗ ਅਦਾਲਤ ’ਚ ਪੇਸ਼ ਕੀਤਾ। ਜਾਣਕਾਰੀ ਅਨੁਸਾਰ 12 ਜੂਨ ਨੂੰ ਅਣਪਛਾਤੇ ਹਥਿਆਰਬੰਦ ਲੁਟੇਰਿਆਂ ਵੱਲੋਂ ਜੌਹਰੀ ਦਾ ਕਤਲ ਕਰ ਦਿੱਤਾ ਗਿਆ ਸੀ। ਉਕਤ ਮਾਮਲੇ ’ਚ ਥਾਣਾ ਸਿਟੀ ਸਾਊਥ ਦੀ ਪੁਲਸ ਨੇ ਅਣਪਛਾਤੇ ਲੁਟੇਰਿਆਂ ਖ਼ਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਸੀ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵਾਇਰਲ ਕਰ ਕੇ ਲੋਕਾਂ ਤੋਂ ਸਹਿਯੋਗ ਮੰਗਿਆ ਗਿਆ।

ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਉਕਤ ਮਾਮਲੇ ’ਚ ਸ਼ਾਮਿਲ 4 ਕਥਿਤ ਦੋਸ਼ੀਆਂ ਰਾਜਵਿੰਦਰ ਸਿੰਘ ਮੰਗਾ ਉਰਫ ਰਾਜੂ ਵਾਸੀ ਮੋਗਾ, ਰਾਜਵੀਰ ਸਿੰਘ ਉਰਫ ਅਵਿਨਾਸ਼ ਸਿੰਘ ਵਾਸੀ ਬਿਹਾਰ, ਵਰੁਣ ਜੈਜੀ ਉਰਫ ਵਾਨੂੰ ਵਾਸੀ ਜਲੰਧਰ ਅਤੇ ਗੁਰਪ੍ਰੀਤ ਸਿੰਘ ਗੋਪੀ ਵਾਸੀ ਬਿਹਾਰ ਨੂੰ ਗ੍ਰਿਫਤਾਰ ਕਰ ਲਿਆ। ਅੰਮ੍ਰਿਤਸਰ ਨਾਂਦੇੜ ਮਹਾਰਾਸ਼ਟਰ ਤੋਂ ਖੋਹਿਆ ਗਿਆ ਰਿਵਾਲਵਰ ਅਤੇ ਹੋਰ ਹਥਿਆਰ ਮੋਗਾ ਪੁਲਸ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਕੇਂਦਰੀ ਏਜੰਸੀਆਂ ਅਤੇ ਬਿਹਾਰ ਪੁਲਸ ਦੇ ਸਹਿਯੋਗ ਨਾਲ ਬਰਾਮਦ ਕੀਤੇ ਹਨ।

ਉਕਤ ਮਾਮਲੇ ’ਚ ਗੋਲੂ ਵਾਸੀ ਪਟਨਾ ਬਿਹਾਰ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ, ਜਿਸ ਨੂੰ ਕਾਬੂ ਕਰਨ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਅੱਜ ਥਾਣਾ ਸਿਟੀ ਸਾਊਥ ਦੇ ਇੰਚਾਰਜ ਅਮਨਦੀਪ ਸਿੰਘ ਕੰਬੋਜ ਨੇ ਕਥਿਤ ਦੋਸ਼ੀਆਂ ਨੂੰ ਸਿਵਲ ਹਸਪਤਾਲ ਮੋਗਾ ਤੋਂ ਮੈਡੀਕਲ ਕਰਵਾਉਣ ਉਪਰੰਤ ਮਾਣਯੋਗ ਅਦਾਲਤ ’ਚ ਪੇਸ਼ ਕੀਤਾ। ਅਦਾਲਤ ਨੇ ਕਥਿਤ ਦੋਸ਼ੀਆਂ ਦਾ ਪੰਜ ਦਿਨ ਦਾ ਪੁਲਸ ਰਿਮਾਂਡ ਦੇ ਦਿੱਤਾ ਹੈ।


author

Gurminder Singh

Content Editor

Related News