ਅਕਾਲੀ ਦਲ ਦੇ ਸੀਨੀਅਰ ਆਗੂ ਜੱਥੇਦਾਰ ਤੋਤਾ ਸਿੰਘ ਦਾ ਦਿਹਾਂਤ, ਮੋਹਾਲੀ ਦੇ ਹਸਪਤਾਲ 'ਚ ਲਏ ਆਖ਼ਰੀ ਸਾਹ

05/21/2022 10:18:44 AM

ਮੋਹਾਲੀ/ਮੋਗਾ (ਵੈੱਬ ਡੈਸਕ, ਗੋਪੀ ਰਾਊਕੇ) : ਪੰਜਾਬ ਦੀ ਅਕਾਲੀ ਸਿਆਸਤ ਵਿੱਚ ਅੱਜ ਤੜਕਸਾਰ 4.40 ਵਜੇ ਉਦੋਂ ਇਕ ਯੁੱਗ ਦਾ ਅੰਤ ਹੋ ਗਿਆ, ਜਦੋਂ ਸਾਬਕਾ ਅਕਾਲੀ ਮੰਤਰੀ ਜੱਥੇਦਾਰ ਤੋਤਾ ਸਿੰਘ ਇਸ ਸੰਸਾਰ ਤੋਂ ਰੁਖ਼ਸਤ ਹੋ ਗਏ। 81 ਵਰ੍ਹਿਆਂ ਦੇ ਜੱਥੇਦਾਰ ਤੋਤਾ ਸਿੰਘ ਦਾ ਜਨਮ 2 ਮਾਰਚ, 1941 ਨੂੰ ਮੋਗਾ ਜ਼ਿਲ੍ਹੇ ਦੇ ਨਿੱਕੇ ਜਿਹੇ ਪਿੰਡ ਦੀਦਾਰ ਸਿੰਘ ਵਾਲਾ ਵਿਖੇ ਹੋਇਆ। ਬਚਪਨ ਤੋਂ ਹੀ ਤੇਜ਼ ਬੁੱਧੀ ਦੇ ਮਾਲਕ ਜੱਥੇਦਾਰ ਤੋਤਾ ਸਿੰਘ ਨੇ ਮੋਗਾ ਜ਼ਿਲ੍ਹੇ ਵਿੱਚ ਉਦੋਂ ਅਕਾਲੀ ਦਲ ਦਾ ਝੰਡਾ ਚੁੱਕਿਆ, ਜਦੋਂ ਇਸ ਖੇਤਰ ਵਿੱਚ ਅਕਾਲੀ ਦਲ ਦੀ ਸਿਆਸਤ 'ਚ ਪਕੜ ਕਮਜ਼ੋਰ ਸੀ।

ਇਹ ਵੀ ਪੜ੍ਹੋ : ਮੋਹਾਲੀ ਜ਼ਿਲ੍ਹੇ 'ਚ 17 ਨਵੇਂ ਓਟ ਕੇਂਦਰਾਂ ਦੀ ਸ਼ੁਰੂਆਤ, ਨਸ਼ਾ ਛੱਡਣ ਦੇ ਚਾਹਵਾਨਾਂ ਨੂੰ ਮਿਲੇਗਾ ਫ਼ਾਇਦਾ

ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਬਣਨ ਤੋਂ ਇਲਾਵਾ ਅਨੇਕਾਂ ਅਹੁਦਿਆਂ 'ਤੇ ਕੰਮ ਕਰਦੇ ਜੱਥੇਦਾਰ ਤੋਤਾ ਸਿੰਘ ਨੇ ਬਹੁਤ ਜਲਦੀ ਹੀ ਅਕਾਲੀ ਸਿਆਸਤ ਵਿਚ ਆਪਣਾ ਨਾਮ ਉੱਚਾ ਕਰ ਲਿਆ ਸੀ। 1986 'ਚ ਉਨ੍ਹਾਂ ਦਾ ਰੁਤਬਾ ਉਦੋਂ ਹੋਰ ਵੱਧ ਗਿਆ, ਜਦੋਂ ਉਨ੍ਹਾਂ ਨੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਬਣ ਕੇ ਸੂਬੇ ਵਿੱਚ ਲਿੰਕ ਸੜਕਾਂ ਦਾ ਵੱਡਾ ਜਾਲ ਵਿਛਾ ਦਿੱਤਾ। ਉਨ੍ਹਾਂ ਨੇ ਦਾਣਾ ਮੰਡੀ ਦੇ ਨਿਰਮਾਣ ਦੇ ਨਾਲ-ਨਾਲ ਹਜ਼ਾਰਾਂ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ। ਜੱਥੇਦਾਰ ਤੋਤਾ ਸਿੰਘ ਸਿੱਖ ਧਰਮ ਦਾ ਡੂੰਘਾ ਗਿਆਨ ਰੱਖਦੇ ਸਨ। ਉਹ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਦੇ ਮੈਂਬਰ ਵੀ ਬਣਦੇ ਰਹੇ। 1997 ਵਿੱਚ ਵਿਧਾਨ ਸਭਾ ਹਲਕਾ ਮੋਗਾ ਤੋਂ ਵਿਧਾਇਕ ਬਣ ਕੇ ਜੱਥੇਦਾਰ ਤੋਤਾ ਸਿੰਘ ਪੰਜਾਬ ਦੇ ਸਿੱਖਿਆ ਮੰਤਰੀ ਬਣੇ।

ਇਹ ਵੀ ਪੜ੍ਹੋ : ਖ਼ੁਲਾਸਾ : ਗਰਭਪਾਤ ਲਈ ਔਰਤਾਂ ਤੋਂ ਮੋਟੀ ਰਕਮ ਲੈਂਦੀ ਸੀ ਔਰਤ, ਬਾਅਦ 'ਚ ਗੰਦੇ ਨਾਲੇ 'ਚ ਸੁੱਟਦੀ ਸੀ ਭਰੂਣ (ਤਸਵੀਰਾਂ)

ਜਦੋਂ ਉਨ੍ਹਾਂ ਨੇ ਪਹਿਲੇ ਹੱਲੇ ਵਿੱਚ ਸੂਬੇ ਵਿੱਚ ਪਹਿਲੀ ਜਮਾਤ ਤੋਂ ਅੰਗਰੇਜ਼ੀ ਵਿਸ਼ੇ ਦੀ ਪੜ੍ਹਾਈ ਸ਼ੁਰੂ ਕਰਵਾਈ ਤਾਂ ਉਦੋਂ ਕਾਫੀ ਵਿਰੋਧ ਹੋਇਆ ਪਰ ਅੱਜ ਸਰਕਾਰੀ ਸਕੂਲਾਂ ਵਿੱਚ ਬੱਚੇ ਸਮੇਂ ਦੇ ਹਾਣੀ ਬਣ ਗਏ ਹਨ। ਜੱਥੇਦਾਰ ਸੱਚਮੁੱਚ ਹੀ ਉੱਚੀ ਸੋਚ ਦੇ ਮਾਲਕ ਸਨ। ਉਨ੍ਹਾਂ ਨੇ ਮੋਗਾ ਵਿੱਚ ਦਾਣਾ ਮੰਡੀਆਂ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਮੇਤ ਖੇਡ ਸਟੇਡੀਅਮ ਅਤੇ ਅਨੇਕਾਂ ਵਿਕਾਸ ਦੇ ਕੰਮ ਕਰਵਾਏ। ਸਾਲ 2012 ਵਿੱਚ ਜ਼ਿਲ੍ਹਾ ਮੋਗਾ ਦੇ ਪੱਛੜੇ ਹਲਕੇ ਧਰਮਕੋਟ ਦੀ ਵਾਂਗਡੋਰ ਉਨ੍ਹਾਂ ਨੂੰ ਸੌਂਪੀ ਗਈ ਤਾਂ ਉਹ ਪੰਜਾਬ ਦੇ ਖੇਤੀਬਾੜੀ ਮੰਤਰੀ ਬਣੇ, ਜਿੱਥੇ ਉਨ੍ਹਾਂ ਖੇਤੀ ਸੈਕਟਰ ਵਿਚ ਯੋਜਨਾਵਾਂ ਲਿਆਂਦੀਆਂ, ਉੱਥੇ ਉਨ੍ਹਾਂ ਧਰਮਕੋਟ ਦਾ ਅਥਾਹ ਵਿਕਾਸ ਕਰਵਾਇਆ। ਅੱਜ ਅਚਾਨਕ ਜੱਥੇਦਾਰ ਤੋਤਾ ਸਿੰਘ ਬਿਮਾਰੀ ਕਾਰਨ ਸਦੀਵੀਂ ਵਿਛੋੜਾ ਦੇ ਗਏ, ਜਿਨ੍ਹਾਂ ਦਾ ਅੰਤਿਮ ਸੰਸਕਾਰ ਮੋਗਾ ਵਿਖੇ ਜੱਥੇਦਾਰ ਦੇ ਪਰਿਵਾਰ ਦੇ ਵਿਦੇਸ਼ ਤੋਂ ਆਉਣ ਮਗਰੋਂ ਕੀਤਾ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News