ਜਸਬੀਰ ਸਿੰਘ ਡਿੰਪਾ ਨੂੰ ਐੱਸ. ਜੀ. ਪੀ. ਸੀ. ਨੇ ਸ੍ਰੀ ਦਰਬਾਰ ਸਾਹਿਬ ਅੰਦਰ ਨਹੀਂ ਕੀਤਾ ਸਨਮਾਨਤ
Tuesday, Apr 09, 2019 - 01:01 PM (IST)

ਤਰਨਤਾਰਨ (ਰਮਨ) : ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਵੱਲੋਂ ਮੈਦਾਨ 'ਚ ਉਤਰੇ ਪਾਰਟੀ ਉਮੀਦਵਾਰ ਜਸਬੀਰ ਸਿੰਘ ਡਿੰਪਾ ਵੱਲੋਂ ਆਪਣੀ ਚੋਣ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਸਥਾਨਕ ਸ਼ਹਿਰ ਦੇ ਇਤਿਹਾਸਕ ਗੁਰਦੁਆਰਾ ਵਿਖੇ ਮੱਥਾ ਟੇਕਿਆ ਗਿਆ, ਜਿੱਥੇ ਐੱਸ. ਜੀ. ਪੀ. ਸੀ. ਵੱਲੋਂ ਡਿੰਪਾ ਨੂੰ ਸਿਰੋਪਾਓ ਨਹੀਂ ਦਿੱਤੇ ਜਾਣ ਦੀ ਸਾਰੇ ਸ਼ਹਿਰ 'ਚ ਚਰਚਾ ਹੁੰਦੀ ਰਹੀ। ਬੀਤੇ ਦਿਨੀਂ ਜਸਬੀਰ ਸਿੰਘ ਡਿੰਪਾ ਚੋਣ ਮੁਹਿੰਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ, ਡਾ. ਸੰਦੀਪ ਅਗਨੀਹੋਤਰੀ ਆਦਿ ਨਾਲ ਵੱਡੀ ਗਿਣਤੀ 'ਚ ਕਾਂਗਰਸੀ ਵਰਕਰ ਪੈਦਲ ਮਾਰਚ ਰਾਹੀਂ ਸ੍ਰੀ ਦਰਬਾਰ ਸਾਹਿਬ ਪੁੱਜੇ, ਜਿਥੇ ਉਨ੍ਹਾਂ ਵੱਲੋਂ ਪਹਿਲਾਂ ਮੱਥਾ ਟੇਕਦੇ ਹੋਏ ਕੜਾਹ ਪ੍ਰਸ਼ਾਦ ਚੜ੍ਹਾਇਆ ਗਿਆ।
ਉਥੇ ਹੀ ਮੌਜੂਦ ਐੱਸ. ਜੀ. ਪੀ. ਸੀ. ਸੇਵਾਦਾਰਾਂ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਨਹੀਂ ਦਿੱਤਾ ਗਿਆ, ਜਿਸ ਸਬੰਧੀ ਸਾਰੇ ਸ਼ਹਿਰ ਅਤੇ ਇਲਾਕੇ 'ਚ ਇਸ ਗੱਲ ਦੀ ਆਮ ਹੀ ਚਰਚਾ ਹੁੰਦੀ ਰਹੀ ਕਿ ਸ੍ਰੀ ਦਰਬਾਰ ਸਾਹਿਬ 'ਚ ਜਦੋਂ ਵੀ ਕੋਈ ਪ੍ਰਮੁੱਖ ਹਸਤੀ ਦਰਸ਼ਨ ਲਈ ਆਉਂਦੀ ਹੈ ਤਾਂ ਉਸ ਨੂੰ ਐੱਸ. ਜੀ. ਪੀ. ਸੀ. ਵੱਲੋਂ ਸਨਮਾਨਤ ਆਮ ਤੌਰ 'ਤੇ ਕੀਤਾ ਜਾਂਦਾ ਰਿਹਾ ਹੈ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਸ਼ਹਿਰ ਦੇ ਮਦਨ ਮੋਹਨ ਮੰਦਰ (ਵੱਡਾ ਮੰਦਰ) ਵਿਖੇ ਮੱਥਾ ਟੇਕਣ ਉਪਰੰਤ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਕਾਂਗਰਸੀ ਵਰਕਰਾਂ ਵੱਲੋਂ ਜਸਬੀਰ ਸਿੰਘ ਡਿੰਪਾ ਨੂੰ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ।