ਜਲੰਧਰ ਲੋਕ ਸਭਾ ਸੀਟ ਦੇ ਸਿਆਸੀ ਸਮੀਕਰਨ ਬਦਲਣ ਵਾਲੇ ਸੁਸ਼ੀਲ ਰਿੰਕੂ ਦੇ ਸਿਆਸੀ ਸਫ਼ਰ ''ਤੇ ਇਕ ਝਾਤ
Saturday, May 13, 2023 - 05:14 PM (IST)
ਜਲੰਧਰ (ਵੈੱਬ ਡੈਸਕ)- ਜਲੰਧਰ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕਰ ਲਈ ਹੈ। 'ਆਪ' ਉਮੀਦਵਾਰ ਸੁਸ਼ੀਲ ਰਿੰਕੂ ਨੇ 60 ਹਜ਼ਾਰ ਵੋਟਾਂ ਦੇ ਫਰਕ ਨਾਲ ਕਾਂਗਰਸ ਦੇ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੂੰ ਹਰਾਇਆ ਹੈ। ਸੁਸ਼ੀਲ ਕੁਮਾਰ ਰਿੰਕੂ ਨੂੰ 302097 ਵੋਟਾਂ ਪਈਆਂ ਹਨ ਜਦਕਿ ਕਰਮਜੀਤ ਕੌਰ ਨੂੰ 243450 ਵੋਟਾਂ ਹਾਸਲ ਹੋਈਆਂ। ਉਥੇ ਹੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਸੁੱਖੀ 158354 ਵੋਟਾਂ ਨਾਲ ਤੀਜੇ ਸਥਾਨ 'ਤੇ ਰਹੇ ਅਤੇ ਭਾਜਪਾ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ 134706 ਵੋਟਾਂ ਨਾਲ ਚੌਥੇ ਨੰਬਰ 'ਤੇ ਰਹੇ। ਕਾਂਗਰਸ ਦਾ ਕਿਲ੍ਹਾ ਢਾਹੁਣ ਵਾਲੇ ਸੁਸ਼ੀਲ ਕੁਮਾਰ ਰਿੰਕੂ ਨੇ ਜਲੰਧਰ ਲੋਕ ਸਭਾ ਸੀਟ 'ਤੇ ਵੱਡੀ ਜਿੱਤ ਦਰਜ ਕਰਕੇ ਇਤਿਹਾਸ ਰਚ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਕਾਂਗਰਸ ਪਿਛਲੀਆਂ ਚੋਣਾਂ ਦੌਰਾਨ 4 ਵਾਰ ਇਸ ਸੀਟ 'ਤੇ ਜਿੱਤ ਹਾਸਲ ਕਰਦੀ ਆ ਰਹੀ ਸੀ। ਕਾਂਗਰਸ ਦੇ ਇਸ ਗੜ੍ਹ 'ਚ 'ਆਪ' ਸ਼ੁਰੂ ਤੋਂ ਹੀ ਅੱਗੇ ਚੱਲ ਰਹੀ ਸੀ। ‘ਆਪ’ ਉਮੀਦਵਾਰ ਰਿੰਕੂ ਦੇ ਘਰ ਵੀ ਵਰਕਰਾਂ ਦਾ ਇਕੱਠ ਸ਼ੁਰੂ ਹੋ ਗਿਆ ਹੈ। ਸਮਰਥਕਾਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਪਈ ਹੈ ਅਤੇ ਲੋਕਾਂ ਵੱਲੋਂ ਜਸ਼ਨ ਮਨਾਇਆ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਕਾਂਗਰਸ ਦੇ ਗੜ੍ਹ 'ਤੇ 'ਆਪ' ਦਾ ਕਬਜ਼ਾ, ਸੁਸ਼ੀਲ ਕੁਮਾਰ ਰਿੰਕੂ ਨੇ ਵੱਡੀ ਜਿੱਤ ਦਰਜ ਕਰਕੇ ਰਚਿਆ ਇਤਿਹਾਸ
ਸੁਸ਼ੀਲ ਕੁਮਾਰ ਰਿੰਕੂ ਦਾ ਸਿਆਸੀ ਸਫ਼ਰ
ਲੰਬੇ ਸਮੇਂ ਤੱਕ ਕਾਂਗਰਸ ਵਿੱਚ ਰਹੇ ਸੁਸ਼ੀਲ ਕੁਮਾਰ ਰਿੰਕੂ 5 ਅਪ੍ਰੈਲ ਨੂੰ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਨੂੰ 'ਆਪ' ਪਾਰਟੀ ਨੇ ਜ਼ਿਮਨੀ ਚੋਣ ਦਾ ਉਮੀਦਵਾਰ ਐਲਾਨਿਆ ਸੀ ਅਤੇ ਅੱਜ ਵੱਡੀ ਲੀਡ ਨਾਲ ਉਨ੍ਹਾਂ ਨੇ ਜਿੱਤ ਵੀ ਹਾਸਲ ਕੀਤੀ। ਸੁਸ਼ੀਲ ਕੁਮਾਰ ਰਿੰਕੂ ਦੇ ਪਿਤਾ ਲੰਬੇ ਸਮੇਂ ਤੱਕ ਕਾਂਗਰਸ ਦੇ ਕੌਂਸਲਰ ਰਹੇ ਸਨ। ਉਸ ਤੋਂ ਬਾਅਦ ਸੁਸ਼ੀਲ ਰਿੰਕੂ ਵੀ ਦੋ ਵਾਰ ਕੌਂਸਲਰ ਰਹੇ ਅਤੇ ਇਕ ਵਾਰ ਉਨ੍ਹਾਂ ਦੀ ਪਤਨੀ ਵੀ ਕੌਂਸਲਰ ਰਹੀ। ਜਲੰਧਰ ਪੱਛਮੀ ਦੀ ਵਿਧਾਨ ਸਭਾ ਸੀਟ ਤੋਂ ਸੁਸ਼ੀਲ ਰਿੰਕੂ ਨੇ ਪਹਿਲੀ ਵਾਰ ਚੋਣ ਲੜੀ ਸੀ। ਇਸ ਸੀਟ 'ਤੇ ਪਹਿਲਾਂ ਕਾਂਗਰਸ ਦੇ ਸੀਨੀਅਰ ਆਗੂ ਮੋਹਿੰਦਰ ਕੇਪੀ ਚੋਣ ਲੜਿਆਂ ਕਰਦੇ ਸਨ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਦੀ ਟਿਕਟ ਬਦਲ ਕੇ ਜਲੰਧਰ ਪੱਛਮੀ ਸੀਟ ਸੁਸ਼ੀਲ ਕੁਮਾਰ ਰਿੰਕੂ ਨੂੰ ਦਿੱਤੀ ਗਈ ਸੀ। ਸੁਸ਼ੀਲ ਰਿੰਕੂ ਨੇ ਅਕਾਲੀ-ਭਾਜਪਾ ਸਰਕਾਰ ਵਿੱਚ ਮੰਤਰੀ ਰਹੇ ਭਗਤ ਚੁੰਨੀ ਲਾਲ ਦੇ ਪੁੱਤਰ ਮੋਹਿੰਦਰ ਪਾਲ ਭਗਤ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਸੀ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਲੰਧਰ ਪੱਛਮੀ ਤੋਂ ਮੌਜੂਦਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਸੁਸ਼ੀਲ ਰਿੰਕੂ ਨੂੰ ਹਰਾਇਆ ਸੀ ਪਰ ਸ਼ਾਇਦ ਸਿਆਸਤ ਇਸ ਨੂੰ ਕਹਿੰਦੇ ਨੇ ਵਿਧਾਨ ਸਭਾ ਚੋਣਾਂ ਮੌਕੇ ਸੁਸ਼ੀਲ ਰਿੰਕੂ ਅਤੇ 'ਆਪ' ਵਿਧਾਇਕ ਸ਼ੀਤਲ ਅਗੁੰਰਾਲ ਆਹਮੋ-ਸਾਹਮਣੇ ਸਨ। ਹੁਣ ਜ਼ਿਮਨੀ ਚੋਣਾਂ ਮੌਕੇ ਸ਼ੀਤਲ ਅੰਗੁਰਾਲ ਸੁਸ਼ੀਲ ਰਿੰਕੂ ਦੇ ਹੱਕ 'ਚ ਪ੍ਰਚਾਰ ਕਰਦੇ ਨਜ਼ਰ ਆਏ। ਜੇਕਰ ਮੁਕਾਬਲੇ ਦੀ ਗੱਲ ਕੀਤੀ ਜਾਵੇ ਤਾਂ ਸੁਸ਼ੀਲ ਰਿੰਕੂ ਦਾ ਮੁਕਾਬਲਾ ਆਪਣੀ ਹੀ ਸਾਬਕਾ ਪਾਰਟੀ ਦੇ ਉਮੀਦਵਾਰ ਬੀਬੀ ਕਰਮਜੀਤ ਕੌਰ ਚੌਧਰੀ ਨਾਲ ਸੀ।
ਗੌਰਤਲਬ ਹੈ ਕਿ ਪੰਜਾਬ ਵਿੱਚ ਜੋ ਮੌਜੂਦਾ ਹਾਲਾਤ ਬਣੇ ਹਨ, ਉਸ ਵਿੱਚ ਸਭ ਤੋਂ ਵੱਡੀ ਪ੍ਰੀਖਿਆ ਸੱਤਾਧਾਰੀ ਪਾਰਟੀ, ਆਮ ਆਦਮੀ ਪਾਰਟੀ ਦੀ ਸੀ। ਆਮ ਆਦਮੀ ਪਾਰਟੀ ਜਦੋਂ ਸੱਤਾ ਵਿੱਚ ਆਈ ਸੀ ਤਾਂ ਉਸ ਨੂੰ ਸੰਗਰੂਰ ਦੀ ਜ਼ਿਮਨੀ ਚੋਣ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਵਿੱਚ ਉਨ੍ਹਾਂ ਦੀ ਵੱਡੀ ਹਾਰ ਹੋਈ ਸੀ। ਅਜਿਹੇ ਵਿੱਚ ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਲਈ ਵੱਡੀ ਅਗਨੀ ਪ੍ਰੀਖਿਆ ਸੀ ਅਤੇ ਵੱਕਾਰ ਦਾ ਸਵਾਲ ਸੀ ਕਿ ਜੇ ਕਾਂਗਰਸ ਜਲੰਧਰ ਦੀ ਜ਼ਿਮਨੀ ਚੋਣ ਜਿੱਤਦੀ ਹੈ ਤਾਂ ਦੇਸ਼ ਵਿੱਚ ਇਹ ਮੈਸੇਜ ਜਾਵੇਗਾ ਕਿ ਕਾਂਗਰਸ ਮੁੜ ਉੱਠ ਖੜ੍ਹੀ ਹੋ ਸਕਦੀ ਹੈ।
ਇਨ੍ਹਾਂ ਉਮੀਦਵਾਰਾਂ ਵਿਚ ਸੀ ਮੁੱਖ ਮੁਕਾਬਲਾ
ਦੱਸਣਯੋਗ ਹੈ ਕਿ ਜਲੰਧਰ ਜ਼ਿਮਨੀ ਚੋਣ ਲਈ ਮੁੱਖ ਮੁਕਾਬਲਾ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ, ਕਾਂਗਰਸ ਦੇ ਉਮੀਦਵਾਰ ਕਰਮਜੀਤ ਕੌਰ ਚੌਧਰੀ, ਅਕਾਲੀ ਦਲ-ਬਸਪਾ ਦੇ ਉਮੀਦਵਾਰ ਸੁਖਵਿੰਦਰ ਕੁਮਾਰ ਸੁਖੀ ਅਤੇ ਭਾਜਪਾ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਵਿਚਾਲੇ ਹੋ ਰਿਹਾ ਹੈ।
ਜਾਣੋ ਕਿਹੜੇ-ਕਿਹੜੇ ਹਲਕੇ ਵਿਚ ਕਿੰਨੇ ਫ਼ੀਸਦੀ ਹੋਈ ਸੀ ਪੋਲਿੰਗ
ਇਥੇ ਦੱਸਣਯੋਗ ਹੈ ਕਿ 10 ਮਈ ਨੂੰ ਜਲੰਧਰ ਜ਼ਿਮਨੀ ਚੋਣ ਵਿਚ ਜਲੰਧਰ ਵਿਚ ਕੁੱਲ 54.4 ਫ਼ੀਸਦੀ ਵੋਟਿੰਗ ਹੋਈ ਸੀ। ਜੇਕਰ 9 ਹਲਕਿਆਂ ਮੁਤਾਬਕ ਗੱਲ ਕੀਤੀ ਜਾਵੇ ਤਾਂ ਕਰਤਾਰਪੁਰ ਹਲਕੇ ਵਿਚ 57.40, ਜਲੰਧਰ ਕੈਂਟ ਵਿਚ 49.70 ਫ਼ੀਸਦੀ, ਆਦਮਪੁਰ ਵਿਚ 54 ਫ਼ੀਸਦੀ, ਜਲੰਧਰ ਕੇਂਦਰੀ 48.90 ਫ਼ੀਸਦੀ, ਜਲੰਧਰ ਉੱਤਰੀ 54.40 ਫ਼ੀਸਦੀ, ਜਲੰਧਰ ਪੱਛਮੀ 56.50 ਫ਼ੀਸਦੀ, ਨਕੋਦਰ 55.90 ਫ਼ੀਸਦੀ, ਫਿਲੌਰ 55.80 ਫ਼ੀਸਦੀ, ਸ਼ਾਹਕੋਟ 57.40 ਫ਼ੀਸਦੀ ਪੋਲਿੰਗ ਹੋਈ ਸੀ।
ਇਹ ਖ਼ਬਰ ਵੀ ਪੜ੍ਹੋ - ਜ਼ਿਮਨੀ ਚੋਣ ਜਿੱਤਣ ਮਗਰੋਂ ਬਾਗੋ-ਬਾਗ ਹੋਏ ਸੁਸ਼ੀਲ ਕੁਮਾਰ ਰਿੰਕੂ, ਪਹਿਲਾ ਬਿਆਨ ਆਇਆ ਸਾਹਮਣੇ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।