''ਢੱਡਰੀਆਂ ਵਾਲੇ'' ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖਤ ਸਾਹਿਬ ''ਤੇ ਪੇਸ਼ ਹੋਣ : ਜੱਥੇਦਾਰ
Thursday, Feb 06, 2020 - 02:22 PM (IST)
ਲੁਧਿਆਣਾ (ਚਰਨਜੀਤ) : ਤਖਤ ਸ਼੍ਰੀ ਹਰਿਮੰਦਰ ਪਟਨਾ ਸਾਹਿਬ ਦੇ ਜੱਥੇਦਾਰ ਗਿਆਨੀ ਰਣਜੀਤ ਸਿੰਘ ਗਹੌਰ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਇਹ ਕਿਹਾ ਹੈ ਕਿ ਉਹ ਇਕ ਨਿਮਾਣੇ ਸਿੱਖ ਦੇ ਰੂਪ 'ਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਰੱਖਣ। ਆਪਣਾ ਪੱਖ ਰੱਖਣ ਨਾਲ ਹੀ ਕਿਸੇ ਨਾ ਕਿਸੇ ਨਤੀਜੇ 'ਤੇ ਪੁੱਜਿਆ ਜਾ ਸਕਦਾ ਹੈ। ਮੌਜੂਦਾ ਹਾਲਾਤਾਂ ਨਾਲ ਤਾਂ ਤਣਾਓ ਅਤੇ ਵਿਵਾਦ ਹੀ ਵੱਧੇਗਾ।
ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਤਾਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਇਹ ਕਹਿੰਦੇ ਹਨ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਯਾਦਾ ਦਾ ਸਤਿਕਾਰ ਕਰਦੇ ਹਨ ਤਾਂ ਫਿਰ ਹੁਕਮ ਨੂੰ ਮੰਨਣ ਦਾ ਸਤਿਕਾਰ ਕਿਉਂ ਨਹੀਂ ਕਰਦੇ। ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਗਹੌਰ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਸਮੁੱਚੀ ਸਿੱਖ ਕੌਮ ਦੇ ਲਈ ਸਰਵ-ਉਤੱਮ ਹੈ ਅਤੇ ਉਥੋਂ ਆਇਆ ਹਰ ਹੁਕਮ ਹਰ ਸਿੱਖ ਚਾਹੇ ਉਹ ਸਿੱਖ ਪ੍ਰਚਾਰਕ ਹੋਵੇ, ਚਾਹੇ ਉਹ ਸੰਤ ਮਹਾਂਪੁਰਸ਼ ਹੋਵੇ, ਚਾਹੇ ਉਹ ਬੁੱਧੀਜੀਵੀ ਹੋਵੇ ਜਾਂ ਫਿਰ ਕਿਸੇ ਵੀ ਪਦਵੀ 'ਤੇ ਬਿਰਾਜਮਾਨ ਹੋਵੇ, ਉਸ ਦੇ ਲਈ ਮੰਨਣਯੋਗ ਹੈ ਅਤੇ ਇਸ ਨੂੰ ਅਣਦੇਖਿਆ ਕੀਤਾ ਜਾਣਾ ਉਚਿੱਤ ਨਹੀਂ ਹੈ।