ਲਤੀਫਪੁਰਾ ਮਾਮਲੇ 'ਚ ਵੱਡਾ ਖ਼ੁਲਾਸਾ, ਸੁਲਤਾਨਪੁਰ ਲੋਧੀ ਦੀ ਧੀਰ ਫੈਮਿਲੀ ਦਾ ਨਾਂ ਆਇਆ ਸਾਹਮਣੇ
Friday, Jan 20, 2023 - 01:21 PM (IST)
ਜਲੰਧਰ (ਚੋਪੜਾ)–ਜਲੰਧਰ ਦੇ ਲਤੀਫਪੁਰਾ ਮਾਮਲੇ ਵਿਚ ਵੱਡਾ ਖ਼ੁਲਾਸਾ ਹੋਇਆ ਹੈ। ਲਤੀਫਪੁਰਾ ਵਿਚ ਵਿਵਾਦਿਤ ਜ਼ਮੀਨ ਨੂੰ ਲੈ ਕੇ ਉਸ ਸਮੇਂ ਨਵਾਂ ਮੋੜ ਆ ਗਿਆ, ਜਦੋਂ ਇੰਪੂਰਵਮੈਂਟ ਟਰੱਸਟ ਦੇ ਚੇਅਰਮੈਨ ਜਗਤਾਰ ਿਸੰਘ ਸੰਘੇੜਾ ਨੇ ਟਰੱਸਟ ਦੀ ਵਿਕਾਸ ਸਕੀਮ 110 ਏਕੜ ਮੁਹੱਲਾ ਲਤੀਫਪੁਰਾ, ਗੁਰੂ ਤੇਗ ਬਹਾਦਰ ਨਗਰ ਵਿਚ ਬਿਨਾਂ ਖ਼ਸਰਾ ਨੰਬਰ ਦੇ ਟਰੱਸਟ ਦੀ ਮਾਲਕੀ ਵਾਲੀ ਜ਼ਮੀਨ ਨੂੰ ਧੋਖਾਧੜੀ ਅਤੇ ਸਾਜ਼ਿਸ਼ ਤਹਿਤ ਦਰਜ ਕਰਵਾਉਣ ਨੂੰ ਲੈ ਕੇ ਦਿਨੇਸ਼ ਧੀਰ ਅਤੇ ਹੋਰਨਾਂ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕਰਨ ਸਬੰਧੀ ਇਕ ਚਿੱਠੀ ਲਿਖੀ। ਚੇਅਰਮੈਨ ਸੰਘੇੜਾ ਨੇ ਪੁਲਸ ਕਮਿਸ਼ਨਰ ਨੂੰ 13 ਜਨਵਰੀ ਨੂੰ ਭੇਜੀ ਚਿੱਠੀ ਨਾਲ ਸਾਰੀਆਂ 10 ਰਜਿਸਟਰੀਆਂ ਦੀਆਂ ਕਾਪੀਆਂ ਅਟੈਚ ਕਰਦੇ ਹੋਏ ਦੋਸ਼ ਲਾਏ ਹਨ ਕਿ ਇਨ੍ਹਾਂ ਲੋਕਾਂ ਨੇ ਸਾਜ਼ਿਸ਼ ਤਹਿਤ ਬਿਨਾਂ ਖ਼ਸਰਾ ਨੰਬਰ ਦੱਸੇ ਕਰਵਾਈਆਂ ਰਜਿਸਟਰੀਆਂ ਧੋਖਾਧੜੀ ਅਤੇ ਜਾਲਸਾਜ਼ੀ ਨਾਲ ਟਰੱਸਟ ਦੀ ਜ਼ਮੀਨ ਹੜੱਪਣ ਦੇ ਮਕਸਦ ਨਾਲ ਕੀਤੀਆਂ ਹਨ। ਇਸ ਲਈ ਇਸ ਮਾਮਲੇ ਦੀ ਐੱਫ਼. ਆਈ. ਆਰ. ਦਰਜ ਕਰਕੇ ਦੋਸ਼ੀਆਂ ਵਿਰੁੱਧ ਅਪਰਾਧਿਕ ਕਾਰਵਾਈ ਕੀਤੀ ਜਾਵੇ ਕਿ ਅਜਿਹਾ ਕਰਨ ਵਿਚ ਕਿਹੜੇ-ਕਿਹੜੇ ਬਾਹਰੀ ਅਤੇ ਦਫ਼ਤਰ ਦੇ ਲੋਕ ਸ਼ਾਮਲ ਸਨ। ਟਰੱਸਟ ਵੱਲੋਂ 1976 ਤੋਂ ਲੈ ਕੇ 1980 ਦੇ ਵਿਚਕਾਰ ਐਕਵਾਇਰ ਕੀਤੀ ਗਈ 37 ਕਨਾਲ 1 ਮਰਲਾ ਜ਼ਮੀਨ ਨਾਲ ਸਬੰਧਤ ਖ਼ਸਰਾ ਨੰਬਰਾਂ ਦੀ ਸਮੁੱਚੀ ਡਿਟੇਲ ਵੀ ਦਿੱਤੀ ਹੈ।
ਚੇਅਰਮੈਨ ਸੰਘੇੜਾ ਨੇ ਦੱਸਿਆ ਕਿ ਟਰੱਸਟ ਦੇ ਕਬਜ਼ਾ ਲੈਣ ਉਪਰੰਤ ਕੁਝ ਲੋਕਾਂ ਨੇ 37.1 ਕਨਾਲ ਜ਼ਮੀਨ ਵਿਚੋਂ ਕੁਝ ’ਤੇ ਨਾਜਾਇਜ਼ ਕਬਜ਼ਾ ਕਰ ਲਿਆ ਸੀ, ਜਿਸ ਕਾਰਨ ਹੇਠਲੀ ਅਦਾਲਤ ਤੋਂ ਲੈ ਕੇ ਹਾਈ ਕੋਰਟ ਤੱਕ ਲੰਮੇ ਸਮੇਂ ਤੱਕ ਮੁਕੱਦਮੇਬਾਜ਼ੀ ਚੱਲਦੀ ਰਹੀ ਅਤੇ ਫ਼ੈਸਲਾ ਟਰੱਸਟ ਦੇ ਪੱਖ ਵਿਚ ਰਿਹਾ। ਉਨ੍ਹਾਂ ਕਿਹਾ ਕਿ ਸੀ. ਡਬਲਿਊ. ਪੀ. ਨੰਬਰ 1957 ਆਫ਼ 2006 ਰਬਿੰਦਰ ਸਿੰਘ ਅਤੇ ਹੋਰ ਬਨਾਮ ਵੇਣੂ ਪ੍ਰਸਾਦ ਅਤੇ ਹੋਰਨਾਂ ਖ਼ਿਲਾਫ਼ ਮਾਣਯੋਗ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਹੜੀ ਕਿ ਲਤੀਫਪੁਰਾ ਦੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਤੋਂ ਬਾਅਦ 9 ਜਨਵਰੀ 2023 ਨੂੰ ਡਿਸਪੋਜ਼ ਆਫ਼ ਕਰ ਦਿੱਤੀ ਗਈ।
ਇਹ ਵੀ ਪੜ੍ਹੋ : ਬਰਨਾਲਾ ਪੁੱਜੇ CM ਭਗਵੰਤ ਮਾਨ ਨੇ ਕੀਤੇ ਕਈ ਵੱਡੇ ਐਲਾਨ
ਇਹ ਵੀ ਪੜ੍ਹੋ : ਕਪੂਰਥਲਾ: ਹਮੀਰਾ ਫਲਾਈਓਵਰ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਪੁਲਸ ਮੁਲਾਜ਼ਮ ਸਣੇ 4 ਨੌਜਵਾਨਾਂ ਦੀ ਮੌਤ
ਚੇਅਰਮੈਨ ਸੰਘੇੜਾ ਨੇ ਲਿਖਿਆ ਹੈ ਕਿ ਇਸ ਦੌਰਾਨ ਦਫ਼ਤਰ ਦੇ ਨੋਟਿਸ ਵਿਚ ਆਇਆ ਹੈ ਕਿ ਦਿਨੇਸ਼ ਧੀਰ ਅਤੇ ਹੋਰਨਾਂ ਨੇ ਸਾਲ 2006 ਤੋਂ 2013 ਤੱਕ ਵੱਖ-ਵੱਖ ਸਮੇਂ ’ਤੇ ਟਰੱਸਟ ਦੀ ਇਸ ਜ਼ਮੀਨ ਦੀ ਬਿਨਾਂ ਖ਼ਸਰਾ ਨੰਬਰ ਪਾਏ 10 ਰਜਿਸਟਰੀਆਂ ਆਪਣੇ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਦੇ ਨਾਂ ’ਤੇ ਕਰਵਾਈਆਂ ਹੋਈਆਂ ਹਨ, ਜਦੋਂਕਿ ਰੈਵੇਨਿਊ ਰਿਕਾਰਡ ’ਤੇ ਇਹ ਜ਼ਮੀਨ ਟਰੱਸਟ ਦੀ ਹੈ ਅਤੇ ਜ਼ਮੀਨ ਦਾ ਇੰਤਕਾਲ ਵੀ ਟਰੱਸਟ ਦੇ ਨਾਂ ਹੈ।
ਲਤੀਫਪੁਰਾ ਦੀ ਨਿਸ਼ਾਨਦੇਹੀ ਦੀ ਮੇਰੀ ਪਟੀਸ਼ਨ ਹਾਈਕੋਰਟ ਵਿਚ ਪੈਂਡਿੰਗ: ਦਿਨੇਸ਼ ਧੀਰ
ਟਰੱਸਟ ਦੇ ਚੇਅਰਮੈਨ ਵੱਲੋਂ ਟਰੱਸਟ ਦੀ ਜ਼ਮੀਨ ਦੀਆਂ 10 ਰਜਿਸਟਰੀਆਂ ਨੂੰ ਬਿਨਾਂ ਖ਼ਸਰਾ ਨੰਬਰ ਪਾਏ ਕਰਵਾਉਣ ਦੇ ਦੋਸ਼ਾਂ ਦੇ ਮਾਮਲੇ ਵਿਚ ਦਿਨੇਸ਼ ਧੀਰ ਨੇ ਕਿਹਾ ਕਿ ਲਤੀਫਪੁਰਾ ਦੀ ਵਿਵਾਦਿਤ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਉਣ ਲਈ ਉਨ੍ਹਾਂ ਦੀ ਪਟੀਸ਼ਨ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪੈਂਡਿੰਗ ਹੈ, ਜਿਸ ਦੀ ਅਗਲੀ ਤਾਰੀਖ਼ 29 ਮਾਰਚ 2023 ਹੈ। ਇਸ ਕੇਸ ਵਿਚ ਉਨ੍ਹਾਂ ਸਾਰੀਆਂ ਰਜਿਸਟਰੀਆਂ ਵੀ ਹਾਈਕੋਰਟ ਵਿਚ ਲਾਈਆਂ ਹੋਈਆਂ ਹਨ।
ਦਿਨੇਸ਼ ਨੇ ਕਿਹਾ ਿਕ ਸੰਘੇੜਾ ਨੇ ਆਪਣੀਆਂ ਗਲਤੀਆਂ ਦਾ ਠੀਕਰਾ ਮੇਰੇ ਸਿਰ ਭੰਨਣ ਦੀ ਕੋਸ਼ਿਸ਼ ਕੀਤੀ ਹੈ। ਲਤੀਫਪੁਰਾ ਮਾਮਲੇ ਵਿਚ ਟਰੱਸਟ ਦੇ ਚੇਅਰਮੈਨ ਅਤੇ ਹੋਰਨਾਂ ਨੇ ਕਈ ਗੱਲਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੁਕਾਉਂਦਿਆਂ ਉਨ੍ਹਾਂ ਤੱਕ ਪਹੁੰਚਾਈਆਂ ਹੀ ਨਹੀਂ। ਜੇਕਰ ਉਨ੍ਹਾਂ ਤੱਕ ਜ਼ਮੀਨੀ ਹਕੀਕਤ ਪਹੁੰਚ ਜਾਂਦੀ ਤਾਂ ਇਹ ਸਾਰਾ ਮਾਮਲਾ ਹੱਲ ਹੋ ਜਾਣਾ ਸੀ। ਉਨ੍ਹਾਂ ਕਿਹਾ ਕਿ ਜੇਕਰ ਟਰੱਸਟ ਦੀ ਜ਼ਮੀਨ ਉਨ੍ਹਾਂ ਦੇ ਕਬਜ਼ੇ ਵਾਲੀ ਜ਼ਮੀਨ ਵਿਚੋਂ ਨਿਕਲਦੀ ਹੈ ਤਾਂ ਉਹ ਖ਼ੁਦ ਜ਼ਮੀਨ ਛੱਡ ਦੇਣਗੇ ਪਰ ਟਰੱਸਟ ਰੈਵੇਨਿਊ ਵਿਭਾਗ ਤੋਂ ਲਤੀਫਪੁਰਾ ਦੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਵੇ, ਜਿਸ ਨਾਲ ਸਾਰੀ ਸੱਚਾਈ ਸਭ ਦੇ ਸਾਹਮਣੇ ਆ ਜਾਵੇਗੀ।
ਲਤੀਫਪੁਰਾ ਜ਼ਮੀਨ ਘਪਲਾ ਮਾਮਲੇ ’ਚ ਦਿਨੇਸ਼ ਧੀਰ ਸਮੇਤ 11 ’ਤੇ ਕੇਸ ਦਰਜ
ਜਲੰਧਰ : (ਵਰੁਣ)-ਥਾਣਾ ਨਵੀਂ ਬਾਰਾਦਰੀ ਵਿਚ ਲਤੀਫਪੁਰਾ ਵਿਚ ਹੋਏ ਜ਼ਮੀਨ ਦੇ ਘਪਲੇ ਸਬੰਧੀ ਮਾਮਲੇ ਵਿਚ ਦਿਨੇਸ਼ ਧੀਰ ਸਮੇਤ 11 ਲੋਕਾਂ ’ਤੇ ਕੇਸ ਦਰਜ ਹੋ ਗਿਆ ਹੈ। ਇਨ੍ਹਾਂ ਸਾਰਿਆਂ ਖ਼ਿਲਾਫ਼ ਧੋਖਾਧੜੀ ਸਮੇਤ ਹੋਰ ਧਾਰਾਵਾਂ ਅਧੀਨ ਕੇਸ ਦਰਜ ਹੋਇਆ ਹੈ। ਫਿਲਹਾਲ ਪੁਲਸ ਇਸ ਮਾਮਲੇ ਵਿਚ ਕੁਝ ਖੁੱਲ੍ਹ ਕੇ ਨਹੀਂ ਦੱਸ ਰਹੀ। ਇਨ੍ਹਾਂ ਲੋਕਾਂ ਖ਼ਿਲਾਫ਼ ਥਾਣਾ ਨਵੀਂ ਬਾਰਾਦਰੀ ਵਿਚ ਐੱਫ਼. ਆਈ . ਆਰ. ਨੰਬਰ 5 ਦਰਜ ਹੋਈ ਹੈ।
ਇਹ ਵੀ ਪੜ੍ਹੋ : ‘ਨੋ ਆਟੋ ਜ਼ੋਨ’ ਦੇ ਪਹਿਲੇ ਦਿਨ ਹੀ ਜਲੰਧਰ ਪੁਲਸ ਦੀ ਦਿਸੀ ਸਖ਼ਤੀ, 90 ਆਟੋ ਤੇ ਈ-ਰਿਕਸ਼ਾ ਵਾਲਿਆਂ ਦੇ ਕੱਟੇ ਚਲਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।