ਜਤਿੰਦਰ ਔਲਖ ਨੇ ਚੇਅਰਮੈਨ ਪੰਜਾਬ ਲੋਕ ਸੇਵਾ ਕਮਿਸ਼ਨ ਅਤੇ ਇੰਦਰਪਾਲ ਸਿੰਘ ਨੇ ਮੁੱਖ ਸੂਚਨਾ ਕਮਿਸ਼ਨਰ ਵਜੋਂ ਚੁੱਕੀ ਸਹੁੰ

Tuesday, Jan 30, 2024 - 04:12 AM (IST)

ਜਤਿੰਦਰ ਔਲਖ ਨੇ ਚੇਅਰਮੈਨ ਪੰਜਾਬ ਲੋਕ ਸੇਵਾ ਕਮਿਸ਼ਨ ਅਤੇ ਇੰਦਰਪਾਲ ਸਿੰਘ ਨੇ ਮੁੱਖ ਸੂਚਨਾ ਕਮਿਸ਼ਨਰ ਵਜੋਂ ਚੁੱਕੀ ਸਹੁੰ

ਚੰਡੀਗੜ੍ਹ: ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਪੰਜਾਬ ਰਾਜ ਭਵਨ, ਚੰਡੀਗੜ੍ਹ ਵਿਖੇ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਨਵ ਨਿਯੁਕਤ ਚੇਅਰਮੈਨ ਜਤਿੰਦਰ ਸਿੰਘ ਔਲਖ ਅਤੇ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਨਵ ਨਿਯੁਕਤ ਰਾਜ ਮੁੱਖ ਸੂਚਨਾ ਕਮਿਸ਼ਨਰ ਇੰਦਰਪਾਲ ਸਿੰਘ ਨੂੰ ਅਹੁਦੇ ਦਾ ਭੇਤ ਗੁਪਤ ਰੱਖਣ ਦਾ ਹਲਫ਼ ਦਿਵਾਇਆ। ਇੱਥੇ ਪੰਜਾਬ ਰਾਜ ਭਵਨ ਵਿਖੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਸਹੁੰ ਚੁੱਕ ਸਮਾਗਮ ਦੀ ਕਾਰਵਾਈ ਚਲਾਈ।

PunjabKesari

ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ, ਬ੍ਰਮ ਸ਼ੰਕਰ ਜਿੰਪਾ ਤੇ ਗੁਰਮੀਤ ਸਿੰਘ ਖੁੱਡੀਆ, ਮੁੱਖ ਮੰਤਰੀ ਦੇ ਵਿਸ਼ੇਸ਼ ਮੁੱਖ ਸਕੱਤਰ ਵੀ ਕੇ ਸਿੰਘ, ਡੀਜੀਪੀ ਗੌਰਵ ਯਾਦਵ, ਮੁੱਖ ਮੰਤਰੀ ਦੇ ਡਾਇਰੈਕਟਰ ਮੀਡੀਆ ਬਲਤੇਜ ਸਿੰਘ ਪੰਨੂੰ, ਪੰਜਾਬ ਲੋਕ ਸੇਵਾ ਕਮਿਸ਼ਨ ਦੇ ਮੈਂਬਰ ਗੁਰਪ੍ਰਤਾਪ ਸਿੰਘ ਮਾਨ, ਸੁਪ੍ਰੀਤ ਘੁੰਮਣ ਤੇ ਹਰਮੋਹਨ ਕੌਰ ਸੰਧੂ, ਰਾਜ ਸੂਚਨਾ ਕਮਿਸ਼ਨਰ ਅਸਿਤ ਜੌਲੀ ਤੇ ਅੰਮ੍ਰਿਤ ਪ੍ਰਤਾਪ ਸਿੰਘ ਸੇਖੋਂ ਤੋਂ ਇਲਾਵਾ ਸਿਵਲ ਤੇ ਪੁਲਸ ਦੇ ਉੱਚ ਪ੍ਰਸ਼ਾਸਨਿਕ ਅਧਿਕਾਰੀ ਅਤੇ ਨਵ ਨਿਯੁਕਤ ਚੇਅਰਮੈਨ ਤੇ ਰਾਜ ਮੁੱਖ ਸੂਚਨਾ ਕਮਿਸ਼ਨਰ ਦੇ ਪਰਿਵਾਰਕ ਮੈਂਬਰ ਅਤੇ ਸ਼ੁਭਚਿੰਤਕ ਮੌਜੂਦ ਸਨ।

ਜ਼ਿਕਰਯੋਗ ਹੈ ਕਿ ਪੰਜਾਬ ਕਾਡਰ ਦੇ 1997 ਬੈਚ ਦੇ ਆਈ.ਪੀ.ਐੱਸ. ਅਧਿਕਾਰੀ ਜਤਿੰਦਰ ਸਿੰਘ ਔਲਖ ਪਿੰਡ ਬਰਗਾੜੀ (ਫਰੀਦਕੋਟ) ਦੇ ਜੰਮਪਲ ਹਨ। ਪੰਜਾਬ ਪੁਲਸ ਵਿਚ 33 ਸਾਲ ਸੇਵਾਵਾਂ ਨਿਭਾਉਣ ਤੋਂ ਬਾਅਦ ਏ.ਡੀ.ਜੀ.ਪੀ. ਦੇ ਰੈਂਕ ਉੱਤੇ ਇੰਟੈਲੀਜੈਂਸ ਚੀਫ਼ ਵਜੋਂ ਸੇਵਾਮੁਕਤ ਹੋਏ ਸਨ। ਔਲਖ ਨੇ ਪੀ.ਪੀ.ਐੱਸ. ਨਾਭਾ ਤੋਂ ਸਕੂਲੀ ਸਿੱਖਿਆ, ਡੀ.ਏ.ਵੀ. ਕਾਲਜ ਚੰਡੀਗੜ੍ਹ ਤੋਂ ਬੀ.ਏ. (ਆਨਰਜ਼) ਅਤੇ ਪੰਜਾਬ ਯੂਨੀਵਰਸਿਟੀ ਤੋਂ ਐੱਲ.ਐੱਲ.ਬੀ. ਅਤੇ ਇਤਿਹਾਸ ਵਿਸ਼ੇ ਵਿਚ ਐੱਮ.ਏ. ਦੀ ਡਿਗਰੀ ਹਾਸਲ ਕੀਤੀ।

ਇਹ ਖ਼ਬਰ ਵੀ ਪੜ੍ਹੋ - ਦੇਵੇਂਦਰ ਯਾਦਵ ਮੁਹਰੇ ਖੁੱਲ੍ਹ ਕੇ ਸਾਹਮਣੇ ਆਈ ਪੰਜਾਬ ਕਾਂਗਰਸ ਦੀ ਧੜੇਬੰਦੀ, ਆਹਮੋ-ਸਾਹਮਣੇ ਹੋ ਗਏ ਦੋ ਧੜੇ

ਆਪਣੇ ਸੇਵਾ ਕਾਲ ਦੌਰਾਨ ਉਹ ਵੱਖ-ਵੱਖ ਜ਼ਿਲ੍ਹਿਆਂ ਐੱਸ.ਏ.ਐੱਸ. ਨਗਰ, ਸੰਗਰੂਰ, ਰੂਪਨਗਰ, ਜਗਰਾਉਂ, ਐੱਸ.ਬੀ.ਐੱਸ. ਨਗਰ, ਅਤੇ ਖੰਨਾ ਵਿਖੇ ਐੱਸ.ਐੱਸ.ਪੀ. ਵਜੋਂ ਤਾਇਨਾਤ ਰਹੇ। ਉਹ ਪੁਲਸ ਕਮਿਸ਼ਨਰ ਅੰਮ੍ਰਿਤਸਰ ਤੇ ਪੁਲਸ ਕਮਿਸ਼ਨਰ ਲੁਧਿਆਣਾ, ਆਈ.ਜੀ.ਪਟਿਆਲਾ ਤੇ ਫਿਰੋਜ਼ਪੁਰ ਰੇਂਜ, ਆਈ.ਜੀ. ਹੈੱਡਕੁਆਰਟਰ ਤੇ ਇੰਟੈਲੀਜੈਂਸ ਵਜੋਂ ਸੇਵਾ ਨਿਭਾਉਣ ਉਪਰੰਤ ਏ.ਡੀ.ਜੀ.ਪੀ. ਦੇ ਰੈਂਕ 'ਤੇ ਖੁਫ਼ੀਆ ਵਿੰਗ ਦੇ ਮੁਖੀ ਵਜੋਂ ਸੇਵਾਮੁਕਤ ਹੋਏ ਸਨ। ਉਨ੍ਹਾਂ ਨੂੰ ਰਾਸ਼ਟਰੀ ਪੁਰਸਕਾਰ (ਵਿਸ਼ੇਸ਼), ਵਿਸ਼ੇਸ਼ ਸੇਵਾਵਾਂ ਲਈ ਪੁਲਸ ਮੈਡਲ, ਪੁਲਸ ਮੈਡਲ ਫਾਰ ਮੈਰੀਟੋਰੀਅਸ ਸਰਵਿਸਿਜ਼, ਮੁੱਖ ਮੰਤਰੀ ਮੈਡਲ ਅਤੇ ਤਿੰਨ ਵਾਰ ਡੀ.ਜੀ.ਪੀ. ਦੀ ਸ਼ਲਾਘਾ ਡਿਸਕ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਰਾਜ ਮੁੱਖ ਸੂਚਨਾ ਕਮਿਸ਼ਨਰ ਵਜੋਂ ਸਹੁੰ ਚੁੱਕਣ ਵਾਲੇ ਉੱਘੇ ਐਡਵੋਕੇਟ ਇੰਦਰਪਾਲ ਸਿੰਘ ਹੁਸ਼ਿਆਰਪੁਰ ਦੇ ਵਸਨੀਕ ਹਨ। ਇੰਦਰਪਾਲ ਸਿੰਘ ਨੇ ਕਾਨੂੰਨੀ ਖੇਤਰ ਵਿਚ ਆਪਣੀ ਵੱਖਰੀ ਪਛਾਣ ਬਣਾਈ ਅਤੇ ਉਹ ਬ੍ਰਿਟਿਸ਼ ਹਾਈ ਕਮਿਸ਼ਨ ਲਈ ਸਟੈਂਡਿੰਗ ਕੌਂਸਲ, ਪੈਨਲ ਭਾਰਤੀ ਯੂਨੀਅਨ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਬਾਰ ਕੌਂਸਲ ਮੈਂਬਰ ਚੁਣੇ ਗਏ ਅਤੇ ਇਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਬਾਰ ਕੌਂਸਲ ਦੇ ਉਪ ਚੇਅਰਮੈਨ ਚੁਣੇ ਗਏ। ਉਨ੍ਹਾਂ ਨੂੰ 20 ਅਗਸਤ, 2022 ਨੂੰ ਪੰਜਾਬ ਦੇ ਸੀਨੀਅਰ ਐਡੀਸ਼ਨਲ ਐਡਵੋਕੇਟ ਜਨਰਲ ਵਜੋਂ ਨਿਯੁਕਤ ਕੀਤਾ ਗਿਆ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News