ਕੇਜਰੀਵਾਲ ਨੇ ਮਜੀਠੀਆ ਤੋਂ ਮਾਫੀ ਮੰਗ ਸੱਚਾਈ ਨੂੰ ਕੀਤਾ ਕਬੂਲ : ਜੀਤਮਹਿੰਦਰ ਸਿੰਘ ਸਿੱਧੂ
Friday, Mar 16, 2018 - 05:51 PM (IST)
ਤਲਵੰਡੀ ਸਾਬੋ (ਮੁਨੀਸ਼) — ਨਸ਼ਾ ਤਸਕਰੀ ਦੇ ਦੋਸ਼ ਲਾਉਣ ਦੇ ਮਾਮਲੇ 'ਚ ਪੰਜਾਬ ਦੇ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ 'ਆਪ' ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਕੀਤੇ ਮਾਨਹਾਨੀ ਦੇ ਕੇਸ 'ਚ ਬੀਤੇ ਕੱਲ ਅਰਵਿੰਦ ਕੇਜਰੀਵਾਲ ਵੱਲੋਂ ਅਚਾਨਕ ਮਜੀਠੀਆ ਤੋਂ ਮਾਫੀ ਮੰਗ ਲੈਣ ਅਤੇ ਉਨ੍ਹਾਂ ਤੇ ਬੀਤੇ ਸਮੇਂ 'ਚ ਲਾਏ ਦੋਸ਼ਾਂ ਨੂੰ ਨਿਰਆਧਾਰ ਦੱਸਣ ਦੇ ਮਾਮਲੇ ਤੇ ਪੰਜਾਬ ਦੀ ਸਿਆਸਤ 'ਚ ਭੂਚਾਲ ਆਇਆ ਹੋਇਆ ਹੈ । ਇਸੇ ਮਾਮਲੇ ਤੇ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜਨ : ਸਕੱ: ਅਤੇ ਹਲਕਾ ਤਲਵੰਡੀ ਸਾਬੋ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਕੇਜਰੀਵਾਲ ਨੇ ਮਜੀਠੀਆ ਤੋਂ ਮਾਫੀ ਮੰਗ ਕੇ ਸੱਚਾਈ ਨੂੰ ਕਬੂਲ ਕਰ ਲਿਆ ਹੈ।
ਅੱਜ ਇਥੋਂ ਜਾਰੀ ਪ੍ਰੈੱਸ ਬਿਆਨ 'ਚ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਮੌਕੇ ਹੱਦ ਦਰਜੇ ਦੀ ਨੀਵੀਂ ਸਿਆਸਤ ਕੀਤੀ ਉਸੇ ਤਹਿਤ ਬਿਕਰਮਜੀਤ ਸਿੰਘ ਮਜੀਠੀਆ ਨੂੰ ਨਸ਼ਾ ਤਸਕਰ ਦੱਸਣ ਦੇ ਮਾਮਲੇ 'ਚ ਜਦੋਂ ਮਜੀਠੀਆ ਨੇ ਅਰਵਿੰਦ ਕੇਜਰੀਵਾਲ ਤੇ ਮਾਨਹਾਨੀ ਦਾ ਕੇਸ ਕੀਤਾ ਤਾਂ ਵਕਤ ਪੈਣ 'ਤੇ ਕੇਜਰੀਵਾਲ ਨੂੰ ਇਹ ਸਮਝ ਆ ਗਿਆ ਕਿ ਉਹ ਆਪਣੇ ਵੱਲੋਂ ਲਾਏ ਦੋਸ਼ਾਂ ਨੂੰ ਕਦੇ ਵੀ ਸਾਬਿਤ ਨਹੀ ਕਰ ਸਕਣਗੇ। ਇਸ ਲਈ ਉਨ੍ਹਾਂ ਨੇ ਮਜੀਠੀਆ ਤੋਂ ਮਾਫੀ ਮੰਗ ਲਈ ਜੋ ਕਿ ਠੀਕ ਕਦਮ ਕਿਹਾ ਜਾ ਸਕਦਾ ਹੈ ।
ਸਿੱਧੂ ਨੇ ਅੱਗੇ 'ਆਪ' ਦੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੂੰ ਸਵਾਲ ਕੀਤਾ ਕਿ ਉਹ ਵੀ ਮਜੀਠੀਆ ਵੱਲੋਂ ਕੀਤੇ ਮਾਨਹਾਨੀ ਦੇ ਕੇਸ ਦਾ ਸਾਹਮਣਾ ਕਰ ਰਹੇ ਹਨ ਕੀ ਉਹ ਵੀ ਹੁਣ ਆਪਣੇ ਪਾਰਟੀ ਮੁਖੀ ਦੇ ਨਕਸ਼ੇਕਦਮ ਤੇ ਚੱਲ ਕੇ ਉਨ੍ਹਾਂ ਤੋਂ ਮਾਫੀ ਮੰਗਣਗੇ ਜਾਂ ਫਿਰ ਉਹ ਕੇਜਰੀਵਾਲ ਵੱਲੋਂ ਲਏ ਫੈਸਲੇ ਦੇ ਉੇਲਟ ਜਾ ਕੇ ਉਕਤ ਕੇਸ ਦਾ ਡਟ ਕੇ ਸਾਹਮਣਾ ਕਰਨਗੇ? ਜੀਤਮਹਿੰਦਰ ਸਿੰਘ ਸਿੱਧੂ ਨੇ ਭਗਵੰਤ ਮਾਨ ਤੇ ਅਮਨ ਅਰੋੜਾ ਵੱਲੋਂ ਅਸਤੀਫੇ ਦਿੱਤੇ ਜਾਣ ਦੀਆਂ ਖਬਰਾਂ 'ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਜਿਸ ਕੇਜਰੀਵਾਲ ਨੂੰ ਅੱਜ ਤੱਕ 'ਆਪ' ਆਗੂ ਤੇ ਵਰਕਰ ਆਪਣਾ ਰੋਲ ਮਾਡਲ ਮੰਨ ਕੇ ਉਸ ਦੇ ਹੁਕਮਾਂ 'ਤੇ ਚੱਲਦੇ ਰਹੇ ਹਨ, ਅੱਜ ਉਸੇ ਕੇਜਰੀਵਾਲ ਦੇ ਖਿਲਾਫ ਜਾ ਕੇ ਉਹ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਰਹੇ ਹਨ । ਉਨ੍ਹਾਂ ਕਿਹਾ ਕਿ ਹਲਕਾ ਤਲਵੰਡੀ ਸਾਬੋ ਦੀ ਵਿਧਾਇਕਾ ਬਲਜਿੰਦਰ ਕੌਰ ਜੋ 'ਆਪ' ਦੀ ਨੈਸ਼ਨਲ ਕੌਂਸਲ ਮੈਂਬਰ ਹੈ ਨੂੰ ਵੀ ਲੋਕਾਂ ਅੱਗੇ ਸ਼ਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਕੇਜਰੀਵਾਲ ਦੇ ਫੈਸਲੇ ਨੂੰ ਸਹੀ ਮੰਨਦੀ ਹੈ ਜਾਂ ਪੰਜਾਬ ਇਕਾਈ ਵੱਲੋਂ ਕੇਜਰੀਵਾਲ ਦੇ ਫੈਸਲੇ ਦੇ ਕੀਤੇ ਜਾ ਰਹੇ ਵਿਰੋਧ ਨੂੰ ਸਹੀ ਮੰਨਦਿਆਂ ਨੈਸ਼ਨਲ ਕੌਂਸਲ ਦੇ ਅਹੁਦੇ ਦਾ ਤਿਆਗ ਦੇਣਗੇ?
