ਨਸ਼ਿਆਂ ਖ਼ਿਲਾਫ਼ ਵੱਡੀ ਕਾਰਵਾਈ, ADGP ਰਾਮ ਸਿੰਘ, ਪੁਲਸ ਕਮਿਸ਼ਨਰ ਭੂਪਤੀ ਸਣੇ ਸਾਰੇ ਅਧਿਕਾਰੀ ਮੈਦਾਨ ’ਚ ਉਤਰੇ

Wednesday, Nov 16, 2022 - 04:09 PM (IST)

ਨਸ਼ਿਆਂ ਖ਼ਿਲਾਫ਼ ਵੱਡੀ ਕਾਰਵਾਈ, ADGP ਰਾਮ ਸਿੰਘ, ਪੁਲਸ ਕਮਿਸ਼ਨਰ ਭੂਪਤੀ ਸਣੇ ਸਾਰੇ ਅਧਿਕਾਰੀ ਮੈਦਾਨ ’ਚ ਉਤਰੇ

ਜਲੰਧਰ (ਸੁਧੀਰ, ਮਹੇਸ਼)–ਸੂਬੇ ਭਰ ਵਿਚ ਅਮਨ-ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ, ਨਸ਼ਾ ਸਮੱਗਲਰਾਂ ਅਤੇ ਮੁਜਰਿਮਾਂ ਦੀ ਨਕੇਲ ਕੱਸਣ ਲਈ ਡੀ. ਜੀ. ਪੀ. ਗੌਰਵ ਯਾਦਵ ਦੇ ਨਿਰਦੇਸ਼ਾਂ ’ਤੇ ਸੂਬੇ ਭਰ ਵਿਚ ਪੁਲਸ ਵੱਲੋਂ ਨਸ਼ਿਆਂ ਖ਼ਿਲਾਫ਼ ਵੱਡੀ ਸਰਚ ਮੁਹਿੰਮ ਚਲਾਈ ਗਈ। ਇਸੇ ਕੜੀ ਤਹਿਤ ਮੰਗਲਵਾਰ ਏ. ਡੀ. ਜੀ. ਪੀ. ਰਾਮ ਸਿੰਘ ਨਾਲ ਸ਼ਹਿਰ ਦੇ ਨਵ-ਨਿਯੁਕਤ ਪੁਲਸ ਕਮਿਸ਼ਨਰ ਡਾ. ਐੱਸ. ਭੂਪਤੀ ਨੇ ਕਮਿਸ਼ਨਰੇਟ ਪੁਲਸ ਦੇ ਸਾਰੇ ਅਧਿਕਾਰੀਆਂ ਅਤੇ ਭਾਰੀ ਪੁਲਸ ਫੋਰਸ ਨਾਲ ਸ਼ਹਿਰ ਦੇ ਥਾਣਾ ਸਦਰ ਅਧੀਨ ਪੈਂਦੇ ਪਿੰਡ ਲੱਖਣਪਾਲ, ਧਨੀ ਪਿੰਡ ਅਤੇ ਉਸਦੇ ਨੇੜਲੇ ਇਲਾਕਿਆਂ ਵਿਚ ਸਰਚ ਮੁਹਿੰਮ ਚਲਾਈ ਅਤੇ ਕਈ ਘਰਾਂ ਦੀ ਤਲਾਸ਼ੀ ਲਈ। ਸ਼ਹਿਰ ਵਿਚ ਨਸ਼ਾ ਸਮੱਗਲਰਾਂ ਅਤੇ ਸ਼ੱਕੀਆਂ ’ਤੇ ਭਾਰੀ ਪੁਲਸ ਫੋਰਸ ਨਾਲ ਸਰਚ ਮੁਹਿੰਮ ਦੀ ਸੂਚਨਾ ਮਿਲਦੇ ਹੀ ਪੂਰੇ ਇਲਾਕੇ ਵਿਚ ਹੜਕੰਪ ਮਚ ਗਿਆ, ਜਿਸ ਕਾਰਨ ਕਈ ਸ਼ੱਕੀ ਤਾਂ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ : ਜਲੰਧਰ ਰੇਲਵੇ ਸਟੇਸ਼ਨ ਦੇ ਬਾਹਰੋਂ ਬੈਗ 'ਚੋਂ ਮਿਲੀ ਲਾਸ਼ ਦੇ ਮਾਮਲੇ 'ਚ ਸਾਹਮਣੇ ਆਈ ਹੈਰਾਨੀਜਨਕ ਗੱਲ

PunjabKesari

24 ਸ਼ੱਕੀ ਘਰਾਂ ਦੀ ਤਲਾਸ਼ੀ, 7 ਨੂੰ ਕੀਤਾ ਰਾਊਂਡਅਪ, ਕਾਬੂ ਲੋਕਾਂ ਕੋਲੋਂ ਪੁੱਛਗਿੱਛ ਜਾਰੀ : ਸੀ. ਪੀ.

ਪੁਲਸ ਕਮਿਸ਼ਨਰ ਡਾ. ਐੱਸ. ਭੂਪਤੀ ਨੇ ਦੱਸਿਆ ਕਿ ਪੁਲਸ ਨੇ 24 ਸ਼ੱਕੀ ਲੋਕਾਂ ਦੇ ਘਰਾਂ ਦੀ ਤਲਾਸ਼ੀ ਲਈ ਅਤੇ 7 ਸ਼ੱਕੀ ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲੈ ਲਿਆ। ਫਿਲਹਾਲ ਕਾਬੂ ਕੀਤੇ ਲੋਕਾਂ ਕੋਲੋਂ ਪੁੱਛਗਿੱਛ ਜਾਰੀ ਹੈ। ਸਰਚ ਆਪਰੇਸ਼ਨ ਦੌਰਾਨ ਪੁਲਸ ਨੂੰ ਕੋਈ ਨਸ਼ਿਆਂ ਦੀ ਖੇਪ ਨਹੀਂ ਮਿਲੀ ਪਰ ਜੇਕਰ ਪੁੱਛਗਿੱਛ ਵਿਚ ਕੋਈ ਗੱਲ ਸਾਹਮਣੇ ਆਈ ਤਾਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਵਰਣਨਯੋਗ ਹੈ ਕਿ ਕੁਝ ਸਮਾਂ ਪਹਿਲਾਂ ਵੀ ਏ. ਡੀ. ਜੀ. ਪੀ. ਅਰਪਿਤ ਸ਼ੁਕਲਾ ਦੀ ਅਗਵਾਈ ਵਿਚ ਸ਼ਹਿਰ ਵਿਚ ਨਸ਼ਾ ਸਮੱਗਲਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਸਰਚ ਮੁਹਿੰਮ ਚਲਾਈ ਗਈ ਸੀ। ਸੀ. ਪੀ. ਡਾ. ਐੱਸ. ਭੂਪਤੀ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਵੀ ਪੁਲਸ ਸ਼ਹਿਰ ਦੇ ਹੋਰ ਹਿੱਸਿਆਂ ਵਿਚ ਸਰਚ ਮੁਹਿੰਮ ਚਲਾਵੇਗੀ।

ਇਹ ਵੀ ਪੜ੍ਹੋ : ਜਲੰਧਰ ਦੇ ਨਿੱਜੀ ਹਸਪਤਾਲ ਦੇ ਬਾਥਰੂਮ ’ਚੋਂ ਮਿਲੀ ਫਿਰੋਜ਼ਪੁਰ ਦੇ ਨੌਜਵਾਨ ਦੀ ਲਾਸ਼, ਫੈਲੀ ਸਨਸਨੀ

PunjabKesari

100 ਤੋਂ ਵੱਧ ਪੁਲਸ ਮੁਲਾਜ਼ਮ ਹੋਏ ਸਰਚ ਮੁਹਿੰਮ ਵਿਚ ਸ਼ਾਮਲ

‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਚਾਰਜ ਸੰਭਾਲਦੇ ਹੀ ਕਮਿਸ਼ਨਰੇਟ ਪੁਲਸ ਦੇ ਸਾਰੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰ ਕੇ ਉਨ੍ਹਾਂ ਨੂੰ ਸ਼ਹਿਰ ਵਿਚੋਂ ਨਸ਼ਾ ਮਾਫੀਆ ਦਾ ਸਫਾਇਆ ਕਰਨ ਦੇ ਹੁਕਮ ਜਾਰੀ ਕੀਤੇ ਸਨ। ਅੱਜ ਦੀ ਸਪੈਸ਼ਲ ਸਰਚ ਮੁਹਿੰਮ ਲਈ ਬੀਤੇ ਦਿਨੀਂ ਹੀ ਪੁਲਸ ਫੋਰਸ ਦਾ ਗਠਨ ਕਰ ਕੇ ਉਨ੍ਹਾਂ ਨੂੰ ਅਧਿਕਾਰੀਆਂ ਦੀ ਸੁਪਰਵਿਜ਼ਨ ਵਿਚ ਸਰਚ ਮੁਹਿੰਮ ਚਲਾਉਣ ਅਤੇ ਨਸ਼ਾ ਸਮੱਗਲਰਾਂ ’ਤੇ ਸਖ਼ਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਸਰਚ ਮੁਹਿੰਮ ਵਿਚ ਡੀ. ਸੀ. ਪੀ. ਸਿਟੀ ਜਗਮੋਹਨ ਸਿੰਘ, ਡੀ. ਸੀ. ਪੀ. ਲਾਅ ਐਂਡ ਆਰਡਰ ਅੰਕੁਰ ਗੁਪਤਾ, ਏ. ਡੀ. ਸੀ. ਪੀ. ਸਿਟੀ-2 ਆਦਿੱਤਿਆ ਕੁਮਾਰ, ਏ. ਸੀ. ਪੀ. ਕੈਂਟ ਬਬਨਦੀਪ ਸਿੰਘ ਸਮੇਤ ਕਮਿਸ਼ਨਰੇਟ ਪੁਲਸ ਦੇ ਹੋਰ ਅਧਿਕਾਰੀ ਅਤੇ 100 ਤੋਂ ਵੱਧ ਪੁਲਸ ਮੁਲਾਜ਼ਮਾਂ ਨੂੰ ਸ਼ਾਮਲ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਗੁਜਰਾਤ ’ਚ ਭਗਵੰਤ ਮਾਨ ਦੀ ਚੋਣ ਪ੍ਰਚਾਰ ’ਚ ਕਿੰਨੀ ਹੈ ਅਹਿਮੀਅਤ!

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

shivani attri

Content Editor

Related News