ਜਥੇਦਾਰ ਰਣਜੀਤ ਸਿੰਘ ਨੇ ਰਗੜ੍ਹਿਆ ਬਾਦਲ ਪਰਿਵਾਰ, ਕੀਤੇ ਅਹਿਮ ਖੁਲਾਸੇ (ਵੀਡੀਓ)

Monday, Dec 16, 2019 - 12:55 PM (IST)

ਗੁਰਦਾਸਪੁਰ (ਬਿਊਰੋ) - ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਨੇ ਬਾਦਲ ਪਰਿਵਾਰ ਨੂੰ ਰਗੜ੍ਹਦੇ ਹੋਏ ਕਈ ਤਰ੍ਹਾਂ ਦੇ ਅਹਿਮ ਖੁਲਾਸੇ ਕੀਤੇ ਹਨ। ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਨੇ ਕਿਹਾ ਕਿ ਬਾਦਲ ਪਰਿਵਾਰ ਅਜਗਰ ਸੱਪ ਦੀ ਤਰ੍ਹਾਂ ਡੇਰਾ ਜਮ੍ਹਾ ਕੇ ਬੈਠਾ ਹੋਇਆ ਹੈ, ਜੋ ਸਾਡੇ ਵੱਡੇ-ਵੱਡੇ ਲੀਡਰਾਂ ਨੂੰ ਨਿਗਲ ਚੁੱਕਾ ਹੈ। ਬਾਦਲ ਨੇ ਸਾਰੇ ਲੀਡਰਾਂ ਨੂੰ ਖਾਂ ਕੇ ਉਨ੍ਹਾਂ ਦੀ ਥਾਂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਬਿਠਾ ਕੇ ਸੁਖ ਦਾ ਸਾਹ ਲੈ ਰਿਹਾ ਹੈ। ਅਜਿਹਾ ਸਭ ਕਰਕੇ ਉਸ ਨੇ ਕੌਮ ਦਾ ਬੇੜਾ ਗਰਕ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੰਥਕ ਅਕਾਲੀ ਲਹਿਰ ਦਾ ਮਨੋਰਥ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਵਾਉਣਾ ਹੈ।ਜਥੇਦਾਰ ਰਣਜੀਤ ਸਿੰਘ ਨੇ ਬਾਦਲਾਂ ਤੋਂ ਧਾਰਮਿਕ ਸੇਵਾ ਲੈਣ ਦੀ ਗੱਲ ਕਰਦੇ ਹੋਏ ਉਨ੍ਹਾਂ ਨੂੰ ਸਿਆਸਤ ਕਰਨ ਦੀ ਸਲਾਹ ਦਿੱਤੀ। ਜਥੇਦਾਰ ਰਣਜੀਤ ਸਿੰਘ ਨੇ ਕਿਹਾ ਕਿ ਗੁਰੂ ਘਰ ਦੀਆਂ ਸਾਰਿਆਂ ਗੋਲਕਾਂ ’ਤੇ ਬਾਦਲਾਂ ਦਾ ਕਬਜ਼ਾ ਹੈ।

ਭਾਈ ਰਣਜੀਤ ਸਿੰਘ ਨੇ ਕਿਹਾ ਕਿ ਪਿਛਲੇ 50 ਸਾਲਾਂ ਤੋਂ ਪੰਥਕ ਰਾਜਨੀਤੀ ’ਤੇ ਕਾਬਜ਼ ਹੋਈ ਬੈਠੇ ਪ੍ਰਕਾਸ਼ ਸਿੰਘ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਨਿੱਜੀ ਹਿੱਤਾਂ ਲਈ ਵਰਤਿਆ ਹੈ। ਉਨ੍ਹਾਂ ਕਿਹਾ ਕਿ ਬਾਦਲ ਨੇ ਇਨ੍ਹਾਂ ਅਹਿਮ ਪੰਥਕ ਸੰਸਥਾਵਾਂ ਨੂੰ ਨਿੱਜੀ ਜਾਇਦਾਦ ਬਣਾ ਕੇ ਪੰਥ ਦੇ ਸਿਧਾਂਤਾਂ ਅਤੇ ਪਰੰਪਰਾਵਾਂ ਦਾ ਭੋਗ ਪਾ ਦਿੱਤਾ ਹੈ। ਉਨ੍ਹਾਂ ਬਾਦਲ ਪਰਿਵਾਰ ’ਤੇ ਕਈ ਗੰਭੀਰ ਦੋਸ਼ ਲਾਉਂਦਿਆਂ ਬਿਕਰਮ ਸਿੰਘ ਮਜੀਠੀਆ ਖਿਲਾਫ ਵੀ ਵਿਅੰਗਮਈ ਢੰਗ ਨਾਲ ਭਡ਼ਾਸ ਕੱਢੀ। ਦੱਸ ਦੇਈਏ ਕਿ ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਵਾਉਣ ਅਤੇ ਗੁਰੂ ਘਰਾਂ ਦਾ ਸਮੁੱਚਾ ਪ੍ਰਬੰਧ ਸੁਚੱਜੇ ਹੱਥਾਂ ’ਚ ਸੌਂਪਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਸ਼ੁਰੂ ਕੀਤੀ ਪੰਥਕ ਅਕਾਲੀ ਲਹਿਰ ਵਲੋਂ ਇਤਿਹਾਸਕ ਗੁਰਦੁਆਰਾ ਛੋਟਾ ਘੱਲੂਘਾਰਾ ਵਿਖੇ ਵਿਸ਼ਾਲ ਪੰਥਕ ਕਾਨਫਰੰਸ ਕਰਵਾਈ। ਇਸ ਕਾਨਫਰੰਸ ’ਚ ਸਿੱਖ ਆਗੂਆਂ ਨੇ ਹਰੇਕ ਸਿੱਖ ਨੂੰ ਗੁਰਦੁਆਰਾ ਚੋਣਾਂ ਲਈ ਕਮਰ-ਕੱਸੇ ਕਰਨ ਦਾ ਸੱਦਾ ਦਿੱਤਾ।


author

rajwinder kaur

Content Editor

Related News