26 ਜਨਵਰੀ ਦੇ ਸਮਾਗਮ ਕਾਰਨ ਕਮਿਸ਼ਨਰੇਟ ਪੁਲਸ ਵਲੋਂ ਗੁਰੂ ਗੋਬਿੰਦ ਸਿੰਘ ਸਟੇਡੀਅਮ ਸੀਲ
Tuesday, Jan 21, 2020 - 10:45 AM (IST)
ਜਲੰਧਰ (ਸੁਧੀਰ) – 26 ਜਨਵਰੀ ਦੇ ਆਉਣ ਕਾਰਨ ਕਮਿਸ਼ਨਰੇਟ ਪੁਲਸ ਨੇ ਸੁਰੱਖਿਆ ਪ੍ਰਬੰਧਾਂ ਕਾਰਨ ਸ਼ਹਿਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਨੂੰ ਸੀਲ ਕਰ ਦਿੱਤਾ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ’ਚ ਏ. ਡੀ. ਸੀ. ਪੀ. ਸਿਟੀ-2 ਪਰਮਿੰਦਰ ਸਿੰਘ ਭੰਡਾਲ ਪੂਰੇ ਲਾਮ-ਲਸ਼ਕਰ ਸਮੇਤ ਗੁਰੂ ਗੋਬਿੰਦ ਸਿੰਘ ਸਟੇਡੀਅਮ ਪਹੁੰਚੇ, ਜਿਥੇ ਉਨ੍ਹਾਂ ਨੇ ਡਾਗ ਸਕੁਐਡ ਟੀਮ, ਬੰਬ ਰੋਕੂ ਦਸਤੇ, ਪੁਲਸ ਫੋਰਸ ਅਤੇ ਕਮਾਂਡੋਜ਼ ਦੇ ਨਾਲ ਸਟੇਡੀਅਮ ’ਚ ਪਹਿਲਾਂ ਸਰਚ ਮੁਹਿੰਮ ਚਲਾਈ। ਪੁਲਸ ਨੇ ਸਟੇਡੀਅਮ ’ਚ ਲੱਗੀਆਂ ਪਾਣੀ ਦੀਆਂ ਟੈਂਕੀਆਂ ਤੱਕ ਦੀ ਤਲਾਸ਼ੀ ਲਈ ਅਤੇ ਇਸੇ ਦੇ ਨਾਲ ਹੀ ਡਾਗ ਸਕੁਐਡ ਟੀਮ ਅਤੇ ਬੰਬ ਨਿਰੋਧਕ ਦਸਤੇ ਨੇ ਪੂਰੇ ਸਟੇਡੀਅਮ ਦੀ ਸਰਚ ਕੀਤੀ।
ਏ. ਡੀ. ਸੀ. ਪੀ. ਸਿਟੀ-2 ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ 26 ਜਨਵਰੀ ਨੂੰ ਹੋਣ ਵਾਲੇ ਸਮਾਗਮ ਕਾਰਣ ਸੁਰੱਖਿਆ ਪ੍ਰਬੰਧਾਂ ਲਈ ਗੁਰੂ ਗੋਬਿੰਦ ਸਿੰਘ ਸਟੇਡੀਅਮ ਨੂੰ ਸੀਲ ਕਰ ਦਿੱਤਾ ਗਿਆ ਅਤੇ ਉਥੇ ਪੱਕੀ ਗਾਰਦ ਲਾ ਦਿੱਤੀ ਗਈ ਹੈ, ਜਿਸ ਵਿਚ 2 ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਕ ਸ਼ਿਫਟ ’ਚ 1 ਇੰਸਪੈਕਟਰ ਰੈਂਕ ਦਾ ਅਧਿਕਾਰੀ ਹੋਰ ਪੁਲਸ ਕਰਮਚਾਰੀਆਂ ਸਣੇ ਸਟੇਡੀਅਮ ’ਤੇ ਨਜ਼ਰ ਰੱਖੇਗਾ, ਜਦਕਿ ਦੂਸਰੀ ਸ਼ਿਫਟ ’ਚ ਹੋਰ ਮੁਲਾਜ਼ਮ। ਰੇਲਵੇ ਸਟੇਸ਼ਨ, ਬੱਸ ਸਟੈਂਡ ’ਚ ਡਾਗ ਸਕੁਐਡ ਅਤੇ ਬੰਬ ਰੋਕੂ ਦਸਤੇ ਨਾਲ ਚੱਲੀ ਚੈਕਿੰਗ ਮੁਹਿੰਮ, ਕਈ ਸ਼ੱਕੀਆਂ ਤੋਂ ਹੋਈ ਪੁੱਛਗਿੱਛ, ਕਈਆਂ ਦੇ ਸਾਮਾਨ ਦੀ ਹੋਈ ਚੈਕਿੰਗ
ਹੋਟਲਾਂ ਤੇ ਗੈਸਟ ਹਾਊਸਾਂ ’ਚ ਵੀ ਚੱਲੀ ਪੁਲਸ ਦੀ ਚੈਕਿੰਗ ਮੁਹਿੰਮ
ਗਣਤੰਤਰਤਾ ਦਿਵਸ ਦੇ ਮੱਦੇਨਜ਼ਰ ਸ਼ਹਿਰ ’ਚ ਅਮਨ ਸ਼ਾਂਤੀ ਤੇ ਸੁਰੱਖਿਆ ਵਿਵਸਥਾ ਕਾਰਨ ਕਮਿਸ਼ਨਰੇਟ ਪੁਲਸ ਨੇ ਭੁੱਲਰ ਦੀ ਅਗਵਾਈ ’ਚ ਰੇਲਵੇ ਸਟੇਸ਼ਨ, ਬੱਸ ਸਟੈਂਡ, ਹੋਟਲਾਂ ਅਤੇ ਗੈਸਟ ਹਾਊਸਾਂ ’ਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ। ਥਾਣਾ ਨੰ. 3 ਦੇ ਇੰਚਾਰਜ ਰਸ਼ਮਿੰਦਰ ਸਿੰਘ ਨੇ ਪੁਲਸ ਪਾਰਟੀ, ਡਾਗ ਸਕੁਐਡ, ਬੰਬ ਨਿਰੋਧਕ ਦਸਤੇ ਅਤੇ ਕਮਾਂਡੋਜ਼ ਦੇ ਨਾਲ ਰੇਲਵੇ ਸੇਟਸ਼ਨ ਦੇ ਪਲੇਟਫਾਰਮਸ ਅਤੇ ਸਟੇਸ਼ਨ ਦੇ ਬਾਹਰ ਚੈਕਿੰਗ ਮੁਹਿੰਮ ਚਲਾਉਂਦੇ ਹੋਏ ਸ਼ੱਕੀ ਲੋਕਾਂ ਤੋਂ ਪੁੱਛਗਿੱਛ ਕੀਤੀ ਅਤੇ ਉਨ੍ਹਾਂ ਦੇ ਸਾਮਾਨ ਦੀ ਚੈਕਿੰਗ ਕੀਤੀ। ਇਸੇ ਦੇ ਨਾਲ ਹੀ ਉਨ੍ਹਾਂ ਆਲੇ-ਦੁਆਲੇ ਕਈ ਗੈਸਟ ਹਾਊਸਾਂ ਅਤੇ ਹੋਟਲਾਂ ’ਚ ਪੁਲਸ ਨੇ ਚੈਕਿੰਗ ਮੁਹਿੰਮ ਚਲਾਈ ਅਤੇ ਹੋਟਲਾਂ, ਗੈਸਟ ਹਾਊਸਾਂ ਦੇ ਅੰਦਰ ਰੁਕੇ ਸਾਰੇ ਲੋਕਾਂ ਦਾ ਪੁਲਸ ਰਿਕਾਰਡ ਚੈੱਕ ਕੀਤਾ। ਸਥਾਨਕ ਬੱਸ ਸਟੈਂਡ ਦੇ ਅੰਦਰ ਅਤੇ ਬਾਹਰ ਵੀ ਡਾਗ ਸਕੁਐਡ ਅਤੇ ਬੰਬ ਨਿਰੋਧਕ ਦਸਤੇ ਦੇ ਨਾਲ ਚੈਕਿੰਗ ਮੁਹਿੰਮ ਚਲਾਈ। ਇਸੇ ਦੇ ਨਾਲ ਪੁਲਸ ਨੇ ਬੱਸ ਸਟੈਂਡ ਦੇ ਆਲੇ-ਦੁਆਲੇ ਵੀ ਹੋਟਲਾਂ ਅਤੇ ਗੈਸਟ ਹਾਊਸਾਂ ’ਚ ਚੈਕਿੰਗ ਮੁਹਿੰਮ ਚਲਾਈ।
ਸਟੇਡੀਅਮ ਅਤੇ ਆਲੇ-ਦੁਆਲੇ ਰਹਿੰਦੇ ਅਸਲਾ ਧਾਰਕਾਂ ਨੂੰ ਅਸਲਾ ਜਮ੍ਹਾ ਕਰਵਾਉਣ ਦੇ ਹੁਕਮ
ਏ. ਡੀ. ਸੀ. ਪੀ. ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਸੁਰੱਖਿਆ ਪ੍ਰਬੰਧਾਂ ਕਾਰਨ ਗੁਰੂ ਗੋਬਿੰਦ ਸਿੰਘ ਸਟੇਡੀਅਮ ’ਚ ਹੋਣ ਵਾਲੇ ਪ੍ਰੋਗਰਾਮ ਅਧੀਨ ਸਟੇਡੀਅਮ ਦੇ ਆਲੇ-ਦੁਆਲੇ ਰਹਿੰਦੇ ਅਸਲਾ ਧਾਰਕਾਂ ਨੂੰ ਅਸਲਾ ਥਾਣੇ ’ਚ ਜਮ੍ਹਾ ਕਰਵਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸੇ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪੁਲਸ ਨੇ ਸਾਰੇ ਅਸਲਾ ਧਾਰਕਾਂ ਦੀਆਂ ਲਿਸਟਾਂ ਬਣਾ ਕੇ ਥਾਣਾ ਇੰਚਾਰਜਾਂ ਨੂੰ ਉਕਤ ਲੋਕਾਂ ਦੇ ਅਸਲਾ ਜਮ੍ਹਾ ਕਰਵਾਉਣ ਦੀਆਂ ਹਦਾਇਤਾਂ ਦੇ ਦਿੱਤੀਆਂ ਹਨ।
ਕਿਰਾਏਦਾਰਾਂ ਦੀ ਸੂਚੀ ਵੀ ਪੁਲਸ ਕਰ ਰਹੀ ਤਿਆਰ
ਭੰਡਾਲ ਨੇ ਦੱਸਿਆ ਕਿ ਸਟੇਡੀਅਮ ਦੇ ਆਲੇ-ਦੁਆਲੇ ਕਿਰਾਏਦਾਰਾਂ ਦੀ ਵੀ ਪੁਲਸ ਸੂਚੀ ਤਿਆਰ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਕਮਿਸ਼ਨਰੇਟ ਪੁਲਸ ਨੇ ਸਟੇਡੀਅਮ ਦੇ ਆਲੇ-ਦੁਆਲੇ ਰਹਿੰਦੇ ਕੋਠੀ ਮਾਲਕਾਂ ਨੂੰ ਕਿਰਾਏਦਾਰਾਂ ਦੀ ਸੂਚਨਾ ਤੁਰੰਤ ਪੁਲਸ ਨੂੰ ਦੇਣ ਦੇ ਹੁਕਮ ਦਿੱਤੇ ਹਨ।
ਸੀ. ਸੀ. ਟੀ. ਵੀ. ਕੈਮਰੇ ਰੱਖਣਗੇ ਸ਼ੱਕੀਆਂ ’ਤੇ ਨਜ਼ਰ
ਏ. ਡੀ. ਸੀ. ਪੀ. ਸਿਟੀ-2 ਨੇ ਦੱਸਿਆ ਕਿ 26 ਜਨਵਰੀ ਕਾਰਣ ਕਮਿਸ਼ਨਰੇਟ ਪੁਲਸ ਵਲੋਂ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਚਾਰੇ ਪਾਸੇ ਗੁਪਤ ਕੈਮਰੇ ਲਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ ਵੀ ਪੁਲਸ ਸ਼ੱਕੀ ਲੋਕਾਂ ’ਤੇ ਨਜ਼ਰ ਰੱਖੇਗੀ।