ਜਲੰਧਰ ''ਚ ਪੁਲਸ ਮੁਲਾਜ਼ਮਾਂ ਦੀ ਸੁਰੱਖਿਆ ''ਚ ਵਿਤਕਰਾ

Saturday, Feb 24, 2018 - 11:50 AM (IST)

ਜਲੰਧਰ ''ਚ ਪੁਲਸ ਮੁਲਾਜ਼ਮਾਂ ਦੀ ਸੁਰੱਖਿਆ ''ਚ ਵਿਤਕਰਾ

ਜਲੰਧਰ (ਰਾਜੇਸ਼ ਸ਼ਰਮਾ)— ਲੋਕਾਂ ਦੀ ਸੁਰੱਖਿਆ ਦਾ ਜਿੰਮਾ ਚੁੱਕਣ ਵਾਲੀ ਪੁਲਸ ਦੀ ਖੁਦ ਦੀ ਸੁਰੱਖਿਆ ਰੱਬ ਆਸਰੇ ਹੈ। ਗੈਂਗਸਟਰਾਂ ਅਤੇ ਅਪਰਾਧੀ ਕਿਸਮ ਦੇ ਲੋਕਾਂ 'ਤੇ ਨਕੇਲ ਕੱਸਣ ਵਾਲੀ ਪੁਲਸ ਕੋਲ ਖੁਦ ਦੀ ਸੁਰੱਖਿਆ ਹੀ ਨਹੀਂ ਹੈ। ਥਾਣਾ 2 ਦੇ ਵਿਚ ਬਣੇ ਪੁਲਸ ਮੁਲਾਜ਼ਮਾਂ ਨੂੰ ਦਿੱਤੇ ਗਏ ਸਰਕਾਰੀ ਕੁਆਰਟਰਾਂ 'ਚ ਆਉਣ-ਜਾਣ ਵਾਲੇ ਵਿਅਕਤੀਆਂ ਕੋਲੋਂ ਕੋਈ ਪੁੱਛਗਿੱਛ ਨਹੀਂ ਹੁੰਦੀ ਪਰ ਪੁਲਸ ਲਾਈਨ ਵਿਚ ਰਹਿ ਰਹੇ ਮੁਲਾਜ਼ਮਾਂ ਦੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਹਨ। ਉਕਤ ਕੁਆਰਟਾਂ ਵਿਚ ਸ਼ਰੇਆਮ ਲੋਕ ਬਿਨਾਂ ਕਿਸੇ ਪੁੱਛਗਿੱਛ ਦੇ ਅੰਦਰ ਆ-ਜਾ ਰਹੇ ਹਨ। 
ਕੁਆਰਟਰਾਂ ਦੇ ਬਾਹਰ ਕੋਈ ਵੀ ਪੁਲਸ ਮੁਲਾਜ਼ਮ ਤਾਇਨਾਤ ਨਹੀਂ ਹੈ, ਜੋ ਆਉਣ-ਜਾਣ ਵਾਲੇ ਕੋਲੋਂ ਪੁੱਛਗਿੱਛ ਕਰ ਸਕੇ ਜਾਂ ਉਨ੍ਹਾਂ ਦੀ ਆਈ. ਡੀ. ਦੇਖੇ। ਜਿਸ ਨਾਲ ਪੁਲਸ ਮੁਲਾਜ਼ਮਾਂ ਦੀ ਸੁਰੱਖਿਆ ਖਤਰੇ 'ਚ ਹੈ। ਪੁਲਸ ਲਾਈਨ 'ਚ ਆਉਣ-ਜਾਣ ਵਾਲੇ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦਾ ਆਈ. ਡੀ. ਕਾਰਡ ਦੇਖਿਆ ਜਾਂਦਾ ਹੈ ਪਰ ਥਾਣਾ ਨੰਬਰ 2 ਵਿਚ ਰਹਿੰਦੇ ਪੁਲਸ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਰੱਬ ਆਸਰੇ ਹੀ ਹੈ।

PunjabKesari
ਥਾਣਾ 2 'ਚ ਬਣੇ ਪੁਲਸ ਕੁਆਰਟਰਾਂ 'ਚ ਪੁਲਸ ਮੁਲਾਜ਼ਮਾਂ ਦੇ ਪਰਿਵਾਰ ਰਹਿੰਦੇ ਹਨ। ਉਨ੍ਹਾਂ 'ਚੋਂ ਕੁਝ ਮੁਲਾਜ਼ਮ ਅਜਿਹੇ ਹਨ, ਜਿਨ੍ਹਾਂ ਨੇ ਕਈ ਅਪਰਾਧੀ ਕਿਸਮ ਦੇ ਲੋਕਾਂ ਨੂੰ ਜੇਲ ਭੇਜਿਆ ਹੁੰਦਾ ਹੈ ਅਤੇ ਕਈਆਂ ਨੂੰ ਅਪਰਾਧੀਆਂ ਕੋਲੋਂ ਧਮਕੀਆਂ ਵੀ ਮਿਲ ਚੁੱਕੀਆਂ ਹਨ ਪਰ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਦਾ ਜਿੰਮਾ ਲੈਣ ਲਈ ਕੋਈ ਤਿਆਰ ਹੀ ਨਹੀਂ ਹੈ। ਥਾਣਾ 2 ਵਿਚ ਬਣੇ ਪੁਲਸ ਕੁਆਰਟਰਾਂ ਤੇ ਪੁਲਸ ਲਾਈਨ ਵਿਚ ਬਣੇ ਕੁਆਰਟਰਾਂ ਨਾਲ ਸੁਰੱਖਿਆ ਪੱਖੋਂ ਵਿਤਕਰਾ ਕੀਤਾ ਜਾ ਰਿਹਾ ਹੈ। ਜਿਸ ਕਾਰਨ ਥਾਣਾ 2 ਵਿਚ ਬਣੇ ਸਰਕਾਰੀ ਕੁਆਰਟਰਾਂ ਵਿਚ ਰਹਿਣ ਵਾਲੇ ਪੁਲਸ ਮੁਲਾਜ਼ਮ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ। 
ਸਰਕਾਰੀ ਕੁਆਰਟਰਾਂ 'ਚ ਮੇਨ ਗੇਟ ਤੋਂ ਇਲਾਵਾ ਕਈ ਨਾਜਾਇਜ਼ ਬਣੇ ਰਸਤੇ
ਥਾਣਾ 2 ਵਿਚ ਬਣੇ ਪੁਲਸ ਮੁਲਾਜ਼ਮਾਂ ਦੇ ਸਰਕਾਰੀ ਕੁਆਰਟਰਾਂ ਵਿਚ ਜਾਣ ਦੇ ਮੇਨ ਗੇਟ 'ਤੇ ਕੋਈ ਸੁਰੱਖਿਆ ਕਰਮਚਾਰੀ ਤਾਇਨਾਤ ਨਹੀਂ, ਉਥੇ ਮੇਨ ਗੇਟ ਤੋਂ ਇਲਾਵਾ ਵੀ ਕੁਆਰਟਰਾਂ ਵਿਚ ਜਾਣ ਦੇ ਕਈ ਨਾਜਾਇਜ਼ ਰਸਤੇ ਹਨ। ਜਿਥੋਂ ਕੋਈ ਵੀ ਅਪਰਾਧੀ ਅੰਦਰ ਵੜ੍ਹ ਕੇ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ। ਪੁਲਸ ਮੁਲਾਜ਼ਮਾਂ ਲਈ ਜਿੱਥੇ ਮੇਨ ਗੇਟ 'ਤੇ ਕੋਈ ਪੁਲਸ ਮੁਲਾਜ਼ਮ ਸੁਰੱਖਿਆ ਲਈ ਤਾਇਨਾਤ ਨਹੀਂ ਹੈ, ਉਥੇ ਸਰਕਾਰੀ ਕੁਆਰਟਰਾਂ ਵਿਚ ਵੜਣ ਲਈ ਕੰਧਾਂ ਤੋੜ ਕੇ ਬਣੇ ਰਸਤੇ ਵੀ ਹਾਦਸੇ ਨੂੰ ਸੱਦਾ ਦੇ ਰਹੇ ਹਨ। 

PunjabKesari
ਪੁਲਸ ਮੁਲਾਜ਼ਮਾਂ ਦੀ ਸੁਰੱਖਿਆ ਜ਼ਰੂਰੀ : ਏ. ਡੀ. ਸੀ. ਪੀ. ਹੈੱਡਕੁਆਰਟਰ
ਪੁਲਸ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਵਿਚ ਵਿਤਕਰਾ ਦੇ ਬਾਰੇ ਏ. ਡੀ. ਸੀ. ਪੀ. ਹੈੱਡਕੁਆਰਟਰ ਗੌਤਮ ਸਿੰਘ ਨੇ ਕਿਹਾ ਕਿ ਪੁਲਸ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਜ਼ਰੂਰੀ ਹੈ। ਇਸ ਸਬੰਧ ਵਿਚ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਸੀ। ਹੁਣ ਮਾਮਲਾ ਧਿਆਨ ਵਿਚ ਆ ਗਿਆ ਹੈ, ਜਿਸ ਦੀ ਉਹ ਜਾਂਚ ਕਰਨਗੇ ਅਤੇ ਸੁਰੱਖਿਆ ਜ਼ਰੂਰੀ ਕਰਵਾਉਣਗੇ।


Related News