ਜਲੰਧਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਤਾਇਨਾਤ ਜਨਰਲ ਆਬਜ਼ਰਵਰ ਨੇ ਕੀਤੀ ਪ੍ਰਬੰਧਾਂ ਦੀ ਸਮੀਖਿਆ

Friday, Apr 21, 2023 - 03:37 PM (IST)

ਜਲੰਧਰ (ਚੋਪੜਾ)–ਲੋਕ ਸਭਾ ਦੀ ਜ਼ਿਮਨੀ ਚੋਣ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਨਿਯੁਕਤ ਜਨਰਲ, ਪੁਲਸ ਅਤੇ ਖ਼ਰਚਾ ਆਬਜ਼ਰਵਰ ਵੀਰਵਾਰ ਜਲੰਧਰ ਪੁੱਜੇ ਅਤੇ ਜ਼ਿਲ੍ਹਾ ਚੋਣ ਅਧਿਕਾਰੀ ਸਮੇਤ ਚੋਣ ਪ੍ਰਕਿਰਿਆ ਵਿਚ ਸ਼ਾਮਲ ਸਾਰੇ ਨੋਡਲ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਮੁੱਚੀ ਚੋਣ ਪ੍ਰਕਿਰਿਆ ਨੂੰ ਨਿਰਪੱਖ, ਉਚਿਤ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ। ਭਾਰਤੀ ਚੋਣ ਕਮਿਸ਼ਨ ਵੱਲੋਂ 2003 ਬੈਚ ਦੇ ਆਈ. ਏ. ਐੱਸ. ਅਧਿਕਾਰੀ ਡਾ. ਪ੍ਰੀਤਮ ਬੀ. ਯਸ਼ਵੰਤ ਨੂੰ ਜਨਰਲ ਆਬਜ਼ਰਵਰ ਅਤੇ 2006 ਬੈਚ ਦੇ ਆਈ. ਪੀ. ਐੱਸ. ਅਧਿਕਾਰੀ ਉਜਵਲ ਕੁਮਾਰ ਭੌਮਿਕ ਨੂੰ ਪੁਲਸ ਆਬਜ਼ਰਵਰ ਅਤੇ 2012 ਬੈਚ ਦੇ ਆਈ. ਆਰ. ਐੱਸ. ਅਧਿਕਾਰੀ ਰਾਜੀਵ ਸ਼ੰਕਰ ਕਿਟੂਰ ਨੂੰ ਖ਼ਰਚ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ, ਜਿਨ੍ਹਾ ਨੇ ਵੱਖ-ਵੱਖ ਚੋਣ ਪ੍ਰੀਕਿਰਿਆਵਾਂ ਦੀ ਸਮੀਖਿਆ ਸ਼ੁਰੂ ਕੀਤੀ।

ਚੋਣ ਆਬਜ਼ਰਵਰਾਂ ਨੇ ਸਥਾਨਕ ਪ੍ਰਸ਼ਾਸਕੀ ਕੰਪਲੈਕਸ ’ਚ ਹਦਾਇਤ ਕੀਤੀ ਕਿ ਉਹ ਉਮੀਦਵਾਰਾਂ, ਸਿਆਸੀ ਪਾਰਟੀਆਂ ਅਤੇ ਸਿਆਸੀ ਨੁਮਾਇੰਦਿਆਂ ਦੀਆਂ ਗਤੀਵਿਧੀਆਂ ’ਤੇ ਲਗਾਤਾਰ ਨਜ਼ਰ ਰੱਖਣ ਅਤੇ ਜ਼ਿਲ੍ਹੇ ਵਿਚ ਚੋਣ ਪ੍ਰਕਿਰਿਆ ਨੂੰ ਹਰ ਕੀਮਤ ’ਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਦੀ ਉਲੰਘਣਾ ਕਰਨ ’ਤੇ ਬਿਨਾਂ ਕਿਸੇ ਦੇਰੀ ਤੋਂ ਕਾਰਵਾਈ ਕੀਤੀ ਜਾਵੇ ਅਤੇ ਅਮਨ-ਕਾਨੂੰਨ ਨੂੰ ਕਾਇਮ ਰੱਖਣ ਦੇ ਨਾਲ-ਨਾਲ ਵੱਖ-ਵੱਖ ਸਿਆਸੀ ਗਤੀਵਿਧੀਆਂ ’ਤੇ ਹੋਣ ਵਾਲੇ ਚੋਣ ਖ਼ਰਚਿਆਂ ’ਤੇ ਵੀ ਪੂਰੀ ਨਿਗਰਾਨੀ ਰੱਖੀ ਜਾਵੇ।

ਇਹ ਵੀ ਪੜ੍ਹੋ : ਪੰਜਾਬ ਦੀ ਧੀ ਨੇ ਕੈਨੇਡਾ ’ਚ ਕਰਵਾਈ ਬੱਲੇ-ਬੱਲੇ, ਹਾਸਲ ਕੀਤਾ ਵੱਡਾ ਮੁਕਾਮ

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਜਸਪ੍ਰੀਤ ਸਿੰਘ ਨੇ ਆਬਜ਼ਰਵਰਾਂ ਨੂੰ ਚੋਣਾਂ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਸਭਾ ਹਲਕੇ ਵਿਚ ਕੁੱਲ 1618512 ਵੋਟਰ ਹਨ। ਉਨ੍ਹਾਂ ਦੱਸਿਆ ਕਿ 80 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਦੀ ਗਿਣਤੀ 38313 ਅਤੇ ਦਿਵਿਆਂਗ ਵੋਟਰਾਂ ਦੀ ਗਿਣਤੀ 10526 ਹੈ। ਫਿਲੌਰ ਵਿਧਾਨ ਸਭਾ ਹਲਕੇ ਵਿਚ ਸਭ ਤੋਂ ਵੱਧ 199776 ਵੋਟਰ ਹਨ। ਉਨ੍ਹਾਂ ਕਿਹਾ ਕਿ ਸਾਰੇ 9 ਵਿਧਾਨ ਸਭਾ ਹਲਕਿਆਂ ਵਿਚ ਸਹਾਇਕ ਰਿਟਰਨਿੰਗ ਅਧਿਕਾਰੀਆਂ ਅਤੇ ਪੁਲਸ ਵਿਭਾਗ ਦੇ ਅਧਿਕਾਰੀਆਂ ਦੇ ਤਾਲਮੇਲ ਨਾਲ ਵੱਖ-ਵੱਖ ਚੋਣ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਜ਼ਿਲੇ ਵਿਚ 1972 ਪੋਲਿੰਗ ਕੇਂਦਰ ਹਨ ਅਤੇ ਇਨ੍ਹਾਂ ਸਾਰੇ ਪੋਲਿੰਗ ਕੇਂਦਰਾਂ ਵਿਚ ਵੈੱਬ ਕਾਸਟਿੰਗ ਸਮੇਤ ਹੋਰ ਜ਼ਰੂਰੀ ਸਹੂਲਤਾਂ ਦਾ ਵੀ ਪ੍ਰਬੰਧ ਹੈ। ਉਨ੍ਹਾਂ ਚੋਣ ਆਬਜ਼ਰਵਰਾਂ ਨੂੰ ਦੱਸਿਆ ਕਿ 9 ਵਿਧਾਨ ਸਭਾ ਹਲਕਿਆਂ ਵਿਚ 542 ਸੰਵੇਦਨਸ਼ੀਲ ਬੂਥਾਂ ਦੀ ਪਛਾਣ ਕੀਤੀ ਗਈ ਹੈ, ਜਿੱਥੇ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਜਾ ਰਹੇ ਹਨ।

ਉਨ੍ਹਾਂ ਚੋਣ ਆਬਜ਼ਰਵਰਾਂ ਨੂੰ ਪੋਲਿੰਗ ਸਟੇਸ਼ਨਾਂ ਅਤੇ ਵੋਟਾਂ ਦੀ ਗਿਣਤੀ ਕੇਂਦਰਾਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਹਰੇਕ ਵਿਧਾਨ ਸਭਾ ਹਲਕੇ ਵਿਚ ਇਕ ਪੋਲਿੰਗ ਸਟੇਸ਼ਨ ’ਤੇ ਵਿਸ਼ੇਸ਼ ਰੂਪ ਵਿਚ ਔਰਤਾਂ ਤਾਇਨਾਤ ਰਹਿਣਗੀਆਂ, ਜਿਸ ਨੂੰ ‘ਵੂਮੈਨ ਓਨਲੀ ਪੋਲਿੰਗ ਸਟੇਸ਼ਨ’ ਦਾ ਨਾਂ ਦਿੱਤਾ ਗਿਆ ਹੈ। ਇਸੇ ਤਰ੍ਹਾਂ ਪਿੰਗਲਵਾੜਾ ਘਰ ਵਿਚ ਦਿਵਿਆਂਗ ਵਿਅਕਤੀਆਂ ਵੱਲੋਂ ਇਕ ਪੋਲਿੰਗ ਸਟੇਸ਼ਨ ਦਾ ਰੱਖ-ਰਖਾਅ ਕੀਤਾ ਜਾਵੇਗਾ। ਸਾਰੇ 9 ਵਿਧਾਨ ਸਭਾ ਹਲਕਿਆਂ ਵਿਚ 45 ਮਾਡਲ ਪੋਲਿੰਗ ਸਟੇਸ਼ਨ ਬਣਾਏ ਜਾਣਗੇ।

ਇਹ ਵੀ ਪੜ੍ਹੋ :  ਜ਼ਿਮਨੀ ਚੋਣ ਦੀ ਰੈਲੀ ਦੌਰਾਨ CM ਮਾਨ ਬੋਲੇ, ਜਲੰਧਰ ਦੀਆਂ ਸਮੱਸਿਆਵਾਂ ਮੇਰੀਆਂ ਉਂਗਲੀਆਂ 'ਤੇ ਹਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News