ਮੋਰਿੰਡਾ ਤੇ ਫਰੀਦਕੋਟ ਵਿਖੇ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ’ਤੇ ਜਥੇਦਾਰ ਹਰਪ੍ਰੀਤ ਸਿੰਘ ਨੇ ਦਿੱਤੀ ਪ੍ਰਤੀਕਿਰਿਆ

Monday, Apr 24, 2023 - 11:03 PM (IST)

ਮੋਰਿੰਡਾ ਤੇ ਫਰੀਦਕੋਟ ਵਿਖੇ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ’ਤੇ ਜਥੇਦਾਰ ਹਰਪ੍ਰੀਤ ਸਿੰਘ ਨੇ ਦਿੱਤੀ ਪ੍ਰਤੀਕਿਰਿਆ

ਅੰਮ੍ਰਿਤਸਰ (ਸਰਬਜੀਤ) : ਮੋਰਿੰਡਾ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਬਾਰੇ ਬੋਲਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਘਟਨਾ ਬਹੁਤ ਮੰਦਭਾਗੀ ਹੈ, ਜਿਸ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸ੍ਰੀ ਗੁਟਕਾ ਸਾਹਿਬ ਦੀਆਂ ਬੇਅਦਬੀਆਂ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ।

ਇਹ ਵੀ ਪੜ੍ਹੋ : ਮੋਰਿੰਡਾ ਬੇਅਦਬੀ ਘਟਨਾ ਸਬੰਧੀ ਸ਼੍ਰੋਮਣੀ ਕਮੇਟੀ ਨੇ ਲੋਕਾਂ ਨੂੰ ਕੀਤੀ ਅਪੀਲ, ਜਾਣੋ ਕੀ ਕਿਹਾ

ਰੋਜ਼ਾਨਾ ਕਿਤੇ ਨਾ ਕਿਤੇ ਬੇਅਦਬੀ ਦੀ ਘਟਨਾ ਸਾਹਮਣੇ ਆ ਰਹੀ ਹੈ, ਜੋ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੇ ਪਵਿੱਤਰ ਅਸਥਾਨ ਮੋਰਿੰਡਾ ਵਿਖੇ ਬਹੁਤ ਹੀ ਘਟੀਆ ਕਿਸਮ ਦੇ ਵਿਅਕਤੀ ਨੇ ਹਿਰਦੇ ਨੂੰ ਵਲੂੰਧਰ ਦੇਣ ਵਾਲੀ ਘਟਨਾ ਨੂੰ ਅੰਜਾਮ ਦਿੱਤਾ। ਇਹ ਬੇਹੱਦ ਮੰਦਭਾਗੀ ਘਟਨਾ ਹੈ। ਸਰਕਾਰ ਤੇ ਪ੍ਰਸ਼ਾਸਨ ਫੜੇ ਗਏ ਇਸ ਵਿਅਕਤੀ ’ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ ਕਿਉਂਕਿ ਜਿੰਨਾ ਚਿਰ ਸਖ਼ਤ ਕਾਰਵਾਈ ਨਹੀਂ ਹੁੰਦੀ, ਓਨਾ ਚਿਰ ਇਹ ਬੇਅਦਬੀਆਂ ਨਹੀਂ ਰੁਕਣੀਆਂ। ਉਨ੍ਹਾਂ ਕਿਹਾ ਕਿ ਰਾਤ ਨੂੰ ਘਣੀਏ ਕੇ ਪੱਤੀ ਗੋਲੂਵਾਲਾ ਪਿੰਡ ਫਰੀਦਕੋਟ ਵਿਖੇ ਵੀ ਇਕ ਗੁਟਕਾ ਸਾਹਿਬ ਦੀ ਬੇਅਦਬੀ ਹੋਈ। ਇਸ ਦੌਰਾਨ ਪੁਲਸ ਨੇ ਮੁਸਤੈਦੀ ਨਾਲ ਬੇਅਦਬੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ।

ਇਹ ਖ਼ਬਰ ਵੀ ਪੜ੍ਹੋ : ਮੋਰਿੰਡਾ ਬੇਅਦਬੀ ਘਟਨਾ ’ਤੇ ਸੁਖਬੀਰ ਬਾਦਲ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ, ਕਹੀਆਂ ਇਹ ਗੱਲਾਂ

ਉਨ੍ਹਾਂ ਕਿਹਾ ਕਿ ਪੰਜਾਬ ’ਚ ਇਹੋ ਜਿਹੀਆਂ ਘਟਨਾਵਾਂ ਦਾ ਵਾਪਰਨਾ ਸੂਬੇ ਨੂੰ ਮੁੜ ਹਨੇਰੇ ਵੱਲ ਲਿਜਾਣ ਦੀ ਕਾਰਵਾਈ ਹੈ। ਜਥੇਦਾਰ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਨਾਲ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹੋ ਜਿਹੇ ਲੋਕਾਂ ਪਿੱਛੇ ਜ਼ਰੂਰ ਵੱਡੀਆਂ ਤਾਕਤਾਂ ਕੰਮ ਕਰ ਰਹੀਆਂ ਹਨ ਤੇ ਉਨ੍ਹਾਂ ਨੂੰ ਬੇਪਰਦ ਕਰਨਾ ਬਹੁਤ ਜ਼ਰੂਰੀ ਹੈ, ਫਿਰ ਹੀ ਇਹ ਬੇਅਦਬੀ ਦੀਆਂ ਘਟਨਾਵਾਂ ਰੁਕਣਗੀਆਂ।  
 


author

Manoj

Content Editor

Related News