ਜਲੰਧਰ ਲੋਕ ਸਭਾ ਸੀਟ ਨੂੰ ਲੈ ਕੇ ਹਲ-ਚਲ ਤੇਜ਼, ਜਾਣੋ ਇਤਿਹਾਸ

01/18/2019 11:09:56 AM

ਜਲੰਧਰ— ਲੋਕ ਸਭਾ ਚੋਣਾਂ ਨੂੰ ਸਿਰਫ ਕੁਝ ਮਹੀਨੇ ਬਾਕੀ ਰਹਿ ਗਏ ਹਨ। ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀਆਂ ਪਾਰਟੀਆਂ 'ਚ ਹੱਲਚੱਲ ਮਚੀ ਹੋਈ ਹੈ। ਜਲੰਧਰ ਸੀਟ ਨੂੰ ਲੈ ਲੋਕਾਂ ਨੇ ਹੁਣ ਤੋਂ ਹੀ ਕਿਆਸ ਲਗਾਉਣੇ ਸ਼ੁਰੂ ਕਰ ਦਿੱਤੇ ਹਨ ਕਿ ਟਿਕਟ ਕਿਸ ਨੂੰ ਮਿਲੇਗੀ ਅਤੇ ਕਿਹੜਾ ਨੇਤਾ ਸ਼ਹਿਰ ਦਾ ਭਵਿੱਖ ਸਵਾਰ ਸਕਦਾ ਹੈ। ਮੌਜੂਦਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਨੇ ਪਿਛਲੇ 5 ਸਾਲਾਂ ਦਾ ਆਪਣਾ ਸਫ਼ਲ ਕਾਰਜਕਾਲ ਪੂਰਾ ਕੀਤਾ ਹੈ ਪਰ ਇਸ ਵਾਰ ਉਨ੍ਹਾਂ ਨੂੰ ਪਾਰਟੀ ਦੇ ਹੀ ਕਈ ਦਲਿਤ ਨੇਤਾ ਚੁਣੌਤੀ ਦੇਣ ਲਈ ਤਿਆਰ ਖੜ੍ਹੇ ਹਨ। ਚੌਧਰੀ ਨੂੰ ਵੀ ਆਪਣੀ ਟਿਕਟ ਬਚਾਉਣ ਲਈ ਬਹੁਤ ਮਿਹਨਤ ਕਰਨੀ ਪੈ ਸਕਦੀ ਹੈ, ਕਿਉਂਕਿ ਇਸ ਦੇ ਪਿੱਛੇ ਇਤਿਹਾਸ ਹੀ ਕੁਝ ਅਜਿਹਾ ਹੈ।
 

ਜਲੰਧਰ ਦਾ ਇਤਿਹਾਸ
ਕਾਂਗਰਸ ਨੇ ਲੰਬੇ ਸਮੇਂ ਤੋਂ ਕਿਸੇ ਵੀ ਜਿੱਤਣ ਵਾਲੇ ਉਮੀਦਵਾਰ ਨੂੰ ਜਲੰਧਰ ਸੀਟ ਤੋਂ ਰਿਪੀਟ ਨਹੀਂ ਕੀਤਾ। ਸੰਤੋਖ ਸਿੰਘ ਚੌਧਰੀ ਨੂੰ ਸਭ ਤੋਂ ਵੱਡੀ ਚੁਣੌਤੀ ਮਿਲ ਸਕਦੀ ਹੈ ਪੱਛਮੀ ਹਲਕੇ ਤੋਂ ਵਿਧਾਇਕ ਅਤੇ ਯੂਥ ਨੇਤਾ ਸੁਸ਼ੀਲ ਰਿੰਕੂ ਤੋ। ਲੋਕਾਂ ਦੇ ਹਿੱਤ 'ਚ ਖੜ੍ਹੇ ਹੋਣ ਵਾਲੇ ਸੁਸ਼ੀਲ ਰਿੰਕੂ ਦੀ ਲੋਕਪ੍ਰਿਯਤਾ ਬਹੁਤ ਤੇਜ਼ੀ ਨਾਲ ਵਧੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਰਿੰਕੂ ਅਤੇ ਉਨ੍ਹਾਂ ਦਾ ਪਰਿਵਾਰ ਅੱਜ ਤੱਕ ਜੋ ਵੀ ਚੋਣ ਲੜਿਆ ਹੈ, ਉਹ ਜਿੱਤਿਆ ਹੈ। ਇਸ ਤਰ੍ਹਾਂ ਸੰਤੋਖ ਸਿੰਘ ਚੌਧਰੀ ਦੀ ਟਿਕਟ ਨੂੰ ਦੂਜੀ ਚੁਣੌਤੀ ਮਿਲ ਸਕਦੀ ਹੈ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇ.ਪੀ. ਤੋਂ। ਕੇ.ਪੀ. 2009 ਤੋਂ 2014 ਤੱਕ ਜਲੰਧਰ ਦੇ ਸੰਸਦ ਮੈਂਬਰ ਰਹੇ ਹਨ। ਕੇ.ਪੀ. ਪਰਿਵਾਰ ਦੀ ਵੀ ਜਲੰਧਰ 'ਚ ਚੰਗੀ ਪੈਠ ਰਹੀ ਹੈ। ਕਾਂਗਰਸ ਸਰਕਾਰ 'ਚ ਕੈਬਨਿਟ ਮੰਤਰੀ ਰਹਿਣ ਤੋਂ ਇਲਾਵਾ ਕੇ.ਪੀ. ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੂੰ ਰਾਹੁਲ ਗਾਂਧੀ ਦੇ ਕਾਫੀ ਕਰੀਬ ਮੰਨਿਆ ਜਾਂਦਾ ਹੈ। ਦਾਅਵੇਦਾਰ ਦੇ ਰੂਪ 'ਚ ਤੀਜੀ ਚੁਣੌਤੀ ਸਾਬਕਾ ਸੰਸਦ ਮੈਂਬਰ ਸੰਤੋਸ਼ ਚੌਧਰੀ ਤੋਂ ਵੀ ਮਿਲ ਸਕਦੀ ਹੈ ਪਰ ਉਨ੍ਹਾਂ ਦੀ ਦਾਅਵੇਦਾਰੀ ਇੰਨੀ ਮਜ਼ਬੂਤ ਦਿਖਾਈ ਨਹੀਂ ਦਿੰਦੀ।

ਜ਼ਿਕਰਯੋਗ ਹੈ ਕਿ 2014 'ਚ ਕਾਂਗਰਸ ਦੇ ਸੰਤੋਖ ਸਿੰਘ ਚੌਧਰੀ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਦੇ ਪਵਨ ਕੁਮਾਰ ਟੀਨੂੰ ਖੜ੍ਹੇ ਸਨ ਜੋ ਚੋਣਾਂ ਹਾਰ ਗਏ ਸਨ। ਸੰਤੋਖ ਸਿੰਘ ਚੌਧਰੀ ਨੇ ਕੁੱਲ 70981 ਵੋਟਾਂ ਨਾਲ ਪਵਨ ਕੁਮਾਰ ਨੂੰ ਹਰਾਇਆ ਸੀ। ਸੰਤੋਖ ਸਿੰਘ ਨੂੰ 380479 ਵੋਟਾਂ ਮਿਲੀਆਂ ਸਨ ਅਤੇ ਪਵਨ ਕੁਮਾਰ ਨੂੰ 309498 ਵੋਟਾਂ ਪ੍ਰਾਪਤ ਹੋਈਆਂ ਸਨ। ਉਸ ਤੋਂ ਪਹਿਲਾਂ 2009 'ਚ ਕਾਂਗਰਸ ਦੇ ਮੋਹਿੰਦਰ ਸਿੰਘ ਕੇ.ਪੀ. ਨੂੰ ਸ਼੍ਰੋਮਣੀ ਅਕਾਲੀ ਦਲ ਦੇ ਹੰਸ ਰਾਜ ਹੰਸ ਨੇ ਟੱਕਰ ਦਿੱਤੀ ਸੀ। ਜਿਸ 'ਚ ਕੇ.ਪੀ. ਦੀ ਜਿੱਤ ਹੋਈ ਸੀ ਅਤੇ ਹੰਸ ਰਾਜ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। 2009 ਦੀਆਂ ਲੋਕ ਸਭਾ ਚੋਣਾਂ 'ਚ ਕੇ.ਪੀ. ਨੂੰ 408103 ਵੋਟਾਂ ਪ੍ਰਾਪਤ ਹੋਈਆਂ ਸਨ, ਉੱਥੇ ਹੀ ਹੰਸ ਰਾਜ ਨੂੰ 371658 ਵੋਟਾਂ ਮਿਲੀਆਂ ਸਨ। ਉੱਥੇ ਹੀ 2004 ਦੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਵੱਲੋਂ ਰਾਣਾ ਗੁਰਜੀਤ ਸਿੰਘ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਦੇ ਨਰੇਸ਼ ਗੁਜਰਾਲ ਖੜ੍ਹੇ ਸਨ। ਨਰੇਸ਼ ਗੁਜਰਾਲ ਨੂੰ ਗੁਜਰੀਤ ਸਿੰਘ ਦੇ ਹੱਥੋਂ ਹਾਰ ਦਾ ਮੂੰਹ ਦੇਖਣਾ ਪਿਆ ਸੀ। ਗੁਰਜੀਤ ਨੂੰ 344619 ਵੋਟਾਂ ਮਿਲੀਆਂ ਸਨ ਅਤੇ ਨਰੇਸ਼ ਗੁਜਰਾਲ ਨੂੰ 311156 ਪ੍ਰਾਪਤ ਹੋਈਆਂ ਸਨ।


DIsha

Content Editor

Related News