ਜਲੰਧਰ: 'ਹਰਜੀਤ ਸਿੰਘ' ਦੇ ਸਮਰਥਨ 'ਚ ਪੰਜਾਬ ਪੁਲਸ, ਨੇਮ ਪਲੇਟ ਲਗਾ ਕੇ ਬਹਾਦਰੀ ਨੂੰ ਕੀਤਾ ਸਲਾਮ
Monday, Apr 27, 2020 - 01:51 PM (IST)
ਜਲੰਧਰ (ਜਸਪ੍ਰੀਤ, ਵਰੁਣ)— ਸਬ ਇੰਸਪੈਕਟਰ ਹਰਜੀਤ ਸਿੰਘ ਦੀ ਬਹਾਦਰੀ ਅਤੇ ਜਜ਼ਬੇ ਨੂੰ ਸਲਾਮ ਕਰਦੇ ਹੋਏ ਜਲੰਧਰ ਟਰੈਫਿਕ ਪੁਲਸ ਨੇ ''ਮੈਂ ਵੀ ਹਰਜੀਤ ਸਿੰਘ ਹਾਂ'' ਹੈਸ਼ ਟੈਗ ਬੈਨਰ ਹੇਠ ਮੁਹਿੰਮ ਤਹਿਤ ਆਪਣੀ ਵਰਦੀ 'ਤੇ ਉਸ ਦੀ ਨੇਮ ਪਲੇਟ ਲਗਾ ਕੇ ਉਨ੍ਹਾਂ ਵੱਲੋਂ ਨਿਭਾਈ ਗਈ ਡਿਊਟੀ ਨੂੰ ਸੈਲਿਊਟ ਕੀਤਾ ਗਿਆ। ਉਨ੍ਹਾਂ ਦੇ ਨਾਂ ਦੀ ਨੇਮ ਪਲੇਟ ਲਗਾ ਕੇ ਪੱਤਰਕਾਰਾਂ, ਸਫਾਈ ਸੇਵਕਾਂ, ਡਾਕਟਰਾਂ ਅਤੇ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਨੇ ਵੀ ਉਨ੍ਹਾਂ ਦੀ ਬਹਾਦਰੀ ਨੂੰ ਸਲਾਮ ਕੀਤਾ।
ਇਹ ਵੀ ਪੜ੍ਹੋ: ਨਾ ਹੀ ਕੀਤਾ ਪੈਲੇਸ ਤੇ ਨਾ ਹੀ ਆਏ ਬਰਾਤੀ, ਹੋਇਆ ਅਜਿਹਾ ਸਾਦਾ ਵਿਆਹ ਕਿ ਬਣ ਗਿਆ ਮਿਸਾਲ
ਇਸ ਮੌਕੇ ਗੱਲਬਾਤ ਕਰਦੇ ਡੀ. ਸੀ. ਪੀ. ਟਰੈਫਿਕ ਨਰੇਸ਼ ਡੋਗਰਾ, ਐੱਸ. ਪੀ. ਟਰੈਫਿਕ ਗਗਨੇਸ਼ ਸ਼ਰਮਾ , ਏ. ਸੀ. ਪੀ. ਟਰੈਫਿਕ ਹਰਬਿੰਦਰ ਭੱਲਾ ਨੇ ਕਿਹਾ ਕਿ ਪੂਰੀ ਪੰਜਾਬ ਪੁਲਸ ਨੂੰ ਸਬ ਇੰਸਪੈਕਟਰ ਹਰਜੀਤ ਸਿੰਘ 'ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ 'ਤੇ ਪਟਿਆਲਾ ਵਿਖੇ ਹਮਲਾ ਹੋਇਆ ਅਤੇ ਹੱਥ ਕੱਟਿਆ ਗਿਆ ਸੀ ਤਾਂ ਵੀ ਉਨ੍ਹਾਂ ਨੇ ਆਪਣੀ ਡਿਊਟੀ ਪੂਰੀ ਤਨਦੇਹੀ ਦੇ ਨਾਲ ਨਿਭਾਈ।
ਹੱਥ ਕੱਟਣ ਦੇ ਬਾਵਜੂਦ ਵੀ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ। ਆਪਣੇ ਕੱਟੇ ਹੋਏ ਹੱਥ ਨੂੰ ਲੈ ਕੇ ਖੁਦ ਉਹ ਹਸਪਤਾਲ ਚਲੇ ਗਏ ਅਤੇ ਇਸ ਮੌਕੇ ਨਾ ਤਾਂ ਉਨ੍ਹਾਂ ਨੇ ਆਪਣਾ ਆਪਾ ਖੋਇਆ ਅਤੇ ਨਾ ਹੀ ਦਿਲ ਸੁੱਟਿਆ ਸਗੋਂ ਆਪਣੇ ਸਾਥੀਆਂ ਨੂੰ ਵੀ ਉਨ੍ਹਾਂ ਨੇ ਹੌਸਲਾ ਦਿੱਤਾ। ਪੰਜਾਬ ਦੇ ਹਰ ਵਰਗ ਨੂੰ ਉਨ੍ਹਾਂ ਇਕ ਛਤਰੀ ਥੱਲੇ ਇਕੱਠਾ ਕਰ ਦਿੱਤਾ ਹੈ। ਇਸ ਮੌਕੇ 'ਤੇ ਟਰੈਫਿਕ ਇੰਚਾਰਜ ਰਮੇਸ਼ ਲਾਲ , ਨਰਿੰਦਰ ਸਿੰਘ ਅਤੇ ਹੋਰ ਟਰੈਫਿਕ ਮੁਲਾਜ਼ਮ ਮੌਜੂਦ ਸਨ।