ਨਸ਼ੇ ਖ਼ਿਲਾਫ਼ ਮਿਸਾਲ ਬਣ ਕੇ ਉਭਰਿਆ ਜਲੰਧਰ ਦਾ ਪਿੰਡ ਰਾਣੀ ਭੱਟੀ, ਹਰ ਪਾਸੇ ਹੋ ਰਹੀ ਚਰਚਾ

Friday, Dec 02, 2022 - 01:08 PM (IST)

ਜਲੰਧਰ- ਜਲੰਧਰ ਦਾ ਪਿੰਡ ਰਾਣੀ ਭੱਟੀ ਨਸ਼ੇ ਦੇ ਖ਼ਿਲਾਫ਼ ਇਕ ਮਿਸਾਲ ਬਣ ਕੇ ਉਭਰਿਆ ਹੈ। ਇਥੇ ਲੋਕ ਨਸ਼ਾ ਕਰਨਾ ਤਾਂ ਦੂਰ ਸਗੋਂ ਨਸ਼ੇ ਦਾ ਨਾਂ ਤੱਕ ਵੀ ਕੋਈ ਸੁਣਨਾ ਨਹੀਂ ਚਾਹੁੰਦੇ। ਨੌਜਵਾਨ ਪੜ੍ਹਾਈ ਅਤੇ ਖੇਡਾਂ ਨਾਲ ਜੁੜੇ ਹਨ। ਖ਼ੁਦ ਨੂੰ ਇੰਨੇ ਰੁਝੇ ਹੋਏ ਰੱਖਦੇ ਹਨ ਕਿ ਉਨ੍ਹਾਂ ਦੇ ਕੋਲ ਕੁਝ ਹੋਰ ਸੋਚਣ ਦਾ ਸਮਾਂ ਹੀ ਨਹੀਂ ਹੈ। 15 ਸਾਲ ਪਹਿਲਾਂ ਪੰਚਾਇਤ ਵੱਲੋਂ ਸ਼ੁਰੂ ਕੀਤੇ ਗਏ ਸੰਘਰਸ਼ ਦੀ ਬਦੌਲਤ ਨਸ਼ਾ ਮੁਕਤ ਹੋ ਚੁੱਕੇ ਰਾਣੀ ਭੱਟੀ ਦੀ ਹਰ ਪਾਸੇ ਤਾਰੀਫ਼ ਹੋ ਹੀ ਹੈ। ਕਰੀਬ 1100 ਆਬਾਦੀ ਵਾਲੇ ਇਸ ਪਿੰਡ ਵਿਚ 500 ਦੇ ਕਰੀਬ ਵੋਟਰ ਹਨ। 

ਪੰਚਾਇਤ ਨੇ ਪਿੰਡ ਨੂੰ ਨਸ਼ਾ ਮੁਕਤ ਕਰਨ ਦਾ ਸੁਫ਼ਨਾ ਵੇਖਿਆ ਸੀ। ਹਰ ਘਰ ਦਾ ਸਹਿਯੋਗ ਮਿਲਿਆ ਅਤੇ ਸੰਘਰਸ਼ ਹੌਲੀ-ਹੌਲੀ ਰੰਗ ਲੈ ਕੇ ਆਇਆ। ਪਰਿਵਾਰ ਵਾਲਿਆਂ ਨੇ ਬੱਚਿਆਂ ਨੂੰ ਚੰਗੇ ਸੰਸਕਾਰ ਦਿੱਤੇ ਹਨ। ਨਸ਼ੇ ਦੀਆਂ ਬੁਰਾਈਆਂ ਤੋਂ ਜਾਣੂੰ ਕਰਵਾਇਆ ਹੈ। ਛੁੱਟੀ ਵਾਲੇ ਦਿਨ ਪੂਰਾ ਪਿੰਡ ਬੱਚਿਆਂ ਦੇ ਨਾਲ ਸਮਾਂ ਬਤੀਤ ਕਰਦਾ ਹੈ। ਪੰਚਾਇਤ ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਕੇ ਹੱਲ ਕਰਦੀਆਂ ਹਨ। ਨੌਜਵਾਨਾਂ ਨੂੰ ਸਿਹਤਮੰਦ ਰੱਖਣ ਲਈ ਜਿਮ ਅਤੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਸਟੇਡੀਅਮ ਬਣਾਇਆ ਗਿਆ ਹੈ। ਨੇੜਲੇ ਪਿੰਡਾਂ ਵਿਚ ਅਜੇ ਨਸ਼ੇ ਦਾ ਕੰਮ ਜਾਰੀ ਹੈ। ਪਿੰਡ ਰਾਣੀ ਭੱਟੀ ਦਾ ਇਕ ਅਸੂਲ ਹੈ ਕਿ ਇਥੇ ਕੋਈ ਵੀ ਵਿਅਕਤੀ ਨਸ਼ਾ ਕਰਕੇ ਨਹੀਂ ਦਾਖ਼ਲ ਹੋ ਸਕਦਾ। ਅਜਿਹੇ ਸ਼ਖ਼ਸ ਦੇ ਦਾਖ਼ਲ ਹੋਣ 'ਤੇ ਪਾਬੰਦੀ ਲਗਾ ਦਿੱਤੀ ਜਾਂਦੀ ਹੈ। 

ਇਹ ਵੀ ਪੜ੍ਹੋ : ਵੱਡੀ ਖ਼ਬਰ: ਅੰਮ੍ਰਿਤਸਰ 'ਚ ਪੁਲਸ ਤੇ ਗੈਂਗਸਟਰਾਂ ਵਿਚਕਾਰ ਮੁਕਾਬਲਾ, ਚੱਲੀਆਂ ਤਾਬੜਤੋੜ ਗੋਲੀਆਂ, ਦੋ ਗ੍ਰਿਫ਼ਤਾਰ

ਸਰਪੰਚ ਮੁਕੇਸ਼ ਚੰਦਰ ਨੇ ਦੱਸਿਆ ਕਿ ਸਾਡੇ ਪਿੰਡ ਵਿਚ ਕੋਈ ਨਸ਼ਾ ਨਹੀਂ ਕਰਦਾ। ਇਥੋਂ ਦਾ ਹਰ ਮੁੰਡਾ ਆਪਣੀ ਪੜ੍ਹਾਈ ਜਾਂ ਕੰਮਕਾਜ ਵੱਲ ਧਿਆਨ ਦਿੰਦਾ ਹੈ। ਜੇਕਰ ਕੋਈ ਨਸ਼ਾ ਕਰਦਾ ਮਿਲਿਆ ਵੀ ਤਾਂ ਉਸ ਦਾ ਤੁਰੰਤ ਇਲਾਜ ਕਰਵਾਇਆ ਗਿਆ। ਨਸ਼ੇ ਨੂੰ ਰੋਕਣ ਲਈ ਸਰਕਾਰ ਦੇ ਨਾਲ-ਨਾਲ ਇਲਾਕੇ ਦੇ ਲੋਕਾਂ ਦਾ ਸਹਿਯੋਗ ਮਿਲ ਰਿਹਾ ਹੈ। ਉਥੇ ਹੀ ਰਵਿੰਦਰ ਕੁਮਾਰ ਮੁਤਾਬਕ ਪਿੰਡ ਵਿਚ ਅੱਜ ਤੱਕ ਨਸ਼ੇ ਨਾਲ ਇਕ ਵੀ ਵਿਅਕਤੀ ਦੀ ਮੌਤ ਨਹੀਂ ਹੋਈ। ਮਾਤਾ-ਪਿਤਾ ਖ਼ੁਦ ਬੱਚਿਆਂ ਨੂੰ ਨਸ਼ੇ ਦੀਆਂ ਬੁਰਾਈਆਂ ਤੋਂ ਜਾਣੂੰ ਕਰਵਾਉਂਦੇ ਹਨ। ਬਲਬੀਰ ਸਿੰਘ ਦੱਸਦੇ ਹਨ ਕਿ ਉਹ ਵੀ ਕਾਲਜ ਅਤੇ ਯੂਨੀਵਰਸਿਟੀ ਵਿਚ ਪੜ੍ਹੇ ਹਨ ਪਰ ਖ਼ੁਦ ਨੂੰ ਨਸ਼ੇ ਤੋਂ ਦੂਰ ਰੱਖਿਆ ਹੈ। ਜੋ ਹਾਲਾਤ ਅੱਜ ਪੰਜਾਬ ਵਿਚ ਹਨ, ਉਹ ਸਾਡੇ ਸਮੇਂ ਵੀ ਸੀ। ਪੰਚਾਇਤ ਨੇ ਪਿੰਡ ਵਿਚ ਜਿਮ ਬਣਾਇਆ ਹੈ ਤਾਂਕਿ ਨੌਜਵਾਨ ਸਿਹਤਮੰਦ ਰਹਿਣ। 

ਇਹ ਵੀ ਪੜ੍ਹੋ : ਜਲੰਧਰ ਵਿਖੇ ਭਿਆਨਕ ਅੰਜਾਮ ਤੱਕ ਪੁੱਜੀ 'ਲਵ ਮੈਰਿਜ', ਪਤਨੀ ਦਾ ਕਤਲ ਕਰਨ ਮਗਰੋਂ ਖ਼ੁਦ ਵੀ ਗਲ਼ ਲਾਈ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


shivani attri

Content Editor

Related News