ਨਵੀਂ ਕਮਿਸ਼ਨਰ ਦੇ ਲਾਲ ਸਿਆਹੀ ਵਾਲੇ ਪੈੱਨ ਤੋਂ ਡਰਨ ਲੱਗੇ ਜਲੰਧਰ ਨਿਗਮ ਤੇ ਸਮਾਰਟ ਸਿਟੀ ਦੇ ਅਧਿਕਾਰੀ

05/19/2022 5:52:51 PM

ਜਲੰਧਰ (ਖੁਰਾਣਾ)– ਨਗਰ ਨਿਗਮ ਕਮਿਸ਼ਨਰ ਵਜੋਂ ਕੁਝ ਹੀ ਦਿਨ ਪਹਿਲਾਂ ਚਾਰਜ ਸੰਭਾਲਣ ਵਾਲੀ ਨੌਜਵਾਨ ਆਈ. ਏ. ਐੱਸ. ਅਧਿਕਾਰੀ ਦੀਪਸ਼ਿਖਾ ਸ਼ਰਮਾ ਨੇ ਆਉਂਦੇ ਹੀ ਨਗਰ ਨਿਗਮ ਦੇ ਪੂਰੇ ਸਿਸਟਮ ਨੂੰ ਬਦਲ ਕੇ ਰੱਖ ਦਿੱਤਾ ਹੈ। ਇਕ ਪਾਸੇ ਜਿੱਥੇ ਉਨ੍ਹਾਂ ਨੇ ਲੋਕਲ ਬਾਡੀਜ਼ ਦੇ ਸਿਸਟਮ ਨੂੰ ਸਮਝਦੇ ਹੋਏ ਸ਼ਹਿਰ ਵਿਚ ਚੱਲ ਰਹੇ ਸਾਰੇ ਪ੍ਰਮੁੱਖ ਪ੍ਰਾਜੈਕਟਾਂ ਨੂੰ ਰੀਵਿਊ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਨਿਗਮ ਦੇ ਸਾਰੇ ਵਿਭਾਗਾਂ ਦੀ ਜ਼ਰੂਰੀ ਜਾਣਕਾਰੀ ਜੁਟਾ ਲਈ ਹੈ, ਉਥੇ ਹੀ ਉਨ੍ਹਾਂ ਨੇ ਨਿਗਮ ਸਟਾਫ਼ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਖ਼ੁਦ ਵੀ ਦਿਨ ਭਰ ਨਿਗਮ ਆਫ਼ਿਸ ਵਿਚ ਬੈਠਣਾ ਸ਼ੁਰੂ ਕਰ ਦਿੱਤਾ ਹੈ।
ਉਹ ਸਵੇਰੇ 9 ਵਜੇ ਤੋਂ ਪਹਿਲਾਂ ਹੀ ਆਫ਼ਿਸ ਵਿਚ ਪਹੁੰਚ ਜਾਂਦੇ ਹਨ ਅਤੇ 9 ਵਜੇ ਦੇ ਲਗਭਗ ਨਿਗਮ ਅਧਿਕਾਰੀਆਂ ਨਾਲ ਬੈਠਕ ਵੀ ਰੱਖ ਲਈ ਜਾਂਦੀ ਹੈ, ਜਿਸ ਕਾਰਨ ਜੋ ਨਿਗਮ ਅਧਿਕਾਰੀ ਪਿਛਲੇ ਸਮੇਂ ਦੌਰਾਨ ਨਹਾ-ਧੋ ਕੇ ਤਿਆਰ-ਸ਼ਿਆਰ ਹੋ ਕੇ ਆਰਾਮ ਨਾਲ 10 ਵਜੇ ਆਫ਼ਿਸ ਆਇਆ ਕਰਦੇ ਸਨ, ਉਹ ਹੁਣ ਠੀਕ 9 ਵਜੇ ਆਪਣੀਆਂ ਸੀਟਾਂ ’ਤੇ ਬਿਰਾਜਮਾਨ ਹੋ ਜਾਂਦੇ ਹਨ। ਜੋ ਨਿਗਮ ਅਧਿਕਾਰੀ ਅਤੇ ਕਰਮਚਾਰੀ ਪਹਿਲੇ ਦਿਨਾਂ ਵਿਚ ਸ਼ਾਮ ਦੇ 5 ਨਹੀਂ ਵੱਜਣ ਦਿੰਦੇ ਸਨ, ਉਹ ਹੁਣ ਘੜੀ ਵੇਖ ਕੇ ਹੀ ਛੁੱਟੀ ਕਰਦੇ ਹਨ। ਇਸ ਤਰ੍ਹਾਂ ਹੁਣ ਨਿਗਮ ਵਿਚ ਸਾਰਾ ਦਿਨ ਚਹਿਲ-ਪਹਿਲ ਵੇਖਣ ਨੂੰ ਮਿਲ ਰਹੀ ਹੈ।
ਨਿਗਮ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਚ ਚਰਚਾ ਅਤੇ ਡਰ ਇਸ ਗੱਲ ਦਾ ਹੈ ਕਿ ਨਿਗਮ ਕਮਿਸ਼ਨਰ ਕੋਲ ਲਾਲ ਸਿਆਹੀ ਵਾਲੇ 2 ਪੈੱਨ ਹਨ, ਇਕ ਉਨ੍ਹਾਂ ਦੇ ਆਫ਼ਿਸ ਤਾਂ ਦੂਜਾ ਕਾਰ ਵਿਚ ਪਿਆ ਰਹਿੰਦਾ ਹੈ। ਚਰਚਾ ਹੈ ਕਿ ਲਾਪਰਵਾਹੀ ਅਤੇ ਨਾਲਾਇਕੀ ਵਰਤਣ ਦੇ ਦੋਸ਼ ’ਚ ਕਿਸੇ ਨੂੰ ਵੀ ਇਸ ਲਾਲ ਸਿਆਹੀ ਵਾਲੇ ਪੈੱਨ ਤੋਂ ਸਖ਼ਤ ਐਕਸ਼ਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ: ਰਾਮਾ ਮੰਡੀ ਦੀ ਪੁਲਸ ਵੱਲੋਂ ਦੇਹ ਵਪਾਰ ਦੇ ਅੱਡੇ ’ਤੇ ਰੇਡ, ਇਤਰਾਜ਼ਯੋਗ ਹਾਲਾਤ 'ਚ ਔਰਤ ਸਣੇ 8 ਵਿਅਕਤੀ ਗ੍ਰਿਫ਼ਤਾਰ

PunjabKesari

ਪੈਂਡਿੰਗ ਪਈਆਂ ਸ਼ਿਕਾਇਤਾਂ ਨੂੰ ਨਿਪਟਾਉਣ ’ਤੇ ਜ਼ੋਰ, ਫਾਈਲਾਂ ਦੀ ਧੂੜ-ਮਿੱਟੀ ਸਾਫ਼ ਹੋਣ ਲੱਗੀ
ਨਵੀਂ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਸਾਰੇ ਵਿਭਾਗਾਂ ਦੀ ਕਾਰਜਪ੍ਰਣਾਲੀ ਨੂੰ ਚੁਸਤ-ਦਰੁੱਸਤ ਕਰਨ ਦੇ ਨਿਰਦੇਸ਼ ਤਾਂ ਦਿੱਤੇ ਹੀ ਹਨ, ਉਥੇ ਹੀ ਉਨ੍ਹਾਂ ਨੇ ਲਗਭਗ ਸਾਰੇ ਵਿਭਾਗਾਂ ਵਿਚ ਪੈਂਡਿੰਗ ਸ਼ਿਕਾਇਤਾਂ ਦੇ ਨਿਪਟਾਰੇ ਵੱਲ ਵਿਸ਼ੇਸ਼ ਧਿਆਨ ਦਿੱਤਾ ਹੋਇਆ ਹੈ। ਨਿਗਮ ਦੇ ਸ਼ਿਕਾਇਤ ਸੈੱਲ ਸੁਪਰਿੰਟੈਂਡੈਂਟ ਨਾਲ ਉਨ੍ਹਾਂ ਦੀ ਰੋਜ਼ ਮੀਟਿੰਗ ਹੋ ਰਹੀ ਹੈ। ਸਭ ਤੋਂ ਜ਼ਿਆਦਾ ਪੈਂਡਿੰਗ ਸ਼ਿਕਾਇਤਾਂ ਬਿਲਡਿੰਗ ਮਹਿਕਮੇ ਨਾਲ ਸਬੰਧਤ ਹਨ, ਜਿਨ੍ਹਾਂ ਦੀ ਗਿਣਤੀ 1000 ਦੇ ਲਗਭਗ ਦੱਸੀ ਜਾ ਰਹੀ ਹੈ। ਇਹ ਸ਼ਿਕਾਇਤਾਂ ਐੱਮ-ਸੇਵਾ, ਚੰਡੀਗੜ੍ਹ ਬੈਠੇ ਅਧਿਕਾਰੀਆਂ ਰਾਹੀਂ. ਕੰਪਲੇਂਟ ਸੈੱਲ ਰਾਹੀਂ, ਈਮੇਲ ਜਾਂ ਲਿਖਤੀ ਤੌਰ ’ਤੇ ਨਿਗਮ ਕੋਲ ਆਉਂਦੀਆਂ ਹਨ।

ਪਿਛਲੇ ਸਮੇਂ ਦੌਰਾਨ ਨਿਗਮ ਜ਼ਿਆਦਾਤਰ ਸ਼ਿਕਾਇਤਾਂ ਨੂੰ ਬਿਨਾਂ ਕਾਰਵਾਈ ਕੀਤੇ ਹੀ ਫਾਈਲ ਕਰ ਦਿੰਦਾ ਸੀ ਅਤੇ ਸ਼ਿਕਾਇਤਕਰਤਾ ਨੂੰ ਕਦੇ ਜਵਾਬ ਨਹੀਂ ਭੇਜਿਆ ਜਾਂਦਾ ਸੀ। ਹੁਣ ਨਿਗਮ ਕਮਿਸ਼ਨਰ ਨੇ ਬਿਲਡਿੰਗ ਵਿਭਾਗ ਨਾਲ ਸਬੰਧਤ ਸਾਰੀਆਂ ਪੈਂਡਿੰਗ ਸ਼ਿਕਾਇਤਾਂ ਦੀ ਸੂਚੀ ਮੰਗਵਾ ਲਈ ਹੈ, ਜਿਸ ਨੂੰ ਤਿਆਰ ਕਰਨ ਵਿਚ ਸਟਾਫ਼ ਦਾ ਪਸੀਨਾ ਨਿਕਲ ਰਿਹਾ ਹੈ ਅਤੇ ਸੈਂਕੜੇ ਫਾਈਲਾਂ ’ਤੇ ਪਈ ਧੂੜ-ਮਿੱਟੀ ਸਾਫ਼ ਹੋ ਚੁੱਕੀ ਹੈ। ਇਹੀ ਹਾਲ ਵਾਟਰ ਸਪਲਾਈ ਨਾਲ ਸਬੰਧਤ ਸ਼ਿਕਾਇਤਾਂ ਦਾ ਵੀ ਹੈ, ਜਿਸ ਨੂੰ ਤੈਅਸ਼ੁਦਾ ਸਮੇਂ ਵਿਚ ਨਿਪਟਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਇਹ ਵੀ ਪੜ੍ਹੋ: ਸ੍ਰੀ ਚਮਕੌਰ ਸਾਹਿਬ ਵਿਖੇ ਵਾਪਰਿਆ ਵੱਡਾ ਹਾਦਸਾ, ਖੂਹ ’ਚ ਡਿੱਗਣ ਨਾਲ 2 ਵਿਅਕਤੀਆਂ ਦੀ ਮੌਤ

ਸਵੇਰੇ-ਸ਼ਾਮ ਦਿਸਣ ਲੱਗੇ ਸਮਾਰਟ ਸਿਟੀ ਦੇ ਅਧਿਕਾਰੀ
ਪਿਛਲੇ 2-3 ਸਾਲਾਂ ਦੌਰਾਨ ਸਮਾਰਟ ਸਿਟੀ ਨਾਲ ਸਬੰਧਤ ਅਧਿਕਾਰੀਆਂ ਨੇ ਸੈਂਕੜੇ ਕਰੋੜ ਰੁਪਏ ਦੇ ਕੰਮ ਕਰਵਾਏ ਪਰ ਕਿਸੇ ਅਧਿਕਾਰੀ ਨੇ ਪ੍ਰਾਜੈਕਟ ਦੀ ਸਾਈਟ ’ਤੇ ਜਾਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਸਮਾਰਟ ਸਿਟੀ ਦੇ ਕਿਸੇ ਅਧਿਕਾਰੀ ਨੂੰ ਅੱਜ ਤੱਕ ਨਿਗਮ ਦਫਤਰ ਵਿਚ ਨਹੀਂ ਦੇਖਿਆ ਗਿਆ ਅਤੇ ਸਾਰਾ ਦਿਨ ਸਮਾਰਟ ਸਿਟੀ ਦੇ ਅਧਿਕਾਰੀ ਆਪਣੇ ਏਅਰ ਕੰਡੀਸ਼ਨਡ ਜਾਂ ਹੀਟੇਡ ਦਫ਼ਤਰਾਂ ਵਿਚ ਹੀ ਬੈਠਿਆ ਕਰਦੇ ਸਨ। ਹੁਣ ਨਵੀਂ ਕਮਿਸ਼ਨਰ ਨੇ ਸਮਾਰਟ ਸਿਟੀ ਦੇ ਵੱਖ-ਵੱਖ ਪ੍ਰਾਜੈਕਟਾਂ ਨੂੰ ਰੀਵਿਊ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਟੀਮ ਲੀਡਰ ਕੁਲਵਿੰਦਰ ਸਿੰਘ ਵਰਗੇ ਵੱਡੇ ਅਧਿਕਾਰੀਆਂ ਨੂੰ ਵੀ ਸਵੇਰੇ-ਸ਼ਾਮ ਨਿਗਮ ਆਫਿਸ ਵਿਚ ਦੇਖਿਆ ਜਾ ਰਿਹਾ ਹੈ।

ਨਿਗਮ ਦੀਆਂ ਆਪਣੀਆਂ ਦੁਕਾਨਾਂ ਵੱਲ ਕਿਸੇ ਦਾ ਨਹੀਂ ਸੀ ਧਿਆਨ
ਨਗਰ ਨਿਗਮ ਨੇ ਆਪਣੀ ਆਮਦਨ ਵਧਾਉਣ ਲਈ ਆਪਣੀ ਬਿਲਡਿੰਗ ਵਿਚ ਹੀ ਕਈ ਦੁਕਾਨਾਂ ਦਾ ਨਿਰਮਾਣ ਕਰ ਰੱਖਿਆ ਹੈ ਅਤੇ ਨੰਗਲਸ਼ਾਮਾ ਪਿੰਡ ਵਿਚ ਵੀ ਨਿਗਮ ਦੀਆਂ ਕਈ ਦੁਕਾਨਾਂ ਖਾਲੀ ਪਈਆਂ ਹੋਈਆਂ ਹਨ। ਇਸ ਤੋਂ ਇਲਾਵਾ ਨਿਗਮ ਦੀਆਂ ਹੋਰ ਜਾਇਦਾਦਾਂ ਵੱਲ ਵੀ ਅਜੇ ਤੱਕ ਕਿਸੇ ਕਮਿਸ਼ਨਰ ਨੇ ਧਿਆਨ ਨਹੀਂ ਦਿੱਤਾ ਸੀ ਪਰ ਹੁਣ ਨਵੀਂ ਕਮਿਸ਼ਨਰ ਨੇ ਉਨ੍ਹਾਂ ਜਾਇਦਾਦਾਂ ਨਾਲ ਸਬੰਧਤ ਤਹਿਬਾਜ਼ਾਰੀ ਦੀਆਂ ਫਾਈਲਾਂ ਨੂੰ ਆਪਣੇ ਕੋਲ ਮੰਗਵਾ ਲਿਆ ਹੈ। ਆਉਣ ਵਾਲੇ ਦਿਨਾਂ ਵਿਚ ਇਸ ਲਾਪ੍ਰਵਾਹੀ ਵਿਰੁੱਧ ਵੀ ਐਕਸ਼ਨ ਲਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਬਿਜਲੀ ਮਹਿਕਮੇ ਦੀ ਵੱਡੀ ਕਾਰਵਾਈ, 23 ਪੁਲਸ ਮੁਲਾਜ਼ਮਾਂ ਦੇ ਘਰਾਂ 'ਚ ਲੱਗੀ 'ਕੁੰਡੀ' ਫੜੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News