ਕਰੋੜਾਂ ਰੁਪਏ ਦਾ ਫਰਾਡ ਕਰਨ ਵਾਲਿਆਂ ਅੱਗੇ ਜਲੰਧਰ ਪੁਲਸ ਬੇਵੱਸ, ਕਿਸੇ ਦੀ ਵੀ ਪ੍ਰਾਪਰਟੀ ਨਹੀਂ ਕਰ ਸਕੀ ਸੀਲ
Tuesday, Aug 18, 2020 - 04:01 PM (IST)

ਜਲੰਧਰ – ਗੋਲਡ ਕਿੱਟੀ ਦੇ ਨਾਂ ’ਤੇ ਕਰੋੜਾਂ ਰੁਪਏ ਦਾ ਫਰਾਡ ਕਰਨ ਵਾਲੀ ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਦੇ ਮਾਮਲੇ ਵਿਚ ਜਲੰਧਰ ਪੁਲਸ ਬੇਵੱਸ ਨਜ਼ਰ ਆ ਰਹੀ ਹੈ। ਥਾਣਾ ਨੰਬਰ 7 ਦੀ ਪੁਲਸ ਨੇ 5 ਦਿਨਾਂ ਦਾ ਰਿਮਾਂਡ ਖਤਮ ਹੋਣ ਉਪਰੰਤ ਰਣਜੀਤ ਸਿੰਘ ਨੂੰ ਦੁਬਾਰਾ ਅਦਾਲਤ ਵਿਚ ਪੇਸ਼ ਕਰ ਕੇ ਉਸਦਾ 2 ਦਿਨਾਂ ਦਾ ਹੋਰ ਰਿਮਾਂਡ ਲਿਆ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਪੁਲਸ ਨੇ 10 ਦਿਨ ਪਹਿਲਾਂ ਆਡੀ, ਬੀ. ਐੱਮ. ਡਬਲਯੂ. ਵਰਗੀਆਂ ਲਗਜ਼ਰੀ ਗੱਡੀਆਂ ਨੂੰ ਥਾਣਾ ਕੰਪਲੈਕਸ ਵਿਚ ਖੜ੍ਹਾ ਕੀਤਾ ਹੋਇਆ ਸੀ ਪਰ ਅੱਜ ਉਕਤ ਗੱਡੀਆਂ ਨੂੰ ਆਨ-ਰਿਕਾਰਡ ਜ਼ਬਤ ਕਰਨ ਦਾ ਬਿਆਨ ਜਾਰੀ ਕੀਤਾ।
ਥਾਣਾ ਨੰਬਰ 7 ਦੀ ਪੁਲਸ ਕਰੋੜਾਂ ਰੁਪਏ ਦੇ ਇਸ ਫਰਾਡ ਸਬੰਧੀ ਬਿਲਕੁਲ ਗੰਭੀਰ ਨਜ਼ਰ ਨਹੀਂ ਆ ਰਹੀ, ਜਦਕਿ ਫਰਾਡ ਦਾ ਸ਼ਿਕਾਰ ਨਿਵੇਸ਼ਕਾਂ ਦੀ ਚਿੰਤਾ ਲਗਾਤਾਰ ਵਧਦੀ ਜਾ ਰਹੀ ਹੈ। ਇਹ ਫਰਾਡ ਸਾਹਮਣੇ ਆਇਆਂ ਇਕ ਮਹੀਨਾ ਹੋ ਚੁੱਕਾ ਹੈ ਪਰ ਇਸ ਦੇ ਬਾਵਜੂਦ ਕਮਿਸ਼ਨਰੇਟ ਪੁਲਸ ਪੀੜਤਾਂ ਨੂੰ ਇਨਸਾਫ ਦਿਵਾਉਣ ਵਿਚ ਅਸਫਲ ਦਿਸ ਰਹੀ ਹੈ। ਥਾਣਾ ਨੰਬਰ 7 ਦੀ ਪੁਲਸ ਇੰਨੇ ਵੱਡੇ ਫਰਾਡ ਦੇ ਮਾਮਲੇ ਵਿਚ ਦੋਸ਼ੀਆਂ ਦੇ ਰਿਮਾਂਡ ਦਾ ਹਵਾ-ਹਵਾਈ ਖੇਡ ਖੇਡੀ ਜਾ ਰਹੀ ਹੈ, ਜਦਕਿ ਰਿਮਾਂਡ ’ਤੇ ਲੈਣ ਦੇ ਬਾਵਜੂਦ ਉਨ੍ਹਾਂ ਕੋਲੋਂ ਕੋਈ ਵੀ ਵੱਡਾ ਖੁਲਾਸਾ ਨਹੀਂ ਕਰ ਸਕੀ। ਐਤਵਾਰ ਨੂੰ ਥਾਣਾ ਨੰਬਰ 7 ਦੀ ਪੁਲਸ ਰਣਜੀਤ ਿਸੰਘ ਨੂੰ ਲੈ ਕੇ ਉਸ ਦੇ ਘਰ ਪਹੁੰਚੀ ਸੀ ਤਾਂ ਪੁਲਸ ਦੀ ਮੌਜੂਦਗੀ ਵਿਚ ਕਥਿਤ ਪੁਲਸ ਮੁਲਾਜ਼ਮ ਵਲੋਂ ਲੈਪਟਾਪ ਵਰਗੀ ਚੀਜ਼ ਗਾਇਬ ਕਰਨ ਦੇ ਮਾਮਲੇ ਵਿਚ ਪੁਲਸ ਵਲੋਂ ਕੋਈ ਟਿੱਪਣੀ ਜਾਂ ਬਿਆਨ ਜਾਰੀ ਨਾ ਕਰਨਾ ਸ਼ੱਕੀ ਹਾਲਾਤ ਵੱਲ ਇਸ਼ਾਰਾ ਕਰਦਾ ਹੈ। ਸੂਤਰਾਂ ਅਨੁਸਾਰ ਪੀੜਤਾਂ ਦਾ ਇਕ ਵਰਗ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਨਾਂ ’ਤੇ ਇਕ ਮੰਗ-ਪੱਤਰ ਵੀ ਦੇਣ ਦੀ ਤਿਆਰੀ ਵਿਚ ਹੈ।
ਜ਼ਿਕਰਯੋਗ ਹੈ ਕਿ ਪੀ. ਪੀ. ਆਰ. ਮਾਲ ਸਥਿਤ ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਵਲੋਂ ਨਿਵੇਸ਼ਕਾਂ ਨਾਲ ਕਰੋੜਾਂ ਰੁਪਏ ਦਾ ਫਰਾਡ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਲੰਧਰ ਪੁਲਸ ਵਲੋਂ ਦਰਜ ਐੱਫ. ਆਈ. ਆਰ. ਵਿਚ ਇਹ ਫਰਾਡ 25 ਕਰੋੜ ਦਾ ਦੱਸਿਆ ਗਿਆ ਹੈ, ਜਦਕਿ ਨਿਵੇਸ਼ਕਾਂ ਅਨੁਸਾਰ ਇਹ 300 ਕਰੋੜ ਦਾ ਫਰਾਡ ਹੈ। ਥਾਣਾ ਨੰਬਰ 7 ਵਿਚ ਕੰਪਨੀ ਦੇ ਮਾਲਕ ਰਣਜੀਤ ਸਿੰਘ ਪੁੱਤਰ ਗੁਰਮੁੱਖ ਸਿੰਘ ਨਿਵਾਸੀ ਸ਼ਿਵ ਵਿਹਾਰ, ਗਗਨਦੀਪ ਸਿੰਘ ਪੁੱਤਰ ਗੁਰਵਿੰਦਰ ਸਿੰਘ ਨਿਵਾਸੀ ਹਰਦੀਪ ਨਗਰ ਅਤੇ ਗੁਰਮਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਨਿਵਾਸੀ ਜਲੰਧਰ ਹਾਈਟਸ-2 ਸਮੇਤ ਮੈਨੇਜਮੈਂਟ ਮੈਂਬਰ ਸ਼ੀਲਾ ਦੇਵੀ, ਆਦਿੱਤਿਆ ਸੇਠੀ, ਸਾਬਕਾ ਕਰਮਚਾਰੀ ਨਤਾਸ਼ਾ, ਆਸ਼ੀਸ਼ ਸ਼ਰਮਾ ਅਤੇ ਪੁਨੀਤ ਵਰਮਾ ਖਿਲਾਫ਼ ਕੇਸ ਦਰਜ ਕਰ ਲਿਆ ਸੀ। ਗਗਨਦੀਪ ਅਤੇ ਰਣਜੀਤ ਸਿੰਘ ਨੇ ਪੁਲਸ ਅੱਗੇ ਆਤਮ-ਸਮਰਪਣ ਕਰ ਦਿੱਤਾ ਸੀ ਅਤੇ ਗਗਨਦੀਪ ਨੂੰ ਪੁਲਸ ਜੇਲ ਭੇਜ ਚੁੱਕੀ ਹੈ।
ਇਕ ਸਾਬਕਾ ਮਹਿਲਾ ਕਰਮਚਾਰੀ ’ਤੇ ਡਿੱਗ ਸਕਦੀ ਹੈ ਗਾਜ
ਇਸ ਕੇਸ ਵਿਚ ਇਕ ਸਾਬਕਾ ਮਹਿਲਾ ਕਰਮਚਾਰੀ ’ਤੇ ਗਾਜ ਡਿੱਗ ਸਕਦੀ ਹੈ। ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਦਿੱਤੇ ਜਾਣ ਵਾਲੇ ਮੰਗ-ਪੱਤਰ ਵਿਚ ਇਸ ਮਹਿਲਾ ਕਰਮਚਾਰੀ ਨੂੰ ਦੋਸ਼ੀ ਠਹਿਰਾਇਆ ਗਿਆ ਹੈ, ਜਿਸ ਵਿਚ ਦੋਸ਼ ਹੈ ਕਿ ਉਸ ਨੇ ਕੰਪਨੀ ਦੀ ਨੌਕਰੀ ਛੱਡਣ ਦੇ ਬਾਵਜੂਦ ਲੋਕਾਂ ਦੇ ਪੈਸੇ ਇਨਵੈਸਟ ਕੀਤੇ ਅਤੇ ਉਕਤ ਕਰਮਚਾਰੀ ਨੂੰ ਨਿਵੇਸ਼ਕਾਂ ਨਾਲ ਫਰਾਡ ਹੋਣ ਦੀ ਪੂਰੀ ਜਾਣਕਾਰੀ ਸੀ। ਸ਼ਿਕਾਇਤ ਵਿਚ ਹੋਰ ਮੈਨੇਜਮੈਂਟ ਮੈਂਬਰਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ।