ਜਲੰਧਰ ਜ਼ਿਮਨੀ ਚੋਣ 'ਚ ਹਿੰਦੂ ਵੋਟ ਬੈਂਕ ਅਤੇ ਆਦਮਪੁਰ ਏਅਰਪੋਰਟ ਤਾਂ ਨਹੀਂ ਲੈ ਡੁੱਬਿਆ ਭਾਜਪਾ ਨੂੰ?
Sunday, May 14, 2023 - 04:46 PM (IST)
ਜਲੰਧਰ (ਅਨਿਲ ਪਾਹਵਾ)- ਜਲੰਧਰ ’ਚ ਲੋਕ ਸਭਾ ਉਪ-ਚੋਣ ਦੌਰਾਨ ਸਭ ਤੋਂ ਪਿੱਛੇ ਜੇ ਕੋਈ ਪਾਰਟੀ ਰਹੀ ਤਾਂ ਉਹ ਹੈ ਭਾਰਤੀ ਜਨਤਾ ਪਾਰਟੀ। ਕੇਂਦਰ ਦੇ ਕਈ ਮੰਤਰੀ, ਨੇਤਾ ਪੂਰੇ ਲਾਮ-ਲਸ਼ਕਰ ਨਾਲ ਹੋਟਲਾਂ ਵਿਚ ਬੈਠੇ ਰਹੇ ਪਰ ਜਲੰਧਰ ਦੇ ਲੋਕਾਂ ਤਕ ਪਾਰਟੀ ਨੂੰ ਵੋਟ ਪਾਉਣ ਲਈ ਜ਼ਰੂਰੀ ਤੇ ਪ੍ਰਭਾਵਸ਼ਾਲੀ ਕੋਸ਼ਿਸ਼ਾਂ ਨਹੀਂ ਕਰ ਸਕੇ। ਭਾਜਪਾ ਦੇ ਜਲੰਧਰ ਤੋਂ ਚੌਥੇ ਨੰਬਰ ’ਤੇ ਰਹਿਣ ਦੇ ਪਿੱਛੇ ਕੁਝ ਵੱਡੇ ਕਾਰਨ ਹਨ, ਜਿਨ੍ਹਾਂ ਉੱਪਰ ਪਾਰਟੀ ਲਈ ਚਿੰਤਨ ਕਰਨਾ ਜ਼ਰੂਰੀ ਹੈ। ਖਾਸ ਤੌਰ ’ਤੇ ਹਿੰਦੂ ਵੋਟ ਅਤੇ ਆਦਮਪੁਰ ਏਅਰਪੋਰਟ ਵਰਗੇ ਮੁੱਦੇ ਭਾਜਪਾ ਲਈ ਗਲੇ ਦੀ ਹੱਡੀ ਬਣ ਗਏ ਹਨ।
ਇਸ ਤੋਂ ਇਲਾਵਾ ਹਿਮਾਚਲ ਦੇ ਮਾਤਾ ਚਿੰਤਪੂਰਨੀ, ਮਾਂ ਜਵਾਲਾ ਜੀ, ਸ਼੍ਰੀ ਬਗਲਾਮੁਖੀ, ਕਾਂਗੜਾ ਦੇਵੀ, ਚਾਮੁੰਡਾ ਦੇਵੀ ਸਮੇਤ ਕਈ ਪ੍ਰਮੁੱਖ ਧਾਰਮਿਕ ਸਥਾਨਾਂ ਤੇ ਸੈਰਗਾਹਾਂ ਵੱਲ ਜਾਣ ਲਈ ਹੁਸ਼ਿਆਰਪੁਰ ਰੋਡ ਮੁੱਖ ਸੜਕ ਹੈ ਪਰ ਇਸ ਸੜਕ ਦੀ ਹਾਲਤ ਪਿਛਲੇ ਕਈ ਦਿਨਾਂ ਤੋਂ ਬਹੁਤ ਖ਼ਰਾਬ ਹੈ। ਇਸ ਤੋਂ ਇਲਾਵਾ ਆਦਮਪੁਰ ਦੇ ਫਲਾਈਓਵਰ ਦਾ ਕੰਮ ਕਈ ਸਾਲਾਂ ਤੋਂ ਰੁਕਿਆ ਪਿਆ ਹੈ ਪਰ ਕੇਂਦਰ ਦੀ ਭਾਜਪਾ ਸਰਕਾਰ ਇਸ ਮਾਮਲੇ ਵਿਚ ਅਸਫਲ ਸਾਬਤ ਹੋਈ ਹੈ ਅਤੇ ਲੋਕਾਂ ਨੂੰ ਸਹੂਲਤਾਂ ਨਹੀਂ ਦੇ ਸਕੀ, ਜਿਸ ਦਾ ਨੁਕਸਾਨ ਭਾਜਪਾ ਨੂੰ ਇਨ੍ਹਾਂ ਚੋਣਾਂ ਵਿਚ ਹੋਇਆ।
ਭਾਜਪਾ ਦੇ ਪਿੱਛੇ ਹਿੰਦੂ ਵੋਟ ਬੈਂਕ ਪੱਕੀ ਚੱਟਾਨ ਵਾਂਗ ਖੜ੍ਹਾ ਰਿਹਾ ਹੈ ਪਰ ਭਾਜਪਾ ਨੇ ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿਚ ਆਪਣੇ ਤੌਰ-ਤਰੀਕੇ ਬਦਲ ਲਏ ਹਨ। ਪਾਰਟੀ ਹਿੰਦੂ ਵੋਟ ਬੈਂਕ ਨੂੰ ਛੱਡ ਕੇ ਹੁਣ ਸਿੱਖ ਸਿਆਸਤ ਨੂੰ ਵੀ ਐਕਟਿਵ ਕਰਨ ’ਚ ਲੱਗੀ ਹੋਈ ਹੈ ਪਰ ਇਕ ਸ਼ਾਇਰ ਦੀ ਉਹ ਗੱਲ ਕਿ ‘ਨਾ ਖੁਦਾ ਹੀ ਮਿਲਾ, ਨਾ ਵਿਸਾਲ-ਏ-ਸਨਮ’ ਭਾਜਪਾ ’ਤੇ ਠੀਕ ਬੈਠਦੀ ਹੈ। ਸਿੱਖ ਵੋਟ ਬੈਂਕ ਤਾਂ ਮਿਲਿਆ ਨਹੀਂ, ਹਿੰਦੂ ਵੋਟ ਬੈਂਕ ਵੀ ਹੱਥੋਂ ਨਿਕਲਦਾ ਨਜ਼ਰ ਆ ਰਿਹਾ ਹੈ। ਬਾਦਲ ਤੇ ਕੈਪਟਨ ਦੀਆਂ ਸਰਕਾਰਾਂ ਵਿਚ ਹਿੰਦੂ ਦਾ ਉਂਝ ਹੀ ਤਿਰਸਕਾਰ ਹੁੰਦਾ ਰਿਹਾ ਹੈ ਪਰ ਆਮ ਆਦਮੀ ਪਾਰਟੀ ਨੇ ਪਿਛਲੇ ਕੁਝ ਸਮੇਂ ਵਿਚ ਹਿੰਦੂ ਵਰਗ ਨੂੰ ਆਪਣੇ ਨਾਲ ਜੋੜਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਖ਼ਾਸ ਤੌਰ ’ਤੇ ਪਾਰਟੀ ਦੇ ਕੌਮੀ ਮੁਖੀ ਅਰਵਿੰਦ ਕੇਜਰੀਵਾਲ ਤਾਂ ਹਿੰਦੂ ਹਨ ਹੀ, ਨਾਲ ਹੀ ਪੰਜਾਬ ਇੰਚਾਰਜ ਰਾਘਵ ਚੱਢਾ ਦੇ ਨਾਲ-ਨਾਲ ਪੰਜਾਬ ਦੇ ਪ੍ਰਮੁੱਖ ਅਹੁਦਿਆਂ ’ਤੇ ਤਾਇਨਾਤ ਉੱਚ ਅਧਿਕਾਰੀ ਵੀ ਹਿੰਦੂ ਭਾਈਚਾਰੇ ਨਾਲ ਸਬੰਧਤ ਹਨ, ਜਿਸ ਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਮਿਲਿਆ।
ਇਹ ਵੀ ਪੜ੍ਹੋ - ਜਲੰਧਰ ਜ਼ਿਮਨੀ ਚੋਣ: ਪੰਜਾਬ ਨੇ ਆਮ ਆਦਮੀ ਪਾਰਟੀ ਲਈ ਫਿਰ ਖੋਲ੍ਹੇ ਲੋਕ ਸਭਾ ਦੇ ਦਰਵਾਜ਼ੇ
ਇਸ ਤੋਂ ਇਲਾਵਾ ਜਲੰਧਰ ਦੇ ਆਦਮਪੁਰ ਇਲਾਕੇ ਵਿਚ ਕੁਝ ਦੇਰ ਪਹਿਲਾਂ ਏਅਰਪੋਰਟ ਤੋਂ ਘਰੇਲੂ ਜਹਾਜ਼ ਸੇਵਾ ਸ਼ੁਰੂ ਕੀਤੀ ਗਈ ਸੀ, ਜੋ ਜਲੰਧਰ ਤੋਂ ਦਿੱਲੀ ਦਰਮਿਆਨ ਚੱਲਦੀ ਸੀ। ਜਲੰਧਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਕਈ ਵਪਾਰੀ ਦਿੱਲੀ, ਮੁੰਬਈ ਅਤੇ ਗੁਜਰਾਤ ’ਚ ਅਕਸਰ ਵਪਾਰ ਦੇ ਸਿਲਸਿਲੇ ਵਿਚ ਆਉਂਦੇ-ਜਾਂਦੇ ਹਨ ਅਤੇ ਆਦਮਪੁਰ ਦੀ ਉਹ ਫਲਾਈਟ ਕੋਰੋਨਾ ਕਾਲ ਤੋਂ ਬੰਦ ਹੈ, ਜਿਸ ਕਾਰਨ ਵਪਾਰੀਆਂ ਨੂੰ ਕਈ ਦਿੱਕਤਾਂ ਆ ਰਹੀਆਂ ਹਨ। ਕਾਫ਼ੀ ਦੇਰ ਤੋਂ ਵਪਾਰੀ ਇਸ ਏਅਰਪੋਰਟ ਨੂੰ ਐਕਟਿਵ ਕਰਨ ਦੀ ਮੰਗ ਕਰ ਰਹੇ ਹਨ ਪਰ ਕੇਂਦਰੀ ਲੀਡਰਸ਼ਿਪ ’ਤੇ ਕੋਈ ਅਸਰ ਨਹੀਂ ਪੈ ਰਿਹਾ ਅਤੇ ਸ਼ਾਇਦ ਇਸ ਦਾ ਖਾਮਿਆਜ਼ਾ ਪਾਰਟੀ ਨੇ ਜਲੰਧਰ ਦੀ ਲੋਕ ਸਭਾ ਉਪ-ਚੋਣ ਵਿਚ ਭੁਗਤਿਆ।
ਹਿੰਦੂ ਵੋਟ ਨੂੰ ਕੰਸੋਲੀਡੇਟ ਨਹੀਂ ਕਰ ਸਕੀ ਭਾਜਪਾ
ਅਕਾਲੀ ਦਲ ਨਾਲੋਂ ਵੱਖ ਹੋਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਵਿਧਾਨ ਸਭਾ ਚੋਣ ਨਾਲੋਂ ਦੁੱਗਣੀ ਤਾਕਤ ਜਲੰਧਰ ਲੋਕ ਸਭਾ ਸੀਟ ਦੀ ਉਪ-ਚੋਣ ਵਿਚ ਲਾਈ ਸੀ ਪਰ ਪਾਰਟੀ ਇਸ ਚੋਣ ਵਿਚ ਜਲੰਧਰ ਦੇ ਹਿੰਦੂ ਵੋਟਰਾਂ ਨੂੰ ਇਕਜੁਟ ਕਰਨ ਵਿਚ ਨਾਕਾਮਯਾਬ ਰਹੀ। ਚੋਣ ਪ੍ਰਚਾਰ ਦੌਰਾਨ ਭਾਜਪਾ ਨੇ ਲਗਭਗ ਅੱਧਾ ਦਰਜਨ ਕੇਂਦਰੀ ਮੰਤਰੀਆਂ ਤੋਂ ਇਲਾਵਾ ਹੰਸ ਰਾਜ ਹੰਸ, ਮਨੋਜ ਤਿਵਾਰੀ ਵਰਗੇ ਆਪਣੇ ਸੰਸਦ ਮੈਂਬਰਾਂ ਨੂੰ ਵੀ ਪ੍ਰਚਾਰ ਲਈ ਉਤਾਰਿਆ ਅਤੇ ਆਰ. ਐੱਸ. ਐੱਸ. ਦੀ ਮਸ਼ੀਨਰੀ ਵੀ ਆਪਣੇ ਪੱਧਰ ’ਤੇ ਚੋਣ ਵਿਚ ਕੰਮ ਕਰ ਰਹੀ ਸੀ ਪਰ ਇਸ ਦੇ ਬਾਵਜੂਦ ਭਾਜਪਾ ਸ਼ਹਿਰੀ ਵੋਟਰ ਨੂੰ ਆਪਣੇ ਪੱਖ ਵਿਚ ਨਹੀਂ ਕਰ ਸਕੀ। ਭਾਜਪਾ ਅਤੇ ਸੰਘ ਦੇ ਲਗਭਗ 10 ਹਜ਼ਾਰ ਕਰਮਚਾਰੀਆਂ ਦੀ ਡਿਊਟੀ ਇਸ ਚੋਣ ਵਿਚ ਲੱਗੀ ਸੀ ਪਰ ਨਤੀਜਾ ਜ਼ਮਾਨਤ ਜ਼ਬਤ ਕਰਵਾਉਣ ਦੇ ਰੂਪ ਵਿਚ ਸਾਹਮਣੇ ਆਇਆ। ਪਾਰਟੀ ਨੂੰ ਚੋਣ ਵਿਚ ਜ਼ਮਾਨਤ ਬਚਾਉਣ ਲਈ 16.66 ਫੀਸਦੀ ਵੋਟਾਂ ਦੀ ਲੋੜ ਸੀ ਪਰ ਉਸ ਨੂੰ 15.2 ਫੀਸਦੀ ਵੋਟਾਂ ਹਾਸਲ ਹੋਈਆਂ।
ਇਹ ਵੀ ਪੜ੍ਹੋ - ਜਲੰਧਰ ਜ਼ਿਮਨੀ ਚੋਣ 'ਚ CM ਭਗਵੰਤ ਮਾਨ ਦਾ ਚੱਲਿਆ ਜਾਦੂ, 8 ਦਿਨਾਂ ਤੱਕ ਕੀਤਾ ਪ੍ਰਚਾਰ
2 ਸੀਟਾਂ ਬਚਾਉਣ ’ਚ ਕਾਮਯਾਬ ਰਹੀ ਪਾਰਟੀ, 4 ਫ਼ੀਸਦੀ ਵੋਟਾਂ ਵਧੀਆਂ
ਹਾਲਾਂਕਿ ਭਾਜਪਾ ਇਸ ਚੋਣ ਦੌਰਾਨ ਆਪਣੀਆਂ 2 ਰਵਾਇਤੀ ਸੀਟਾਂ ਜਲੰਧਰ ਨਾਰਥ ਅਤੇ ਜਲੰਧਰ ਸੈਂਟਰਲ ਨੂੰ ਬਚਾਉਣ ਵਿਚ ਕਾਮਯਾਬ ਰਹੀ। ਨਾਰਥ ਸੀਟ ’ਤੇ ਉਸ ਨੂੰ 31590 ਵੋਟਾਂ ਹਾਸਲ ਹੋਈਆਂ ਜਦੋਂਕਿ ਆਮ ਆਦਮੀ ਪਾਰਟੀ ਨੂੰ ਇੱਥੇ 30290 ਵੋਟਾਂ ਮਿਲੀਆਂ। ਇੰਝ ਜਲੰਧਰ ਸੈਂਟਰਲ ਹਲਕੇ ਵਿਚ ਭਾਜਪਾ ਨੂੰ 25259 ਵੋਟਾਂ ਮਿਲੀਆਂ ਜਦੋਂਕਿ ‘ਆਪ’ ਨੂੰ ਇੱਥੇ 24714 ਵੋਟਾਂ ਮਿਲੀਆਂ। ਇਨ੍ਹਾਂ ਦੋਵਾਂ ਸੀਟਾਂ ਤੋਂ ਇਲਾਵਾ ਜਲੰਧਰ ਵੈਸਟ ਸੀਟ ਭਾਜਪਾ ਦੀ ਰਵਾਇਤੀ ਸੀਟ ਰਹੀ ਹੈ। ਉਸ ਨੂੰ ਇਸ ਸੀਟ ’ਤੇ 21826 ਵੋਟਾਂ ਮਿਲੀਆਂ ਜਦੋਂਕਿ ‘ਆਪ’ ਨੂੰ ਇੱਥੇ 35288 ਵੋਟਾਂ ਹਾਸਲ ਹੋਈਆਂ ਅਤੇ ਇਹ ਸੀਟ ਭਾਜਪਾ ਹਾਰ ਗਈ। ਕੈਂਟ ਸੀਟ ’ਤੇ ਭਾਜਪਾ ਨੂੰ 17781 ਵੋਟਾਂ ਮਿਲੀਆਂ ਅਤੇ ਸ਼ਹਿਰੀ ਸੀਟਾਂ ’ਤੇ ਉਸ ਨੂੰ ਕੁਲ 96415 ਵੋਟਾਂ ਹਾਸਲ ਹੋਈਆਂ ਜਦੋਂਕਿ ਬਾਕੀ ਪੇਂਡੂ ਸੀਟਾਂ ਨੂੰ ਮਿਲਾ ਕੇ ਭਾਜਪਾ ਨੂੰ 134800 ਵੋਟਾਂ ਹਾਸਲ ਹੋਈਆਂ। 2022 ਵਿਚ ਭਾਜਪਾ ਨੇ ਪੰਜਾਬ ਲੋਕ ਕਾਂਗਰਸ ਤੇ ਅਕਾਲੀ ਦਲ ਸੰਯੁਕਤ ਦੇ ਨਾਲ ਮਿਲ ਕੇ ਵਿਧਾਨ ਸਭਾ ਚੋਣ ਲੜੀ ਸੀ ਅਤੇ ਇਨ੍ਹਾਂ ਚੋਣਾਂ ਵਿਚ ਜਲੰਧਰ ਲੋਕ ਸਭਾ ਸੀਟ ਤਹਿਤ ਆਉਣ ਵਾਲੀਆਂ 9 ਵਿਧਾਨ ਸਭਾ ਸੀਟਾਂ ਵਿਚ ਉਸ ਨੂੰ ਲਗਭਗ 129500 ਵੋਟਾਂ ਹਾਸਲ ਹੋਈਆਂ ਸਨ। ਉਨ੍ਹਾਂ ਚੋਣਾਂ ਵਿਚ ਜਲੰਧਰ ਲੋਕ ਸਭਾ ਸੀਟ ’ਤੇ ਕੁਲ 1121349 ਵੋਟਾਂ ਪਈਆਂ ਸਨ ਜਿਨ੍ਹਾਂ ਵਿਚੋਂ ਲਗਭਗ 11.5 ਫ਼ੀਸਦੀ ਵੋਟਾਂ ਭਾਜਪਾ ਨੂੰ ਹਾਸਲ ਹੋਈਆਂ ਸਨ ਜਦੋਂਕਿ ਇਨ੍ਹਾਂ ਚੋਣਾਂ ਵਿਚ 887626 ਵੋਟਾਂ ਪਈਆਂ ਜਿਨ੍ਹਾਂ ਵਿਚੋਂ ਭਾਜਪਾ ਨੂੰ 134800 ਵੋਟਾਂ ਹਾਸਲ ਹੋਈਆਂ ਅਤੇ ਉਸ ਦਾ ਵੋਟ ਫ਼ੀਸਦੀ 15.19 ਫ਼ੀਸਦੀ ਰਿਹਾ।
ਇਹ ਵੀ ਪੜ੍ਹੋ - ਡੇਰਾਬੱਸੀ ਵਿਖੇ ਵਿਦਿਆਰਥਣ ਨੇ ਕਾਲਜ ਦੇ ਹੋਸਟਲ 'ਚ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਕੀਤਾ ਹੈਰਾਨੀਜਨਕ ਖ਼ੁਲਾਸਾ
ਭਾਜਪਾ ਨੂੰ ਮਿਲੀਆਂ ਵੋਟਾਂ
ਵਿਧਾਨ ਸਭਾ ਹਲਕਾ | 2022 | 2023 |
ਫਿਲੌਰ | 4104 | 5847 |
ਨਕੋਦਰ | 2042 | 10407 |
ਸ਼ਾਹਕੋਟ | 1449 | 7119 |
ਕਰਤਾਰਪੁਰ | 5518 | 8354 |
ਜਲੰਧਰ ਵੈਸਟ | 33486 | 21826 |
ਜਲੰਧਰ ਸੇਂਟਰਲ | 27993 | 25259 |
ਜਲੰਧਰ ਨਾਰਥ | 37852 | 31549 |
ਜਲੰਧਰ ਕੈਂਟ | 15946 | 17781 |
ਆਦਮਪੁਰ | 1282 | 6564 |
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ