ਹਾਈਵੇਅ 'ਤੇ ਸਾਈਕਲਿੰਗ ਕਰਨ ਵਾਲਿਆਂ ਲਈ ਚੰਗੀ ਖ਼ਬਰ, ਜਲੰਧਰ ਟ੍ਰੈਫਿਕ ਪੁਲਸ ਨੇ ਲਿਆ ਯੂ-ਟਰਨ

Sunday, Aug 02, 2020 - 11:40 PM (IST)

ਹਾਈਵੇਅ 'ਤੇ ਸਾਈਕਲਿੰਗ ਕਰਨ ਵਾਲਿਆਂ ਲਈ ਚੰਗੀ ਖ਼ਬਰ, ਜਲੰਧਰ ਟ੍ਰੈਫਿਕ ਪੁਲਸ ਨੇ ਲਿਆ ਯੂ-ਟਰਨ

ਜਲੰਧਰ (ਵਰੁਣ)— ਪਟਿਆਲਾ 'ਚ ਹੋਏ ਹਾਦਸੇ ਤੋਂ ਬਾਅਦ ਖ਼ਬਰ ਆਈ ਸੀ ਕਿ ਹਾਈਵੇਅ 'ਤੇ ਸਾਈਕਲ ਰਾਈਡਿੰਗ ਨੂੰ ਲੈ ਕੇ ਰੋਕ ਲਗਾ ਦਿੱਤੀ ਗਈ ਹੈ। ਉਥੇ ਹੀ ਹੁਣ ਹਾਈਵੇਅ 'ਤੇ ਸਾਈਕਲਿੰਗ ਕਰਨ ਵਾਲਿਆਂ ਲਈ ਚੰਗੀ ਖ਼ਬਰ ਸਾਹਮਣੇ ਆਈ ਹੈ। ਹਾਈਵੇਅ 'ਤੇ ਸਾਈਕਲਿੰਗ ਕਰਨ ਨੂੰ ਲੈ ਕੇ ਲਗਾਈ ਰੋਕ 'ਤੇ ਹੁਣ ਜਲੰਧਰ ਟ੍ਰੈਫਿਕ ਪੁਲਸ ਦਾ ਯੂ-ਟਰਨ ਸਾਹਮਣੇ ਆਇਆ ਹੈ।

ਟ੍ਰੈਫਿਕ ਪੁਲਸ ਨੇ ਪ੍ਰੈੱਸ ਨੋਟ ਜਾਰੀ ਕਰਕੇ ਕਿਹਾ ਹੈ ਕਿ ਸਾਈਕਲ ਰਾਈਡਰ ਨੂੰ ਹਾਈਵੇਅ 'ਤੇ ਜਾਣ ਤੋਂ ਨਹੀਂ ਰੋਕਿਆ ਗਿਆ ਸੀ ਸਗੋਂ ਉਨ੍ਹਾਂ ਨੂੰ ਕੋਰੋਨਾ ਵਾਇਰਸ ਦੇ ਚਲਦਿਆਂ ਭੀੜ ਜੁਟਾਉਣ ਤੋਂ ਮਨ੍ਹਾ ਕੀਤਾ ਗਿਆ ਸੀ। ਪ੍ਰੈੱਸ ਨੋਟ 'ਚ ਉਲਟਾ ਸਾਈਕਲ ਰਾਈਡਰਸ 'ਤੇ ਹੀ ਦੋਸ਼ ਲਗਾਏ ਗਏ ਹਨ ਕਿ ਸਾਈਕਲ ਰਾਈਡਰਸ ਗਰੁੱਪ ਬਣਾ ਕੇ ਸਾਈਕਲਿੰਗ ਕਰ ਰਹੇ ਸਨ, ਜਿਸ ਨਾਲ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪਸ਼ਾਸਨ ਵੱਲੋਂ ਜਾਰੀ ਕੀਤੀਆਂ ਗਈਆਂ ਗਾਈਡਲਾਈਨਜ਼ ਦੀ ਉਲੰਘਣਾ ਹੋ ਰਹੀ ਸੀ। ਇਸ ਦੇ ਇਲਾਵਾ ਆਮ ਲੋਕਾਂ ਲਈ ਵੀ ਇਨਫੈਕਸ਼ਨ ਫੈਲਣ ਦਾ ਖਦਸ਼ਾ ਪੈਦਾ ਹੋ ਰਿਹਾ ਸੀ। ਇਸੇ ਦੇ ਚਲਦਿਆਂ ਟ੍ਰੈਫਿਕ ਪੁਲਸ ਨੇ ਹਾਈਵੇਅ ਸਮੇਤ ਸਬਜ਼ੀ ਮੰਡੀ ਮਕਸੂਦਾਂ ਅਤੇ 66 ਫੁੱਟੀ ਰੋਡ 'ਤੇ ਨਾਕਾ ਲਗਾ ਕੇ ਸਾਈਕਲ ਰਾਈਡਰਸ ਦੀ ਭਲਾਈ ਲਈ ਅਤੇ ਜਾਨੀ ਨੁਕਸਾਨ ਤੋਂ ਬਚਾਉਣ ਲਈ ਜਾਗਰੂਕ ਕੀਤਾ ਸੀ।

ਸਾਈਕਲ ਰਾਈਡਰਸ ਪੂਰੇ ਤਰੀਕੇ ਨਾਲ ਸੁਰੱਖਿਆ ਕਵਚ ਪਾ ਕੇ ਚਲਾਉਣ ਸਾਈਕਲ
ਉਨ੍ਹਾਂ ਕਿਹਾ ਕਿ ਸਾਈਕਲ ਰਾਈਡਰਸ ਪੂਰੇ ਤਰੀਕੇ ਨਾਲ ਸੁਰੱਖਿਆ ਕਵਚ ਪਾ ਕੇ ਸਾਈਕਲਿੰਗ ਕਰਨ। ਹਨ੍ਹੇਰੇ ਦੇ ਸਮੇਂ ਸਾਈਕਲ ਚਲਾਉਣਾ ਹੋਵੇ ਤਾਂ ਸਾਈਕਲ ਦੇ ਪਿੱਛੇ ਅਤੇ ਅੱਗੇ ਰਿਫਲੈਕਟਰ ਜਾਂ ਫਿਰ ਲਾਈਟ ਲਗਾ ਕੇ ਹੀ ਨਿਕਲਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਇਸ ਦੇ ਇਲਾਵਾ ਟ੍ਰੈਫਿਕ ਪੁਲਸ ਨੇ ਕਿਹਾ ਕਿ ਕੋਰੋਨਾ ਤੋਂ ਬਚਾਅ ਕਰਨ ਲਈ ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਗਈਆਂ ਗਾਈਡਲਾਈਨਜ਼ ਦੀ ਪਾਲਣਾ ਕਰਨੀ ਹੋਵੇਗੀ। ਜਿਸ 'ਚ ਮਾਸਕ ਪਾਉਣਾ, ਸਾਈਕਲ ਚਲਾਉਂਦੇ ਹੋਏ ਜਨਤਕ ਸਥਾਨਾਂ 'ਤੇ ਨਾ ਰੁਕਣਾ ਅਤੇ ਸੋਸ਼ਲ ਡਿਸਟੈਂਸ ਆਦਿ ਨੂੰ ਫੋਲੋ ਕਰਨਾ ਬੇਹੱਦ ਜ਼ਰੂਰੀ ਹੈ।
ਏ. ਡੀ. ਸੀ. ਪੀ. ਟ੍ਰੈਫਿਕ ਗਗਨੇਸ਼ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਹੁਣ ਸਾਈਕਲ ਰਾਈਡਰ ਹਾਈਵੇਅ 'ਤੇ ਜਾ ਸਕਦੇ ਹਨ ਪਰ ਉਨ੍ਹਾਂ ਨੂੰ ਕੋਰੋਨਾ ਦੇ ਚਲਦਿਆਂ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਹੋਵੇਗੀ ਅਤੇ ਹੈਲਮੇਟ ਆਦਿ ਪਾਉਣੇ ਹੋਣਗੇ।

PunjabKesari

ਸਾਈਕਲ ਰਾਈਡਰਸ ਦੀ ਸੈਫਟੀ ਲਈ ਬਣਾਏ ਜਾਣ ਨਿਯਮ
ਸਾਈਕਲਿਸਟ ਰੂਬਲ ਸੰਧੂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਰੇ ਸਾਈਕਲ ਰਾਈਡਰਸ ਦੀ ਸੈਫਟੀ ਲਈ ਨਿਯਮ ਬਣਾਏ ਜਾਣ ਅਤੇ ਨਾਲ ਹੀ ਉਨ੍ਹਾਂ ਨੇ ਸਾਰੇ ਸਾਈਕਲ ਰਾਈਡਰਸ ਨੂੰ ਬੇਨਤੀ ਕੀਤੀ ਹੈ ਕਿ ਰਾਤ ਦੇ ਸਮੇਂ ਸਾਈਕਲਿੰਗ ਕਰਦੇ ਸਮੇਂ ਸਾਈਕਲ 'ਚ ਰਿਫਲੈਕਟਰ ਦੀ ਵਰਤੋਂ ਜ਼ਰੂਰ ਕਰਨ। ਉਨ੍ਹਾਂ ਕਿਹਾ ਕਿ ਕੋਰੋਨਾ ਵਰਗੀ ਮਹਾਮਾਰੀ ਦੇ ਚਲਦਿਆਂ ਲੋਕ ਆਪਣੀ ਸਿਹਤ ਨੂੰ ਲੈ ਕੇ ਕਾਫ਼ੀ ਸੁਚੇਤ ਹੋ ਗਏ ਹਨ ਅਤੇ ਆਪਣੇ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਏ ਰੱਖਣ ਲਈ ਸਾਈਕਲਿੰਗ ਦੀ ਮਦਦ ਲੈ ਰਹੇ ਹਨ।  

ਦਰਅਸਲ ਜਲੰਧਰ ਸਿਟੀ 'ਚ ਅਜੇ 500 ਦੇ ਕਰੀਬ ਪੇਸ਼ੇਵਰ ਸਾਈਕਲ ਰਾਈਡਰ ਹਨ, ਜਿਨ੍ਹਾਂ ਦਾ ਸਾਈਕਲ ਰਾਈਟਿੰਗ ਕਦੇ ਸ਼ੌਕ ਸੀ ਪਰ ਫਿਰ ਵੱਖ-ਵੱਖ ਕਲੱਬਾਂ ਦੇ ਐਕਟਿਵ ਮੈਂਬਰ ਬਣ ਗਏ ਅਤੇ ਹਰ ਹਫਤੇ 100-100 ਕਿਲੋਮੀਟਰ ਤੋਂ ਲੈ ਕੇ ਲੰਬੀ ਦੂਰੀ ਦੀ ਰਾਈਡ 'ਤੇ ਜਾਣ ਲੱਗੇ ਸਨ। ਹੁਣ ਇਨ੍ਹਾਂ ਦੇ ਬਾਅਦ ਆਮ ਲੋਕ ਵੀ ਸ਼ੌਕ ਲਈ ਸਾਈਕਲ ਚਲਾ ਰਹੇ ਹਨ। ਦੋਆਬਾ 'ਚ ਜਲੰਧਰ ਦੀ ਸਪੋਰਟਸ ਮਾਰਕੀਟ ਸਾਈਕਲਿੰਗ ਦੀ ਵਿਕਰੀ ਦਾ ਕੇਂਦਰ ਬਣ ਗਈ ਹੈ। ਹੁਣ ਗੁਆਂਢੀ ਸ਼ਹਿਰਾਂ ਤੋਂ ਲੋਕ ਸਾਈਕਲ ਚਲਾਉਣ ਆਉਂਦੇ ਹਨ। ਸਾਈਕਲਿੰਗ ਦਾ ਕ੍ਰੇਜ਼ ਵੱਧਣ ਦਾ ਮੁੱਖ ਕਾਰਨ ਕੋਰੋਨਾ ਕਾਲ 'ਚ ਜਿੰਮ ਬੰਦ ਹੋਣ ਅਤੇ ਖੇਡ ਦੀ ਐਕਟੀਵਿਟੀ ਬੇਹੱਦ ਸੀਮਤ ਹੋਣਾ ਹੈ।

PunjabKesari

ਦੱਸਣਯੋਗ ਹੈ ਕਿ ਪਟਿਆਲਾ 'ਚ ਬੀਤੇ ਦਿਨੀਂ ਇਕ ਸਾਈਕਲਿਸਟ ਦੀ ਕਾਰ ਨਾਲ ਟੱਕਰ ਹੋਣ ਕਰਕੇ ਮੌਤ ਹੋ ਗਈ ਸੀ ਜਦਕਿ ਇਕ ਹੋਰ ਸਾਈਕਲਿਸਟ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਹਾਦਸੇ ਤੋਂ ਬਾਅਦ ਸ਼ੁੱਕਰਵਾਰ ਨੂੰ ਜਲੰਧਰ ਟ੍ਰੈਫਿਕ ਪੁਲਸ ਨੇ ਹਾਈਵੇਅ 'ਤੇ ਸਾਈਕਲਿੰਗ ਕਰਨ ਦੀ ਰੋਕ ਲਗਾ ਦਿੱਤੀ ਸੀ। ਜਲੰਧਰ ਪੁਲਸ ਟ੍ਰੈਫਿਕ ਨੇ ਸ਼ੁੱਕਰਵਾਰ ਨੂੰ ਹਾਈਵੇਅ 'ਤੇ ਸਾਈਕਲਿੰਗ ਕਰਨ ਜਾ ਰਹੇ ਲੋਕਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ ਸੀ। ਪੀ. ਏ. ਪੀ. ਚੌਂਕ 'ਤੇ ਪੁਲਸ ਨੇ ਸਾਈਕਲਿੰਗ ਕਰਨ ਵਾਲਿਆਂ ਲਈ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ। ਇਸ ਦੇ ਇਲਾਵਾ ਪੁਲਸ ਨੇ ਮਕਸੂਦਾਂ ਸਬਜ਼ੀ ਮੰਡੀ, ਬਬਰੀਕ ਚੌਕ, ਡਿਫੈਂਸ ਕਾਲੋਨੀ ਅਤੇ ਦਕੋਹਾ ਫਾਟਕ ਦੇ ਕੋਲ ਵੀ ਨਾਕਾ ਲਗਾਇਆ ਸੀ ਅਤੇ ਲੋਕਾਂ ਨੂੰ ਹਾਈਵੇਅ 'ਤੇ ਜਾ ਕੇ ਹਾਈਵੇਅ 'ਤੇ ਜਾ ਕੇ ਸਾਈਕਲ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਸੀ।


author

shivani attri

Content Editor

Related News