SIT ਵੱਲੋਂ SGPC ਦੇ 40 ਅਧਿਕਾਰੀਆਂ ਨੂੰ ਸੰਮਣ ਭੇਜਣ 'ਤੇ ਜਥੇਦਾਰ ਰਘਬੀਰ ਸਿੰਘ ਦਾ ਵੱਡਾ ਬਿਆਨ
Saturday, Jan 31, 2026 - 06:20 PM (IST)
ਅੰਮ੍ਰਿਤਸਰ (ਵੈੱਬ ਡੈਸਕ)- 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ 'ਚ ਬਣੀ ਸਿੱਟ ਵੱਲੋਂ ਐੱਸ. ਜੀ. ਪੀ. ਸੀ. ਦੇ 40 ਮੌਜੂਦਾ ਅਤੇ ਸੇਵਾਮੁਕਤ ਅਧਿਕਾਰੀਆਂ ਨੂੰ ਪੁਲਸ ਕਮਿਸ਼ਨਰ ਦਫ਼ਤਰ ਵਿਖੇ ਪੇਸ਼ ਹੋਣ ਲਈ ਸੰਮਣ ਭੇਜੇ ਗਏ ਹਨ। ਇਸ ਮਾਮਲੇ 'ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਜੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਜਾਂਚ ਦੀ ਪ੍ਰਕਿਰਿਆ ਦੌਰਾਨ ਅਧਿਕਾਰੀਆਂ ਨੂੰ ਕੀਤੀ ਜਾ ਰਹੀ ਕਥਿਤ ਮਾਨਸਿਕ ਪਰੇਸ਼ਾਨੀ 'ਤੇ ਚਿੰਤਾ ਪ੍ਰਗਟਾਈ ਹੈ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਾ ਹੈ ਕਿ ਸਿੱਟ ਵੱਲੋਂ ਦੋਬਾਰਾ 40 ਲੋਕਾਂ ਨੂੰ ਬਿਆਨ ਦਰਜ ਕਰਵਾਉਣ ਲਈ ਸੱਦਿਆ ਗਿਆ ਹੈ। ਉਨ੍ਹਾਂ ਸਪੱਸ਼ਟ ਰੂਪ ਵਿਚ ਕਿਹਾ ਕਿ ਇਸ ਤੋਂ ਪਹਿਲਾਂ ਵੀ ਡਾਕਟਰ ਈਸ਼ਰ ਸਿੰਘ ਦੀ ਰਿਪੋਰਟ ਦੌਰਾਨ ਸਭ ਦੇ ਬਿਆਨ ਦਰਜ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ ਪਰ ਜਾਂਚ ਦੇ ਨਾਂ 'ਤੇ ਕਿਸੇ ਦੀ ਸਰੀਰਕ ਜਾਂ ਮਾਨਸਿਕ ਹਰਾਸਮੈਂਟ ਨਹੀਂ ਹੋਣੀ ਚਾਹੀਦੀ।
ਇਹ ਵੀ ਪੜ੍ਹੋ: ਜਲੰਧਰ: ਸ਼੍ਰੀ ਗੁਰੂ ਰਵਿਦਾਸ ਧਾਮ ਨਤਮਸਤਕ ਹੋਏ ਸੁਖਬੀਰ ਬਾਦਲ, ਕਿਹਾ-ਸਾਰੇ ਇਕੱਠੇ ਹੋ ਕੇ ਪੰਜਾਬ ਨੂੰ ਕਰੀਏ ਮਜ਼ਬੂਤ
ਇਸ ਦੇ ਇਲਾਵਾ ਜਥੇਦਾਰ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਂਚ ਟੀਮ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਖ਼ੁਦ ਸਿੱਟ ਦੇ ਮੁਖੀ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕਮੇਟੀ ਵੱਲੋਂ ਜਾਂਚ 'ਚ ਪੂਰੀ ਮਦਦ ਮਿਲ ਰਹੀ ਹੈ। ਅਜਿਹੀ ਸਥਿਤੀ 'ਚ ਪ੍ਰਸ਼ਾਸਨ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਾਂਚ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਬਿਨਾਂ ਵਜ੍ਹਾ ਅਧਿਕਾਰੀਆਂ 'ਤੇ ਮਾਨਸਿਕ ਦਬਾਅ ਨਾ ਪਾਉਣ। ਇਹ ਮਾਮਲਾ ਸਿੱਖ ਪੰਥ ਲਈ ਬਹੁਤ ਸੰਵੇਦਨਸ਼ੀਲ ਹੈ, ਕਿਉਂਕਿ ਇਹ ਪਾਵਨ ਸਰੂਪਾਂ ਦੀ ਮਰਿਆਦਾ ਅਤੇ ਰਿਕਾਰਡ ਨਾਲ ਜੁੜਿਆ ਹੋਇਆ ਹੈ। ਗਿਆਨੀ ਰਘਬੀਰ ਸਿੰਘ ਨੇ ਉਮੀਦ ਜਤਾਉਂਦੇ ਕਿਹਾ ਕਿ ਜਾਂਚ ਨਿਰਪੱਖ ਹੋਵੇਗੀ ਅਤੇ ਅਸਲੀਅਤ ਸਾਹਮਣੇ ਆਵੇਗੀ ਪਰ ਉਨ੍ਹਾਂ ਮੁੜ ਦੋਹਰਾਇਆ ਕਿ ਸਰਕਾਰ ਅਤੇ ਪ੍ਰਸ਼ਾਸਨ ਨੂੰ ਜਾਂਚ ਦੌਰਾਨ ਮਾਨਵੀ ਕਦਰਾਂ-ਕੀਮਤਾਂ ਦਾ ਖਿਆਲ ਰੱਖਣਾ ਚਾਹੀਦਾ ਹੈ।
ਇਹ ਵੀ ਪੜ੍ਹੋ: PM ਮੋਦੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਜਲੰਧਰ 'ਚ ਅਲਰਟ ਨੇ ਖੋਲ੍ਹੀ ਪੰਜਾਬ ਸਰਕਾਰ ਦੀ ਪੋਲ: ਅਸ਼ਵਨੀ ਸ਼ਰਮਾ
ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਪੁਲਸ ਦੀ ਦਖ਼ਲਅੰਦਾਜ਼ੀ ਸਖ਼ਤ ਨਿੰਦਣਯੋਗ
ਉਥੇ ਹੀ ਗਿਆਨੀ ਰਘਬੀਰ ਸਿੰਘ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਪੁਲਸ ਮੁਲਾਜ਼ਮਾਂ ਵੱਲੋਂ ਸਾਦੀ ਵਰਦੀ 'ਚ ਦਾਖ਼ਲ ਹੋ ਕੇ ਕੁਝ ਨੌਜਵਾਨਾਂ ਨੂੰ ਚੁੱਕਣ ਦੀ ਕੋਸ਼ਿਸ਼ ਕਰਨ ਦੇ ਮਾਮਲੇ 'ਤੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਨਾਲ ਸੰਗਤ ਦੇ ਮਨਾਂ 'ਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੁੱਚੀ ਮਾਨਵਤਾ ਲਈ ਆਸਥਾ ਅਤੇ ਰੂਹਾਨੀ ਸ਼ਾਂਤੀ ਦਾ ਕੇਂਦਰ ਹੈ। ਇਥੇ ਦੇਸ਼-ਵਿਦੇਸ਼ ਤੋਂ ਸੰਗਤਾਂ ਮਨ ਦੀ ਸ਼ਾਂਤੀ ਲਈ ਆਉਂਦੀਆਂ ਹਨ।
ਇਹ ਵੀ ਪੜ੍ਹੋ: ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੈਕਾਰਿਆਂ ਨਾਲ ਗੂੰਜਿਆ ਜਲੰਧਰ, ਪੁਰਬ ਮੌਕੇ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ
ਜੇਕਰ ਸਰਕਾਰ ਜਾਂ ਪ੍ਰਸ਼ਾਸਨ ਨੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਕਰਨੀ ਹੁੰਦੀ ਹੈ ਤਾਂ ਸ਼੍ਰੋਮਣੀ ਕਮੇਟੀ ਅਤੇ ਮੈਨੇਜਮੈਂਟ ਨਾਲ ਰਾਬਤਾ ਕਰਨਾ ਅਤਿ ਜ਼ਰੂਰੀ ਹੈ। ਬਿਨਾਂ ਭਰੋਸੇ 'ਚ ਲਏ ਅਜਿਹੀ ਹਰਕਤ ਕਰਨਾ ਮਰਿਆਦਾ ਦੇ ਖ਼ਿਲਾਫ਼ ਹੈ। ਜਥੇਦਾਰ ਸਾਹਿਬ ਨੇ ਪ੍ਰਸ਼ਾਸਨ ਨੂੰ ਸੁਚੇਤ ਕਰਦੇ ਕਿਹਾ ਕਿ ਅੱਗੇ ਤੋਂ ਅਜਿਹੀ ਗਲਤੀ ਬਿਲਕੁਲ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਗੁਰੂ ਘਰ ਗੁਰਸਿੱਖਾਂ ਦੀ ਆਸਥਾ ਦੇ ਕੇਂਦਰ ਹਨ ਅਤੇ ਇਥੋਂ ਦੀ ਪਵਿੱਤਰਤਾ ਤੇ ਮਰਿਆਦਾ ਨੂੰ ਕਾਇਮ ਰੱਖਣਾ ਸਰਕਾਰ ਦੀ ਵੀ ਜ਼ਿੰਮੇਵਾਰੀ ਹੈ। ਉਨ੍ਹਾਂ ਮੰਗ ਕੀਤੀ ਕਿ ਕਿਸੇ ਵੀ ਗਤੀਵਿਧੀ ਤੋਂ ਪਹਿਲਾਂ ਪ੍ਰਬੰਧਕਾਂ ਨੂੰ ਵਿਸ਼ਵਾਸ 'ਚ ਲਿਆ ਜਾਵੇ ਤਾਂ ਕਿ ਸੰਗਤਾਂ ਦੀ ਆਸਥਾ ਨੂੰ ਕੋਈ ਠੇਸ ਨਾ ਪਹੁੰਚੇ।
ਇਹ ਵੀ ਪੜ੍ਹੋ: Punjab: ਗਮ 'ਚ ਬਦਲੀਆਂ ਵਿਆਹ ਸਮਾਗਮ ਦੀਆਂ ਖ਼ੁਸ਼ੀਆਂ! ਗੋਲ਼ੀ ਲੱਗਣ ਨਾਲ 4 ਦਿਨ ਪਹਿਲਾਂ ਵਿਆਹੇ ਫ਼ੌਜੀ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
